ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ। ਇਨ੍ਹਾਂ ਅਧਿਕਾਰੀਆਂ ਵਿੱਚ 31 ਆਈ.ਪੀ.ਐੱਸ. ਅਤੇ 82 ਪੀ.ਪੀ.ਐੱਸ. ਅਧਿਕਾਰੀ ਨੇ। ਚਾਰ ਨਵੇਂ ਇੰਸਪੈਕਟਰ ਜਨਰਲ (ਆਈ.ਜੀ.) ਵੀ ਪਟਿਆਲਾ, ਰੋਪੜ, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਤੈਨਾਤ ਕੀਤੇ ਗਏ ਨੇ। ਇਸ ਦੇ ਨਾਲ ਹੀ ਲੁਧਿਆਨਾ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਬਦਲੇ ਗਏ ਨੇ। ਉੱਥੇ ਹੀ ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਦੀ ਅਦਲਾ-ਬਦਲੀ ਕੀਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਇੰਚਾਰਜ ਆਈ.ਜੀ. ਰਾਕੇਸ਼ ਅੱਗਰਵਾਲ ਨੂੰ ਡਾ. ਸੁਖਚੈਨ ਸਿੰਘ ਗਿੱਲ ਦੀ ਥਾਂ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਸੁਖਚੈਨ ਸਿੰਘ ਗਿੱਲ ਹੁਣ ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ। ਉੱਥੇ ਹੀ ਮੁੱਖ ਮੰਤਰੀ ਦੇ ਜੱਦੀ ਖੇਤਰ ਪਟਿਆਲਾ ਰੇਂਜ ਦੇ ਇੰਚਾਰਜ ਵੱਜੋਂ ਜਤਿੰਦਰ ਸਿੰਘ ਔਲਖ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਇੱਥੋਂ ਹਟਾਏ ਗਏ ਆਈ.ਜੀ. ਏ.ਐੱਸ.ਰਾਏ ਨੂੰ ਪੁਲਿਸ ਹੈਡ ਕੁਆਰਟਰ ਚੰਡੀਗੜ ਤਬਦੀਲ ਕੀਤਾ ਗਿਆ ਹੈ। ਏ.ਐੱਸ.ਰਾਏ ਹੈਡਕੁਆਰਟਰ ਦੇ ਨਾਲ ਨਾਲ ਵਿਜੀਲੈਂਸ ਬਿਊਰੋ ਦਾ ਵੀ ਵਧੀਕ ਚਾਰਜ ਸਾਂਭਣਗੇ। ਰਾਏ ਦਾ ਪਟਿਆਲਾ ਵਿੱਚ ਲੰਮੇ ਸਮਾਂ ਦਾ ਕਾਰਜਕਾਲ ਰਿਹਾ ਹੈ।
ਫਿਰੋਜ਼ਪੁਰ ਰੇਂਜ ਵਿੱਚ ਐੱਮ.ਐੱਸ.ਛੀਨਾ ਦੀ ਥਾਂ ਬੀ ਚੰਦਰਸ਼ੇਖਰ ਨੂੰ ਆਈ.ਜੀ. ਨਿਯੁਕਤ ਕੀਤਾ ਗਿਆ ਹੈ ਉੱਥੇ ਹੀ ਅਰੁਣ ਕੁਮਾਰ ਮਿੱਤਲ ਨੂੰ ਐੱਮ.ਐੱਫ. ਫਾਰੂਕੀ ਦੀ ਥਾਂ ਬਠਿੰਡਾ ਰੇਂਜ ਦਾ ਆਈ.ਜੀ. ਬਣਾਇਆ ਗਿਆ ਹੈ। ਐੱਮ.ਐੱਫ. ਫਾਰੂਕੀ ਨੂੰ ਪੰਜਾਬ ਹਥਿਆਰਬੰਦ ਪੁਲਿਸ-2 (ਪੀ.ਏ.ਪੀ.) ਜਲੰਧਰ ਭੇਜਿਆ ਗਿਆ ਹੈ। ਰੋਪੜ ਰੇਂਜ ਤੋਂ ਵੀ. ਨੀਰਜਾ ਨੂੰ ਹਟਾਕੇ ਉੱਥੇ ਦਾ ਵਾਧੂ ਚਾਰਜ ਕਾਊਂਟਰ ਇੰਟੈਲੀਜੈਂਸ ਦੇ ਆਈ.ਜੀ. ਅਮਿਤ ਪ੍ਰਸਾਦ ਨੂੰ ਦਿੱਤਾ ਗਿਆ ਹੈ। ਜਦੋਂ ਕਿ ਵੀ. ਨੀਰਜਾ ਨੂੰ ਕਮਿਉਨਿਟੀ ਪੁਲਿਸਿੰਗ ਅਤੇ ਔਰਤਾਂ ਦੇ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ ਹੈ .
ਦੂਜੇ ਪਾਸੇ ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਰਾਜ ਬਚਨ ਸਿੰਘ ਨੂੰ ਮੁਕਤਸਰ ਜਿਲ੍ਹੇ ਦਾ ਐੱਸ.ਐੱਸ.ਪੀ. ਬਣਾਇਆ ਗਿਆ ਹੈ ਅਤੇ ਉੱਥੋਂ ਹਟਾਕੇ ਮਨਜੀਤ ਸਿੰਘ ਨੂੰ ਫਰੀਦਕੋਟ ਦਾ ਨਵਾਂ ਐੱਸ.ਐੱਸ.ਪੀ. ਨਿਯੁਕਤ ਕੀਤਾ ਗਿਆ ਹੈ।
ਦੋ ਪੁਲਿਸ ਆਈ.ਜੀ. ਬੀ ਕੇ ਬਾਵਾ ਅਤੇ ਜਸਮਿੰਦਰ ਸਿੰਘ ਦੇ ਰਿਟਾਇਰ ਹੋਣ ਨਾਲ ਖਾਲੀ ਹੋਏ ਅਹੁਦਿਆਂ ‘ਚੋਂ ਹੋਮਗਾਰਡ ਦੇ ਡੀ.ਜੀ.ਪੀ. ਦਾ ਅਹੁਦਾ ਇੰਦਰਪ੍ਰੀਤ ਸਿੰਘ ਸਹੋਤਾ ਨੂੰ ਅਤੇ ਵਧੀਕ ਪੁਲਿਸ ਆਈ.ਜੀ. (ਏ.ਡੀ.ਜੀ.ਪੀ.) ਰੇਲਵੇ ਦਾ ਅਹੁਦਾ ਸੰਜੀਵ ਕਾਲੜਾ ਨੂੰ ਦਿੱਤਾ ਗਿਆ ਹੈ।