ਕਰਨਾਟਕ ਪੁਲਿਸ ਨੇ ਕੋਬਰਾ ਕਮਾਂਡੋ ਨਾਲ ਕੀਤੀ ਕੁੱਟਮਾਰ, ਜਲੀਲ ਕੀਤਾ, ਹੱਥਕੜੀ ਅਤੇ ਜੰਜ਼ੀਰਾਂ ਵਿੱਚ ਫੜਿਆ

269
ਕੋਬਰਾ ਕਮਾਂਡੋ ਸਚਿਨ ਸਾਵੰਤ

ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ- CRPF) ਦੀ ਕੋਬਰਾ ਬਟਾਲੀਅਨ (CoBRA – Commando Battalions for Resolute Action) ਦੇ ਕਮਾਂਡੋ ਨੂੰ ਸਰੇਆਮ ਜ਼ਲੀਲ ਕਰਨ, ਬੇਰਹਿਮੀ ਨਾਲ ਡੰਡੇ ਨਾਲ ਮਾਰਨ ਅਤੇ ਫਿਰ ਥਾਣੇ ਵਿੱਚ ਹੱਥਕੜੀ ਅਤੇ ਜੰਜ਼ੀਰ ਨਾਲ ਬੰਨ੍ਹ ਕੇ ਰੱਖਣ ਦਾ ਕਰਨਾਟਕ ਰਾਜ ਵਿੱਚ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਇਹ ਕੇਸ ਸਥਾਨਕ ਪੁਲਿਸ ਦੇ ਕੰਮ ਕਰਨ ਦੇ ਢੰਗ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਸਚਿਨ ਸਾਵੰਤ ਨਾਮ ਦਾ ਇਹ ਕਮਾਂਡੋ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਹੈ। ਸੀਆਰਪੀਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਾਰੇ ਮਾਮਲੇ ਸਬੰਧੀ ਕਰਨਾਟਕ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਇੱਕ ਪੱਤਰ ਵੀ ਲਿਖਿਆ ਹੈ।

ਮਾਮਲੇ ਦੀ ਸ਼ੁਰੂਆਤ:

