ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਆਨੰਦ ਪ੍ਰਕਾਸ਼ ਮਹੇਸ਼ਵਰੀ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਡਾਇਰੈਕਟਰ ਜਨਰਲ (ਡੀਜੀ) ਦਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਨੂੰ ਆਈਪੀਐੱਸ ਅਧਿਕਾਰੀ ਸੁਰੇਂਦਰ ਸਿੰਘ ਦੇਸਵਾਲ ਨੇ ਇਹ ਕਾਰਜਭਾਰ ਸੌਂਪਿਆ, ਜੋ ਕਿ ਭਾਰਤ-ਤਿੱਬਤੀ ਬਾਰਡਰ ਪੁਲਿਸ ਬਲ (ਆਈਟੀਬੀਪੀ) ਦੇ ਡਾਇਰੈਕਟਰ ਜਨਰਲ ਹਨ ਅਤੇ ਰਾਜੀਵ ਰਾਏ ਭਟਨਾਗਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੀਆਰਪੀਐੱਫ ਦਾ ਵਾਧੂ ਚਾਰਜ ਸੰਭਾਲ ਰਹੇ ਸਨ। ਸ੍ਰੀ ਮਹੇਸ਼ਵਰੀ ਉੱਤਰ ਪ੍ਰਦੇਸ਼ ਕੇਡਰ ਦੇ 1984 ਆਈਪੀਐੱਸ ਅਧਿਕਾਰੀ ਹਨ।
ਦੁਨੀਆ ਦੀ ਸਭ ਤੋਂ ਵੱਡੀ ਨੀਮ ਫੌਜੀ ਬਲ ਬਣ ਗਈ 3.25 ਲੱਖ ਕਰਮਚਾਰੀਆਂ ਵਾਲੀ ਸੀਆਰਪੀਐੱਫ ਦਾ ਮੁਖੀ ਬਣ ਕੇ ਉਸਦੀ ਕਮਾਂਡ ਸੰਭਾਲਣੀ ਵੀ ਹੁਣ ਆਈਪੀਐਸ ਅਧਿਕਾਰੀਆਂ ਲਈ ਮਾਣ ਅਤੇ ਪ੍ਰਾਪਤੀ ਬਣਦਾ ਜਾ ਰਿਹਾ ਹੈ।
ਉਂਝ ਸ਼੍ਰੀ ਮਹੇਸ਼ਵਰੀ ਪਹਿਲਾਂ ਵੀ ਸੀਆਰਪੀਐੱਫ ਵਿੱਚ ਨੌ ਸਾਲ ਸੇਵਾਵਾਂ ਨਿਭਾਅ ਚੁੱਕੇ ਹਨ। ਆਨੰਦ ਪ੍ਰਕਾਸ਼ ਮਹੇਸ਼ਵਰੀ, ਇੰਸਪੈਕਟਰ ਜਨਰਲ (ਆਪ੍ਰੇਸ਼ਨ) ਅਤੇ ਕਸ਼ਮੀਰ ਵਿੱਚ ਆਈਜੀ ਨੇ ਵੀ ਆਪਣੀ ਨਵੀਂ ਪੋਸਟਿੰਗ ਨੂੰ ਘਰ ਵਾਪਸੀ ਦੱਸਿਆ ਹੈ।
ਇਸ ਤੋਂ ਪਹਿਲਾਂ ਮਹੇਸ਼ਵਰੀ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ (ਅੰਦਰੂਨੀ ਸੁਰੱਖਿਆ) ਸਨ। ਪੁਲਿਸ ਖੋਜ ਅਤੇ ਵਿਕਾਸ ਬਿਓਰੋ (ਬੀਪੀਆਰਡੀ) ