IPS ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਪੁਲਿਸ ਮੁਖੀ ਬਣਾਇਆ ਗਿਆ

138
ਆਈਪੀਐੱਸ ਰਾਜਵਿੰਦਰ ਸਿੰਘ
ਆਈਪੀਐਸ ਰਾਜਵਿੰਦਰ ਸਿੰਘ ਭੱਟੀ ਨੇ 20 ਦਸੰਬਰ ਨੂੰ ਬਿਹਾਰ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਸੀ।

ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਦਾ ਪੁਲਿਸ ਮੁਖੀ ਬਣਾਇਆ ਗਿਆ ਹੈ। ਆਈਪੀਐੱਸ ਰਾਜਵਿੰਦਰ ਸਿੰਘ, ਜੋ ਕਿ ਇੱਕ ਦਬੰਗ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ, ਇਸ ਸਮੇਂ ਕੇਂਦਰੀ ਡੈਪੂਟੇਸ਼ਨ ‘ਤੇ ਹਨ ਅਤੇ ਸੀਮਾ ਸੁਰੱਖਿਆ ਬਲ ਵਿੱਚ ਵਧੀਕ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਹਨ। ਉਹ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਹਨ।

ਵਧੀਕ ਮੁੱਖ ਸਕੱਤਰ ਚੈਤਨਯ ਪ੍ਰਸਾਦ ਵੱਲੋਂ ਐਤਵਾਰ ਨੂੰ ਇਸ ਸਬੰਧ ‘ਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਸੋਮਵਾਰ ਨੂੰ ਦਿੱਲੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਪਟਨਾ ਪਹੁੰਚਣ ‘ਤੇ ਉਨ੍ਹਾਂ ਦੇ ਸੋਮਵਾਰ ਸ਼ਾਮ ਜਾਂ ਮੰਗਲਵਾਰ ਸਵੇਰੇ ਬਿਹਾਰ ਪੁਲਸ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਦਾ ਚਾਰਜ ਸੰਭਾਲਣ ਦੀ ਸੰਭਾਵਨਾ ਹੈ। ਰਾਜਵਿੰਦਰ ਸਿੰਘ ਭੱਟੀ ਨੂੰ 1988 ਬੈਚ ਦੇ ਆਈਪੀਐੱਸ ਸੰਜੀਵ ਕੁਮਾਰ ਸਿੰਘਲ ਦੀ ਥਾਂ ‘ਤੇ ਬਿਹਾਰ ਪੁਲਿਸ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ। ਆਈਪੀਐੱਸ ਸਿੰਘਲ ਦਾ ਕਾਰਜਕਾਲ 19 ਦਸੰਬਰ 2022 ਤੱਕ ਹੈ। ਰਾਜਵਿੰਦਰ ਸਿੰਘ 30 ਸਤੰਬਰ 2025 ਤੱਕ ਬਿਹਾਰ ਦੇ ਡੀਜੀਪੀ ਬਣੇ ਰਹਿਣਗੇ।