ਘਟਨਾ ਕਰਨਾਟਕ ਦੇ ਬੇਲਗਾਵੀ ਜ਼ਿਲੇ ਦੇ ਚਿੱਕੋੜੀ ਤਾਲੁਕਾ ਦੇ ਯਕਸੰਬਾ ਪਿੰਡ ਦੀ ਹੈ, ਜਿੱਥੇ ਸਚਿਨ ਸਾਵੰਤ ਆਪਣੇ ਘਰ ਛੁੱਟੀਆਂ ਮਨਾਉਣ ਆਇਆ ਹੋਇਆ ਸੀ। ਉਸ ਦੀਆਂ ਛੁੱਟੀਆਂ 11 ਅਪ੍ਰੈਲ ਨੂੰ ਖ਼ਤਮ ਹੋ ਗਈਆਂ ਸਨ, ਪਰ ਲੌਕਡਾਊਨ ਕਾਰਨ ਜਨਤਕ ਵਾਹਨਾਂ ਅਤੇ ਗੱਡੀਆਂ ਦੀ ਆਵਾਜਾਈ ਰੁੱਕ ਗਈ ਸੀ, ਉਸ ਦੀਆਂ ਛੁੱਟੀਆਂ ਵੀ ਵੱਧ ਗਈਆਂ ਸਨ। ਇਹ ਘਟਨਾ 23 ਅਪ੍ਰੈਲ ਦੀ ਹੈ, ਜਦ ਕੋਬਰਾ ਕਮਾਂਡੋ ਸਚਿਨ ਆਪਣੇ ਘਰ ਦੇ ਬਾਹਰ ਆਪਣੀ ਮੋਟਰਸਾਈਕਲ ਸਾਫ ਕਰ ਰਿਹਾ ਸੀ। ਉਦੋਂ ਹੀ ਉੱਥੋ ਲੰਘ ਰਹੇ ਦੋ ਪੁਲਿਸ ਮੁਲਾਜ਼ਮ ਉੱਥੇ ਆ ਕੇ ਰੁਕੇ। ਕਰਨਾਟਕ ਪੁਲਿਸ ਦੇ ਇਨ੍ਹਾਂ ਦੋ ਮੁਲਾਜ਼ਮਾਂ ਨੇ ਸਚਿਨ ਦੇ ਗਲੀ ਵਿੱਚ ਖੜੇ ਹੋਣ ‘ਤੇ ਵੀ ਇਤਰਾਜ਼ ਜਤਾਇਆ। ਕਮਾਂਡੋ ਸਚਿਨ ਨੇ ਉਨ੍ਹਾਂ ਨੂੰ ਆਪਣੀ ਪਛਾਣ ਦੱਸਦਿਆਂ ਕਿਹਾ ਕਿ ਉਹ ਬੱਸ ਉਥੇ ਖੜੇ ਹੋ ਕੇ ਮੋਟਰਸਾਈਕਲ ਦੀ ਸਫਾਈ ਕਰ ਰਿਹਾ ਹੈ ਅਤੇ ਕਿਧਰੇ ਨਹੀਂ ਜਾ ਰਿਹਾ। ਜਦੋਂ ਪੁਲਿਸ ਮੁਲਾਜ਼ਮਾਂ ਨੇ ਆਪਣੀ ਗੱਲ ‘ਤੇ ਜ਼ੋਰ ਦਿੱਤਾ ਤਾਂ ਦੋਵੇਂ ਧਿਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਸਚਿਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਸਥਿਤੀ ਤੋਂ ਵੀ ਜਾਣੂ ਹੈ ਕਿਉਂਕਿ ਉਹ ਖ਼ੁਦ ਪੁਲਿਸ ਫੋਰਸ ਦਾ ਮੈਂਬਰ ਹੈ। ਉਹ ਕਿਤੇ ਨਹੀਂ ਜਾ ਰਿਹਾ, ਘਰ ਦੇ ਬਾਹਰ ਖੜਾ ਹੈ, ਇਸ ਲਈ ਮਾਸਕ ਲਗਾਉਣ ਦੀ ਜ਼ਰੂਰਤ ਨਹੀਂ ਹੈ।

ਕੋਬਰਾ ਕਮਾਂਡੋ ਸਚਿਨ ਸਾਵੰਤ

ਇੰਝ ਸ਼ੁਰੂ ਹੋਈ ਕੁੱਟਮਾਰ:

