ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਨੇ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ.ਐੱਫ.ਐੱਮ.ਐੱਸ. – ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼) ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਨੇ ਪੁਣੇ ਦੇ ਵੱਕਾਰੀ ਆਰਮਡ ਫੋਰਸਿਜ਼ ਮੈਡੀਕਲ ਕਾਲਜ ਵਿੱਚ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਏ.ਐੱਫ.ਐੱਮ.ਐੱਸ. ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਹੈ। ਲੈਫਟੀਨੈਂਟ ਜਨਰਲ ਅਨੂਪ ਬੈਨਰਜੀ, ਇੱਕ ਉੱਘੇ ਕਾਰਡੀਓਲੋਜਿਸਟ ਅਤੇ ਪ੍ਰਸ਼ਾਸਕ ਹਨ ਅਤੇ ਉਨ੍ਹਾਂ ਕਈ ਹੋਰ ਅਹਿਮ ਅਹੁਦਿਆਂ ਵਿੱਚੋਂ ਐੱਮਐੱਚਸੀਟੀ, ਪੁਣੇ ਅਤੇ ਆਰਮੀ ਹਸਪਤਾਲ ਦੇ ਆਰ ਐਂਡ ਆਰ ਵਿਖੇ ਮੈਡੀਸਨ ਅਤੇ ਦਿਲ ਦੇ ਰੋਗ ਵਿਭਾਗ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਲੈਫਟੀਨੈਂਟ ਜਨਰਲ ਬਿਪਿਨ ਪੁਰੀ ਦੀ ਥਾਂ ਸੰਭਾਲੀ ਹੈ।
ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਨੂੰ 1986 ਵਿੱਚ ਉਨ੍ਹਾਂ ਦੀ ਉੱਤਮ ਸੇਵਾਵਾਂ ਲਈ ਆਰਮੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ 27 ਜਨਵਰੀ ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਆਨਰੇਰੀ ਸਰਜਨ ਬਣਾਇਆ ਗਿਆ ਸੀ। ਏਐੱਫਐੱਮਐੱਸ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਜਨਰਲ ਬੈਨਰਜੀ ਨੂੰ ਡੀਜੀਐੱਮਐੱਸ (ਆਰਮੀ) ਵਜੋਂ ਤਾਇਨਾਤ ਕੀਤਾ ਗਿਆ ਸੀ।
ਲੈਫਟੀਨੈਂਟ ਜਨਰਲ ਬੈਨਰਜੀ ਨੇ ਭਰੋਸਾ ਦਿੱਤਾ ਹੈ ਕਿ ਸਿਹਤ ਸੰਭਾਲ ਲਈ ਉਨ੍ਹਾਂ ਦੇ ਸੀਨੀਅਰਸ ਵੱਲੋਂ ਸਿਹਤ ਸੇਵਾ ਲਈ ਸ਼ੁਰੂ ਕੀਤੇ ਚੰਗੇ ਕੰਮ ਜਾਰੀ ਰਹਿਣਗੇ ਅਤੇ ਉਨ੍ਹਾਂ ਦਾ ਜੰਗੀ ਡਾਕਟਰੀ ਸਹਾਇਤਾ ‘ਤੇ ਵਧੇਰੇ ਜ਼ੋਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਲਈ ਬਣਾਈ ਗਈ ਐਕਸ ਸਰਵਿਸਮੈਨ ਕਾਉਂਟ੍ਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ਨੂੰ ਸਕਾਰਾਤਮਕ ਢੰਗ ਨਾਲ ਅੱਗੇ ਵਧਾਇਆ ਜਾਵੇਗਾ ਤਾਂ ਜੋ ਸੇਵਾਵਾਂ ਲੈਣ ਵਾਲਿਆਂ ਨੂੰ ਵੱਧ ਤੋਂ ਵੱਧ ਤਸੱਲੀ ਹੋ ਸਕੇ।