ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ ਭਾਰਤ ਦੇ ਨਵੇਂ ਫੌਜ ਮੁਖੀ ਹੋਣਗੇ। 59 ਸਾਲਾ ਨਰਵਾਨੇ ਮੌਜੂਦਾ ਫੌਜ ਮੁਖੀ ਜਨਰਲ ਬਿਪਿਨ ਰਾਵਤ ਦੀ ਥਾਂ ਲੈਣਗੇ, ਜੋ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਆਮ ਤੌਰ ‘ਤੇ ਨਰਵਾਨੇ ਅਪ੍ਰੈਲ 2022 ਤੱਕ ਭਾਰਤੀ ਫੌਜ ਦਾ ਅਹੁਦਾ ਸੰਭਾਲਣਗੇ। ਨਰਵਾਨੇ ਇਸ ਸਮੇਂ 1.3 ਮਿਲੀਅਨ ਸਿਪਾਹੀਆਂ ਵਾਲੀ ਫੌਜ ਦੇ ਡਿਪਟੀ ਚੀਫ਼ ਹਨ। ਭਾਰਤ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਨਿਯੁਕਤੀ ਸਬੰਧੀ ਮਾਮਲਿਆਂ ਦੀ ਕਮੇਟੀ ਨੇ ਲੈਫਟੀਨੈਂਟ ਜਨਰਲ ਨਰਵਾਨੇ ਦੇ ਨਾਮ ਨੂੰ ਅਗਲਾ ਆਰਮੀ ਚੀਫ਼ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਪਹਿਲੇ ਚੀਫ ਆਫ਼ ਡਿਫੈਂਸ ਸਟਾਫ ਦੇ ਨਾਂਅ ਦੇ ਐਲਾਨ ਦੇ ਨਾਲ ਹੀ ਲੈਫਟੀਨੈਂਟ ਜਨਰਲ ਨਰਵਾਨੇ ਦਾ ਨਾਮ ਵੀ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਜਾਵੇਗਾ। ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ, ਜੋ ਅੱਤਵਾਦ ਵਿਰੋਧੀ ਅਤੇ ਘੁਸਪੈਠ ਦੇ ਕੰਮਾਂ ਵਿੱਚ ਮਾਹਿਰ ਮੰਨੇ ਜਾਂਦੇ ਹਨ, ਨੂੰ ਅਗਸਤ ਵਿੱਚ ਭਾਰਤ ਦਾ ਉਪ ਮੁੱਖੀ ਬਣਾਇਆ ਗਿਆ ਸੀ।
ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਰਾਸ਼ਟਰੀ ਲੋਕਰਾਜੀ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਅਧਿਕਾਰੀ ਦੀ ਫੌਜ ਮੁਖੀ ਵਜੋਂ ਨਿਯੁਕਤੀ ਯੋਗਤਾ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ ਅਤੇ ਇਹ ਵਿਵਾਦ ਤੋਂ ਬਾਹਰ ਹੈ। ਇਸ ਤੋਂ ਪਹਿਲਾਂ ਬਿਪਿਨ ਰਾਵਤ ਨੂੰ ਫੌਜ ਮੁਖੀ ਨਿਯੁਕਤ ਕਰਨ ਸਮੇਂ ਦੋ ਅਧਿਕਾਰੀਆਂ ਦੀ ਸੀਨੀਅਰਤਾ ਨੂੰ ਤਰਜੀਹ ਨਾ ਦੇ ਕੇ ਨਜ਼ਰ ਅੰਦਾਜ਼ ਕੀਤਾ ਗਿਆ ਸੀ। ਮੌਜੂਦਾ ਸਮੁੰਦਰੀ ਫੌਜ ਮੁਖੀ ਐਡਮਿਰਲ ਕਰਮਬੀਰ ਸਿੰਘ ਦੀ ਨਿਯੁਕਤੀ ਸਮੇਂ ਇਹ ਵਿਵਾਦ ਅਦਾਲਤ ਤੱਕ ਵੀ ਪਹੁੰਚ ਗਿਆ ਸੀ।
ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ, ਦੂਜੇ ਦੋ ਫੌਜ ਮੁਖੀਆਂ ਦੀ ਤਰ੍ਹਾਂ, ਨੈਸ਼ਨਲ ਡਿਫੈਂਸ ਅਕੈਡਮੀ (ਨੈਸ਼ਨਲ ਡਿਫੈਂਸ ਅਕੈਡਮੀ-ਐੱਨਡੀਏ) ਦੇ 56ਵੇਂ ਕੋਰਸ ਤੋਂ ਹਨ। ਲੈਫਟੀਨੈਂਟ ਜਨਰਲ ਨਰਵਾਨੇ ਫੌਜ ਦਾ ਉਪ-ਮੁਖੀ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਕੋਲਕਾਤਾ ਵਿੱਚ ਸਥਿਤ ਫੌਜ ਦੀ ਪੂਰਬੀ ਕਮਾਂਡ ਸੰਭਾਲ ਰਹੇ ਸਨ। ਜੰਮੂ-ਕਸ਼ਮੀਰ ਦੇ ਨਾਲ-ਨਾਲ ਉਨ੍ਹਾਂ ਕੋਲ ਉੱਤਰ-ਪੂਰਬ ਦੀ ਸਥਿਤੀ ਦਾ ਵੀ ਕਾਫ਼ੀ ਤਜਰਬਾ ਹੈ ਅਤੇ ਉਹ ਮਿਆਂਮਾਰ ਵਿੱਚ ਵੀ ਭਾਰਤ ਦੇ ਮਿਲੀਟਰੀ ਅਟੈਚੀ ਰਹੇ ਹਨ। ਜਿਥੇ ਇੱਕ ਪਾਸੇ ਉਨ੍ਹਾਂ ਨੇ ਅਸਾਮ ਵਿੱਚ ਇੱਕ ਬ੍ਰਿਗੇਡ ਕਮਾਂਡ ਕੀਤੀ ਹੈ, ਉੱਥੇ ਹੀ ਉਹ ਅਸਾਮ ਰਾਈਫਲਜ਼ ਦੇ ਇੰਸਪੈਕਟਰ ਜਨਰਲ (ਆਈਜੀ) ਵੀ ਰਹਿ ਚੁੱਕੇ ਹਨ।
ਨਵੇਂ ਫੌਜ ਮੁਖੀ ਦੇ ਬਾਰੇ ਵਿੱਚ
- ਲੈਫਟੀਨੈਂਟ ਜਨਰਲ ਨਰਵਾਨੇ ਜੂਨ 1980 ਵਿੱਚ ਸੱਤਵੀਂ ਸਿੱਖ ਲਾਈਟ ਇਨਫੈਂਟਰੀ ਵਿੱਚ ਨਿਯੁਕਤ ਕੀਤੇ ਗਏ ਸਨ।
- ਆਪਣੀ 37 ਸਾਲਾਂ ਦੀ ਸੇਵਾ ਵਿੱਚ, ਉਹ ਕਈ ਕਮਾਨਾਂ ਵਿੱਚ ਕੰਮ ਕਰ ਚੁੱਕੇ ਹਨ।
- ਉਨ੍ਹਾਂ ਕੋਲ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਦਾ ਲੰਮਾ ਤਜਰਬਾ ਹੈ।
- ਜੰਮੂ ਕਸ਼ਮੀਰ ਵਿੱਚ ਆਪਣੀ ਬਟਾਲੀਅਨ ਦੇ ਸਫਲ ਸੰਚਾਲਨ ਲਈ ਉਨ੍ਹਾਂ ਨੂੰ ਆਰਮੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
- ਉਨ੍ਹਾਂ ਨੇ ਸ਼੍ਰੀਲੰਕਾ ਵਿੱਚ ਸ਼ਾਂਤੀ ਰਕਸ਼ਕ ਬਲ ਵਿੱਚ ਕੰਮ ਕੀਤਾ ਹੈ।
- ਨਰਵਾਨੇ ਦਾ ਵਿਆਹ ਵੀਨਾ ਨਰਵਾਨੇ ਨਾਲ ਹੋਇਆ, ਜੋ ਇਕ ਅਧਿਆਪਕ ਹਨ। ਉਨ੍ਹਾਂ ਦੀਆਂ ਦੋ ਧੀਆਂ ਹਨ।