ਤੂ-ਤੂ, ਮੈਂ-ਮੈਂ ਅਚਾਨਕ ਹੱਥਾਪਾਈ ਵਿੱਚ ਬਦਲ ਗਈ। ਉਸੇ ਸਮੇਂ ਗਲੀ ਵਿਚ ਖੜ੍ਹੇ ਕਿਸੇ ਵਿਅਕਤੀ ਨੇ ਆਪਣੇ ਮੋਬਾਈਲ ਫੋਨ ‘ਤੇ ਇਸ ਘਟਨਾ ਦੀ ਵੀਡੀਓ ਰਿਕਾਰਡ ਕੀਤੀ, ਜੋ ਵਾਇਰਲ ਵੀ ਹੋ ਗਈ। ਇਸ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤਕ ਪੁਲਿਸ ਮੁਲਾਜ਼ਮ ਕਮਾਂਡੋ ਸਚਿਨ ਨਾਲ ਅਜਿਹਾ ਵਿਵਹਾਰ ਕਰਦੇ ਦਿਖਾਈ ਦਿੰਦੇ ਹਨ ਜਿਵੇਂ ਉਹ ਕੋਈ ਗੁੰਡਾ ਹੋਵੇ। ਇੱਕ ਪੁਲਿਸ ਮੁਲਾਜ਼ਮ ਨੇ ਕਮਰ ਤੋਂ ਉਸਦੀ ਸ਼ਰਟ-ਪੈਂਟ ਨੂੰ ਫੜਿਆ ਹੋਇਆ ਹੈ ਅਤੇ ਉਸਦੇ ਇੱਕ ਹੱਥ ਵਿੱਚ ਡੰਡਾ ਵੀ ਹੈ। ਦੂਜੇ ਪੁਲਿਸ ਮੁਲਾਜ਼ਮ ਨਾਲ ਝਗੜਾ ਸ਼ੁਰੂ ਹੁੰਦਿਆਂ ਵੀ ਸਾਹਮਣੇ ਖੜ੍ਹੀ ਇੱਕ ਔਰਤ ਬਚਾਅ ਲਈ ਆਉਂਦੀ ਹੈ, ਹਾਲਾਂਕਿ ਇਸ ਸਮੇਂ ਦੌਰਾਨ, ਗਲੀ ਵਿੱਚ ਆਮ ਆਵਾਜਾਈ ਹੁੰਦੀ ਰਹਿੰਦੀ ਹੈ। ਸਚਿਨ ਔਰਤ ਨੂੰ ਦੂਰ ਰਹਿਣ ਲਈ ਪਰੇ ਕਰਦਾ ਹੈ। ਇਸ ਦੌਰਾਨ ਜਿਵੇਂ ਹੀ ਔਰਤ ਪਿੱਛੇ ਹੁੰਦੀ ਹੈ, ਸਚਿਨ ਨੂੰ ਪਿੱਛੇ ਤੋਂ ਫੜਨ ਵਾਲਾ ਪੁਲਿਸ ਮੁਲਾਜ਼ਮ ਉਸਨੂੰ ਡੰਡੇ ਨਾਲ ਬੁਰੀ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੰਦਾ ਹੈ। ਫਿਰ ਔਰਤ ਬਚਾਅ ਲਈ ਉਨ੍ਹਾਂ ਵਿਚਾਲੇ ਆਉਂਦੀ ਹੈ। ਉਹ ਸਿਪਾਹੀ ਤੋਂ ਡੰਡਾ ਫੜਦੀ ਹੈ ਅਤੇ ਇਸ ਧੱਕਾ-ਮੁੱਕੀ ਵਿੱਚ ਹੋਰ ਵੀ ਲੋਕ ਸ਼ਾਮਲ ਹੋ ਜਾਂਦੇ ਹਨ। ਸਚਿਨ ਅਤੇ ਪੁਲਿਸ ਵਾਲੇ ਮੋਟਰਸਾਈਕਲ ਸਮੇਤ ਡਿੱਗ ਪੈਂਦੇ ਹਨ। ਇਸ ਦੌਰਾਨ ਸਚਿਨ ‘ਤੇ ਘਸੁੰਨ ਵਰਸਾਏ ਜਾਂਦੇ ਹਨ।

ਪੁਲਿਸ ਦੀ ਕਾਰਵਾਈ:

ਹਮਲੇ ਤੋਂ ਬਾਅਦ ਕਰਨਾਟਕ ਪੁਲਿਸ ਦੇ ਜਵਾਨ ਸਚਿਨ ਨੂੰ ਜਨਤਕ ਤੌਰ ‘ਤੇ ਥਾਣੇ ਲੈ ਗਏ। ਉਸਦੇ ਖਿਲਾਫ ਸਰਕਾਰੀ ਕਰਮਚਾਰੀ ਦੇ ਕੰਮ ਵਿੱਚ ਰੁਕਾਵਟ ਪਾਉਣ, ਕੁੱਟਮਾਰ ਆਦਿ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਉੱਥੇ ਉਸ ਨੂੰ ਹੱਥਕੜੀਆਂ ਅਤੇ ਜੰਜ਼ੀਰਾਂ ਵਿੱਚ ਬੰਨ੍ਹਿਆ ਹੋਇਆ ਸੀ ਜਿਵੇਂ ਕੋਈ ਖਤਰਨਾਕ ਅਪਰਾਧੀ ਹੋਵੇ। ਇਸ ਤੋਂ ਬਾਅਦ ਅਗਲੇ ਹੀ ਦਿਨ ਸਚਿਨ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਕਮਾਂਡੋ ਸਚਿਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਕੋਬਰਾ ਕਮਾਂਡੋ ਸਚਿਨ ਸਾਵੰਤ

