ਸੇਵਾਮੁਕਤੀ ਤੋਂ ਸਿਰਫ ਚਾਰ ਦਿਨ ਪਹਿਲਾਂ ਹੀ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਅਤੇ ਭਾਰਤੀ ਪੁਲਿਸ ਸੇਵਾ ਦੇ ਗੁਜਰਾਤ ਕੈਡਰ ਦੇ ਅਧਿਕਾਰੀ ਰਾਕੇਸ਼ ਅਸਥਾਨਾ ਨੂੰ ਦਿੱਲੀ ਪੁਲਿਸ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਜਾਂਚ ਬਿਓਰੋ ਦੇ ਵਿਸ਼ੇਸ਼ ਨਿਰਦੇਸ਼ਕ ਰਹੇ 1984 ਬੈਚ ਦੇ ਅਧਿਕਾਰੀ ਰਾਕੇਸ਼ ਅਸਥਾਨਾ ਨੂੰ ਨਵੀਂ ਜ਼ਿੰਮੇਵਾਰੀ ਦੇਣ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਅੱਜ ਸ਼ਾਮ ਅਚਾਨਕ ਮੀਡੀਆ ਨੂੰ ਦਿੱਤੀ ਗਈ। ਹਾਲਾਂਕਿ ਪਿਛਲੇ ਮਹੀਨੇ ਵੀ ਐੱਸ ਐੱਨ ਸ੍ਰੀਵਾਸਤਵ ਦੇ ਸੇਵਾਮੁਕਤ ਹੋਣ ਦੇ ਸਮੇਂ ਵੀ ਆਈਪੀਐੱਸ ਰਾਕੇਸ਼ ਅਸਥਾਨਾ ਨੂੰ ਦਿੱਲੀ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਜਾਣਾ ਦੀ ਗੱਲ ਚੱਲ ਰਹੀ ਸੀ, ਪਰ ਇਨ੍ਹਾਂ ਸੰਭਾਵਨਾਵਾਂ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਸ੍ਰੀ ਅਸਥਾਨਾ ਦੀ ਸੇਵਾਮੁਕਤੀ ਦੀ ਤਰੀਕ ਨੇੜੇ ਆ ਰਹੀ ਸੀ। 9 ਜੁਲਾਈ ਨੂੰ 60 ਸਾਲ ਦੀ ਉਮਰ ਪਾਰ ਕਰ ਚੁੱਕੇ ਰਾਕੇਸ਼ ਅਸਥਾਨਾ ਨੂੰ 31 ਜੁਲਾਈ ਨੂੰ ਸੇਵਾਮੁਕਤ ਹੋਣਾ ਸੀ ਪਰ ਉਨ੍ਹਾਂ ਦੇ ਸੇਵਾਕਾਲ ਵਿੱਚ ਦੋ ਸਾਲ ਦਾ ਵਾਧਾ ਦਿੱਤਾ ਗਿਆ ਹੈ।
ਦੇਸਵਾਲ ਨੂੰ ਕਮਾਂਨ:
ਦੂਜੇ ਪਾਸੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ- ITBP) ਦੇ ਡਾਇਰੈਕਟਰ ਜਨਰਲ ਐੱਸਐੱਸ ਦੇਸਵਾਲ ਨੂੰ ਰਾਕੇਸ਼ ਅਸਥਾਨਾ ਦੀ ਥਾਂ ‘ਤੇ ਸਰਹੱਦੀ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਲਈ ਕਿਹਾ ਗਿਆ ਹੈ। ਉਹ ਇਸ ਤੋਂ ਇਲਾਵਾ ਬੀਐੱਸਐੱਫ ਦੇ ਕੰਮ ਦੇ ਨਾਲ-ਨਾਲ ਆਈਟੀਬੀਪੀ ਦੇ ਮੁਖੀ ਦਾ ਕਾਰਜਭਾਰ ਵੀ ਦੇਖਣਗੇ, ਜਦੋਂ ਤਕ ਬੀਐੱਸਐੱਫ ਲਈ ਨਿਯਮਤ ਨਿਯੁਕਤੀ ਜਾਂ ਹੋਰ ਕੋਈ ਹੁਕਮ ਜਾਰੀ ਨਹੀਂ ਹੁੰਦਾ। ਐੱਸ ਐੱਸ ਦੇਸਵਾਲ ਭਾਰਤੀ ਪੁਲਿਸ ਸੇਵਾ ਦੇ ਹਰਿਆਣਾ ਕੈਡਰ ਦੇ 1984 ਬੈਚ ਦੇ ਅਧਿਕਾਰੀ ਹਨ।
ਦੋ ਸਾਲਾਂ ਦਾ ਕਾਰਜਕਾਲ:
