ਜਨਰਲ ਬਿਪਿਨ ਰਾਵਤ ਭਾਰਤ ਦੇ ਪਹਿਲੇ ਸੀ.ਡੀ.ਐੱਸ

412
ਜਨਰਲ ਬਿਪਿਨ ਰਾਵਤ

ਭਾਰਤ ਦੇ ਮੌਜੂਦਾ ਫੌਜ ਮੁਖੀ ਜਨਰਲ ਬਿਪਿਨ ਰਾਵਤ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਹੋਣਗੇ। ਉਮੀਦ ਦੇ ਮੁਤਾਬਿਕ, ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ, 62 ਸਾਲਾ ਜਨਰਲ ਬਿਪਿਨ ਰਾਵਤ ਦੀ ਸੀਡੀਐੱਸ ਰੈਂਕ ‘ਤੇ ਨਿਯੁਕਤੀ ਦਾ ਫੈਸਲਾ ਕੈਬਨਿਟ ਦੀ ਨਿਯੁਕਤੀ ਮਾਮਲਿਆਂ ਦੀ ਕਮੇਟੀ ਵੱਲੋਂ ਲਿਆ ਗਿਆ ਸੀ। ਇਸ ਅਹੁਦੇ ਨੂੰ ਪਿਛਲੇ ਹਫਤੇ ਕੈਬਨਿਟ ਕਮੇਟੀ ਨੇ ਮਨਜ਼ੂਰੀ ਦਿੱਤੀ ਸੀ, ਪਰ ਇਸ ਅਹੁਦੇ ‘ਤੇ ਜਨਰਲ ਰਾਵਤ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਗਿਆ ਸੀ।

ਭਾਰਤੀ ਨਿਯਮਾਂ ਦੇ ਮੁਤਾਬਿਕ, ਚੀਫ ਆਫ਼ ਆਰਮੀ ਸਟਾਫ ਦਾ ਵੱਧ ਤੋਂ ਵੱਧ ਕਾਰਜਕਾਲ ਤਿੰਨ ਸਾਲ ਜਾਂ 62 ਸਾਲ ਦੀ ਉਮਰ ਤੱਕ ਹੈ, ਜੋ ਵੀ ਪਹਿਲਾਂ ਹੋਵੇ। ਇਸ ਅਨੁਸਾਰ ਜਨਰਲ ਰਾਵਤ ਨੂੰ 31 ਦਸੰਬਰ ਨੂੰ ਭਾਵ ਕੱਲ੍ਹ ਰਿਟਾਇਰ ਹੋਣ ਵਾਲੇ ਹਨ। ਭਾਰਤ ਵਿੱਚ ਸੀਡੀਐੱਸ ਨੂੰ ਤਿੰਨ ਫੌਜਾਂ ਜਿਵੇਂ ਕਿ ਜ਼ਮੀਨੀ, ਹਵਾਈ ਅਤੇ ਸਮੁੰਦਰੀ ਫੌਜਾਂ ਦੇ ਪ੍ਰਸ਼ਾਸਕੀ ਮਾਮਲਿਆਂ ਦੀ ਨਿਗਰਾਨੀ ਕਰਨ ਦੀ ਸ਼ਕਤੀ ਦਿੱਤੀ ਗਈ ਹੈ, ਪਰ ਉਨ੍ਹਾਂ ਫੌਜਾਂ ਦੀ ਕਮਾਨ ਫੌਜਾਂ ਦੇ ਮੁਖੀਆਂ ਕੋਲ ਹੋਵੇਗੀ। ਪਰ ਸੀਡੀਐੱਸ ਨੂੰ ਹਾਲ ਹੀ ਵਿੱਚ ਬਣਾਈ ਗਈ ਸਾਈਬਰ ਅਤੇ ਪੁਲਾੜ ਏਜੰਸੀਆਂ ਦਾ ਮੁਖੀ ਬਣਾਇਆ ਗਿਆ ਹੈ। ਤਿੰਨਾਂ ਫੌਜਾਂ ਦੀ ਨੁਮਾਇੰਦਗੀ ਕਰਨ ਵਾਲੇ ਏਕੀਕ੍ਰਿਤ ਰੱਖਿਆ ਸਟਾਫ ਦਾ ਮੁਖੀ ਸੀ ਡੀ ਐੱਸ ਦੇ ਅਧੀਨ ਹੋਵੇਗਾ।

16 ਮਾਰਚ 1958 ਨੂੰ ਉੱਤਰਾਖੰਡ ਦੇ ਪੌੜੀ ਵਿੱਚ ਜਨਮੇ ਬਿਪਿਨ ਰਾਵਤ ਦੇ ਪਿਤਾ ਲਕਸ਼ਮਣ ਸਿੰਘ ਰਾਵਤ ਵੀ ਭਾਰਤੀ ਫੌਜ ਵਿੱਚ ਸਨ ਅਤੇ ਇੱਕ ਲੈਫਟੀਨੈਂਟ ਜਨਰਲ ਵਜੋਂ ਸੇਵਾਮੁਕਤ ਹੋਏ। ਜਨਰਲ ਬਿਪਿਨ ਰਾਵਤ ਨੇ ਫੌਜ ਵਿੱਚ ਉਸੇ 11 ਗੋਰਖਾ ਰਾਈਫਲਜ਼ ਵਿੱਚ 16 ਦਸੰਬਰ 1978 ਨੂੰ ਕਮਿਸ਼ਨ ਲਿਆ ਜਿਸ ਵਿੱਚ ਉਨ੍ਹਾਂ ਦੇ ਪਿਤਾ ਵੀ ਰਹੇ। ਉਨ੍ਹਾਂ ਨੇ 31 ਦਸੰਬਰ 2016 ਨੂੰ ਭਾਰਤੀ ਫੌਜ ਦੇ 27ਵੇਂ ਚੀਫ਼ ਵਜੋਂ ਅਹੁਦਾ ਸੰਭਾਲਿਆ ਸੀ।