ਕਿਸਦੀ ਗਲਤੀ:

ਕਰਨਾਟਕ ਪੁਲਿਸ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਝਗੜਾ ਸਚਿਨ ਅਤੇ ਪੁਲਿਸ ਵਾਲਿਆਂ ਵਿਚਾਲੇ ‘ਰਾਜ ਪੁਲਿਸ ਅਤੇ ਕੇਂਦਰੀ ਪੁਲਿਸ’ ਨੂੰ ਲੈ ਕੇ ਬਹਿਸ ਤੋਂ ਸ਼ੁਰੂ ਹੋਇਆ ਸੀ। ਉਂਝ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸਚਿਨ ਉਸ ਸਮੇਂ ਮਾੜੇ ਮੂਡ ਵਿੱਚ ਸੀ ਜਦੋਂ ਉਹ ਘਰ ਵਿੱਚ ਕਿਸੇ ਚੀਜ਼ ਨੂੰ ਲੈ ਕੇ ਚਿੰਤਤ ਸੀ। ਇਸ ਦੌਰਾਨ ਪੁਲਿਸ ਵਾਲੇ ਵੀ ਆਏ ਅਤੇ ਉਸ ਨਾਲ ਆਕੜ ਨਾਲ ਜਾਂ ਬਦਤਮੀਜੀ ਨਾਲ ਗੱਲ ਕਰ ਰਹੇ ਸਨ।
ਸੀਆਰਪੀਐੱਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਨਾਟਕ ਦੀ ਪੁਲਿਸ ਦੀ ਇਸ ਮਾਮਲੇ ਵਿੱਚ ਇੱਕ ਗੰਭੀਰ ਗ਼ਲਤੀ ਜਾਪਦੀ ਹੈ, ਪਰ ਸਹੀ ਪਤਾ ਤਾਂ ਜਾਂਚ ਤੋਂ ਬਾਅਦ ਅਤੇ ਸਚਿਨ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗੇਗਾ। ਸਚਿਨ ਨਾਲ ਗੱਲ ਨਾ ਹੋ ਸਕੀ, ਕਿਉਂਕਿ ਉਸਨੂੰ ਜੇਲ ਭੇਜ ਦਿੱਤਾ ਗਿਆ ਹੈ। ਜਿਸ ਸਮੇਂ ਕਮਾਂਡੋ ਸਚਿਨ ਨੂੰ ਗ੍ਰਿਫਤਾਰ ਕੀਤਾ ਗਿਆ, ਨਾ ਤਾਂ ਸਚਿਨ ਦੇ ਪਰਿਵਾਰ ਅਤੇ ਨਾ ਹੀ ਸਥਾਨਕ ਪੁਲਿਸ ਨੇ ਸੀਆਰਪੀਐੱਫ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜੇਕਰ ਸਮੇਂ ਸਿਰ ਪਤਾ ਲੱਗ ਜਾਂਦਾ ਤਾਂ ਕੇਸ ਦਾ ਨਿਪਟਾਰਾ ਹੋ ਜਾਣਾ ਸੀ।

ਸੀਆਰਪੀਐੱਫ ਨੇ ਕਿਹਾ:

ਰਕਸ਼ਕ ਨਿਊਜ਼ ਨਾਲ ਗੱਲ ਕਰਦਿਆਂ ਸੀਆਰਪੀਐੱਫ ਦੇ ਬੁਲਾਰੇ ਅਤੇ ਡੀਆਈਜੀ ਐੱਮ ਦੀਨਾਕਰਨ ਨੇ ਕਿਹਾ ਕਿ ਅਸੀਂ ਮੰਗਲਵਾਰ ਨੂੰ ਕਰਨਾਟਕ ਰਾਜ ਦੇ ਪੁਲਿਸ ਮੁਖੀ ਨੂੰ ਇਹ ਮਾਮਲਾ ਸੌਂਪ ਦਿੱਤਾ ਹੈ, ਸਚਿਨ ਸਾਵੰਤ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਵੇਗੀ ਅਤੇ ਅਸੀਂ ਸਚਿਨ ਸਾਵੰਤ ਨੂੰ ਜ਼ਮਾਨਤ ‘ਤੇ ਰਿਹਾਅ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਬਾਅਦ ਇਸ ਮਾਮਲੇ ਦੀ ਇੱਕ ਤਰਕਸੰਗਤ ਸਿੱਟੇ ‘ਤੇ ਪਹੁੰਚਣ ਲਈ ਜਾਂਚ ਕੀਤੀ ਜਾਏਗੀ। ਪਰ ਸ੍ਰੀ ਦੀਨਾਕਰਨ ਨੇ ਇਹ ਸਵਾਲ ਵੀ ਉਠਾਇਆ ਕਿ ਸਚਿਨ ਸਾਵੰਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਥਾਨਕ ਅਧਿਕਾਰੀਆਂ ਨੂੰ ਸੀਆਰਪੀਐੱਫ ਨੂੰ ਇਸ ਗ੍ਰਿਫਤਾਰੀ ਬਾਰੇ 24 ਘੰਟਿਆਂ ਵਿੱਚ ਸੂਚਿਤ ਕਰ ਦੇਣਾ ਚਾਹੀਦਾ ਸੀ। ਵੈਸੇ ਵੀ, ਆਪਣੀ ਜਾਂਚ ਦੌਰਾਨ ਉਸ ਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਸੀ ਤਾਂ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਸਚਿਨ ਦੀ ਸੀਆਰਪੀਐੱਫ ਦੇ ਕਮਾਂਡੋ ਵਜੋਂ ਪੁਲਿਸ ਨਾਲ ਜਾਣ-ਪਛਾਣ ਸਹੀ ਹੈ ਜਾਂ ਨਹੀਂ!

ਕੌਣ ਹੁੰਦੇ ਹਨ ਕੋਬਰਾ ਕਮਾਂਡੋ:

ਸੀਆਰਪੀਐੱਫ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਬੇਹੱਦ ਖਤਰਨਾਕ ਸਿਖਲਾਈ ਦੇਣ ਤੋਂ ਬਾਅਦ ਕੋਬਰਾ ਕਮਾਂਡੋ ਬਣਾਇਆ ਜਾਂਦਾ ਹੈ। ਉਹ ਸੀਆਰਪੀਐੱਫ ਦੀ ਕੋਬਰਾ ਬਟਾਲੀਅਨ ਦੇ ਮੈਂਬਰ ਹਨ ਜੋ ਜੰਗਲ ਦੀਆਂ ਸਥਿਤੀਆਂ ਵਿੱਚ ਲੜਨ ਲਈ ਸਿੱਖਿਅਤ ਹਨ। ਉਹ ਕਿਸੇ ਵੀ ਸਥਿਤੀ ਵਿੱਚ ਗੁਰੀਲਾ ਜੰਗ ਦੇ ਸਮਰੱਥ ਹਨ। ਸਾਲ 2008 ਵਿੱਚ ਨਕਸਾਲੀਆਂ ਨਾਲ ਨਜਿੱਠਣ ਲਈ ਕੋਬਰਾ ਬਟਾਲੀਅਨ ਦਾ ਵਿਸ਼ੇਸ਼ ਤੌਰ ‘ਤੇ ਗਠਨ ਕੀਤਾ ਗਿਆ ਸੀ। ਇਹ ਕਮਾਂਡੋ ਘੁਸਪੈਠ ਵਿਰੁੱਧ ਕਾਰਵਾਈ ਕਰਨ ਵਿੱਚ ਵੀ ਮਾਹਿਰ ਹੁੰਦੇ ਹਨ।