ਆਈਪੀਐੱਸ ਰਾਜਵਿੰਦਰ ਸਿੰਘ
ਆਈਪੀਐੱਸ ਰਾਜਵਿੰਦਰ ਸਿੰਘ

ਭਾਰਤੀ ਪੁਲਿਸ ਸੇਵਾ ਦਾ 1990 ਬੈਚ ਦੇ ਅਧਿਕਾਰੀ ਰਾਜਵਿੰਦਰ ਸਿੰਘ ਭੱਟੀ ਉਸ ਸਮੇਂ ਸੁਰਖੀਆਂ ‘ਚ ਆਏ ਜਦੋਂ ਉਨ੍ਹਾਂ ਨੇ ਬਿਹਾਰ ਦੇ ਸੀਵਾਨ ਤੋਂ ਸਾਂਸਦ ਬਾਹੂਬਲੀ ਮੁਹੰਮਦ ਸ਼ਹਾਬੂਦੀਨ ਨੂੰ ਦਿੱਲੀ ‘ਚ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ। ਇਹ ਘਟਨਾ 2005 ਦੀ ਹੈ ਜਦੋਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਕੇਂਦਰੀ ਡੈਪੂਟੇਸ਼ਨ ਤੋਂ ਪਰਤੇ ਸਨ ਅਤੇ ਉਨ੍ਹਾਂ ਨੂੰ ਬਿਹਾਰ ਵਿੱਚ ਸਾਰਨ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਣਾਇਆ ਗਿਆ ਸੀ। ਉਦੋਂ ਫਰਾਰ ਸ਼ਹਾਬੁਦੀਨ ਦੇ ਦਿੱਲੀ ਰਹਿਣ ਦੀ ਖ਼ਬਰ ਮਿਲੀ ਸੀ। ਰਾਜਵਿੰਦਰ 5 ਅਧਿਕਾਰੀਆਂ ਦੀ ਟੀਮ ਬਣਾ ਕੇ ਉੱਥੇ ਗਏ। ਸ਼ਹਾਬੁਦੀਨ ਦੇ ਦ੍ਵਾਰਕਾ ਇਲਾਕੇ ਦੇ ਜਿਸ ਫਲੈਟ ਦੀ ਖ਼ਬਰ ਮਿਲੀ ਹੈ, ਉੱਥੇ ਸਭ ਤੋਂ ਪਹਿਲਾਂ ਰੇਕੀ ਕੀਤੀ ਗਈ ਸੀ। ਇਸ ਤੋਂ ਬਾਅਦ ਇੱਕ ਮਹਿਲਾ ਸਬ-ਇੰਸਪੈਕਟਰ ਗੌਰੀ ਕੁਮਾਰੀ ਨੂੰ ਬਿਜਲੀ ਚੋਰੀ ਦੇ ਇੱਕ ਮਾਮਲੇ ਦੀ ਜਾਂਚ ਦੇ ਬਹਾਨੇ ਅੰਦਰ ਭੇਜ ਦਿੱਤਾ ਗਿਆ। ਜਦੋਂ ਸ਼ਹਾਬੁਦੀਨ ਦੇ ਅੰਦਰ ਮੌਜੂਦ ਹੋਣ ਦੀ ਤਸਦੀਕ ਹੋਈ ਤਾਂ ਛਾਪਾ ਮਾਰਿਆ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਸੜਕ ਜਾਂ ਰੇਲ ਰਾਹੀਂ ਲਿਆਉਣਾ ਜੋਖਮ ਭਰਿਆ ਸੀ, ਇਸ ਲਈ ਗ੍ਰਿਫ਼ਤਾਰ ਸ਼ਹਾਬੂਦੀਨ ਨੂੰ ਵਿਸ਼ੇਸ਼ ਹੈਲੀਕਾਪਟਰ ਰਾਹੀਂ ਪਟਨਾ ਲਿਆਂਦਾ ਗਿਆ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਕੁਝ ਹੋਰ ਵੱਡੇ ਅਪਰਾਧੀਆਂ ਨੂੰ ਵੀ ਫੜ ਲਿਆ ਅਤੇ ਇਸੇ ਤਰ੍ਹਾਂ ਦੇ ਓਪ੍ਰੇਸ਼ਨ ਕੀਤੇ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਮੁੜ ਕੇਂਦਰੀ ਡੈਪੂਟੇਸ਼ਨ ‘ਤੇ ਜਾਣਾ ਪਿਆ। ਫਿਰ ਉਨ੍ਹਾਂ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿੱਚ ਸੇਵਾ ਨਿਭਾਈ।

ਮੁਹੰਮਦ ਸ਼ਹਾਬੁਦੀਨ ਤੋਂ ਇਲਾਵਾ ਸਾਰਣ ਦੇ ਦਬੰਗ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪ੍ਰਭੂਨਾਥ ਸਿੰਘ ਖਿਲਾਫ ਵੀ ਕਾਰਵਾਈ ਕੀਤੀ। ਉਨ੍ਹਾਂ ਨੇ ਮੋਕਾਮਾ ਦੇ ਸਾਬਕਾ ਵਿਧਾਇਕ ਬਾਹੂਬਲੀ ਅਨੰਤ ਸਿੰਘ ਦੇ ਵੱਡੇ ਭਰਾ ਦਲੀਪ ਸਿੰਘ ‘ਤੇ ਵੀ ਸ਼ਿਕੰਜਾ ਕੱਸਿਆ ਸੀ। ਆਈਪੀਐੱਸ ਆਰਐੱਸ ਭੱਟੀ ਪਟਨਾ ਵਿੱਚ ਸਿਟੀ ਐੱਸਪੀ ਰਹਿ ਚੁੱਕੇ ਹਨ। ਸੀਵਾਨ, ਪੂਰਨੀਆ, ਬੋਕਾਰੋ (ਮੌਜੂਦਾ ਝਾਰਖੰਡ ਵਿੱਚ) ਅਤੇ ਹੋਰ ਕਈ ਥਾਵਾਂ ਉੱਤੇ ਜ਼ਿਲ੍ਹਾ ਐੱਸਪੀ ਵੀ ਰਹਿ ਚੁੱਕੇ ਹਨ।