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਵਿੱਚ ਆਈਪੀਐੱਸ ਰਾਕੇਸ਼ ਅਸਥਾਨਾ ਨੂੰ ਤੁਰੰਤ ਪ੍ਰਭਾਵ ਨਾਲ ਦਿੱਲੀ ਪੁਲਿਸ ਦੀ ਕਮਾਨ ਸੰਭਾਲਣ ਲਈ ਕਿਹਾ ਗਿਆ ਹੈ। ਉਹ 31 ਜੁਲਾਈ 2022 ਤੱਕ ਜਾਂ ਅਗਲੇ ਆਦੇਸ਼ਾਂ ਤੱਕ ਦਿੱਲੀ ਪੁਲਿਸ ਕਮਿਸ਼ਨਰ ਰਹਿਣਗੇ। ਇਸ ਸਮੇਂ ਬਾਲਾਜੀ ਸ਼੍ਰੀਵਾਸਤਵ ਦਿੱਲੀ ਪੁਲਿਸ ਦੇ ਕਾਰਜਕਾਰੀ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲ ਰਹੇ ਹਨ।
ਹੈਰਾਨਕੁੰਨ ਫੈਸਲਾ:
ਵਿਵਾਦਾਂ ਕਾਰਨ ਸੁਰਖੀਆਂ ਵਿੱਚ ਰਹੇ ਆਈਪੀਐੱਸ ਰਾਕੇਸ਼ ਅਸਥਾਨਾ ਦੀ ਨਿਯੁਕਤੀ ਅਫਸਰਸ਼ਾਹੀ ਲਈ ਵੀ ਹੈਰਾਨਕੁੰਨ ਖ਼ਬਰ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਾਰਨ ਏਜੀਐੱਮਯੂਟੀ ਕੈਡਰ ਦਾ ਸਿਰਫ ਇੱਕ ਅਧਿਕਾਰੀ ਹੀ ਦਿੱਲੀ ਵਿੱਚ ਪੁਲਿਸ ਕਮਿਸ਼ਨਰ ਬਣਾਇਆ ਜਾਂਦਾ ਹੈ। ਹਾਲਾਂਕਿ ਐੱਸਐੱਸ ਜੋਗ ਅਤੇ ਅਜੇ ਰਾਜ ਸ਼ਰਮਾ ਇਸਦੇ ਅਪਵਾਦ ਹਨ, ਜਿਨ੍ਹਾਂ ਨੂੰ ਦੂਜਾ ਕੈਡਰ ਹੋਣ ਦੇ ਬਾਵਜੂਦ ਦਿੱਲੀ ਪੁਲਿਸ ਕਮਿਸ਼ਨਰ ਬਣਾਇਆ ਗਿਆ ਸੀ। ਸ੍ਰੀ ਅਸਥਾਨਾ ਦੀ ਪੁਲਿਸ ਕਮਿਸ਼ਨਰ ਦੇ ਅਹੁਦੇ ‘ਤੇ ਨਿਯੁਕਤੀ ਨੂੰ ਲੋਕ ਹਿੱਤ ਵਿੱਚ ਇੱਕ ਵਿਸ਼ੇਸ਼ ਕੇਸ ਦੱਸਿਆ ਗਿਆ ਹੈ, ਜੋ ਮੰਤਰੀ ਮੰਡਲ ਦੀ ਨਿਯੁਕਤੀ ਮਾਮਲੇ ਕਮੇਟੀ ਦੀ ਮਨਜ਼ੂਰੀ ਨਾਲ ਕੀਤਾ ਗਿਆ ਸੀ।
ਵਿਵਾਦਾਂ ਵਿੱਚ ਅਸਥਾਨਾ:
ਕੇਂਦਰੀ ਜਾਂਚ ਬਿਓਰੋ ਦੇ ਤਤਕਾਲੀ ਮੁੱਖੀ ਅਤੇ ਨਿਰਦੇਸ਼ਕ ਅਲੋਕ ਵਰਮਾ ਅਤੇ ਰਾਕੇਸ਼ ਅਸਥਾਨਾ ਨੂੰ ਲੈ ਕੇ ਵਿਵਾਦ ਜਗ ਜਾਹਿਰ ਹੈ, ਜਿਸ ਨੇ ਦੇਸ਼ ਦੀ ਸਭ ਤੋਂ ਮਹੱਤਵਪੂਰਣ ਜਾਂਚ ਏਜੰਸੀ ਸੀਬੀਆਈ ਦੀ ਫਜਿਹਤ ਕਰਵਾਈ ਸੀ। ਅਲੋਕ ਵਰਮਾ ਨੇ ਅਸਥਾਨਾ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ। ਅਲੋਕ ਵਰਮਾ ਤੋਂ ਬਾਅਦ ਅਸਥਾਨਾ ਸੀਬੀਆਈ ਵਿੱਚ ਦੂਜੇ ਸਭ ਤੋਂ ਵੱਡੇ ਅਧਿਕਾਰੀ ਸੀ। ਅਸਥਾਨਾ ਨੂੰ 2018 ਵਿੱਚ ਸੀਬੀਆਈ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, 2019 ਵਿੱਚ ਰਾਕੇਸ਼ ਅਸਥਾਨਾ ਨੂੰ ਏਅਰਪੋਰਟ ਸਿਕਿਓਰਿਟੀ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਉਸ ‘ਤੇ ਮੀਟ ਵਪਾਰੀ ਬਰਾਮਦਕਾਰ ਮੋਇਨ ਕੁਰੈਸ਼ੀ ਨਾਲ ਜੁੜੇ ਮਾਮਲੇ ‘ਚ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ।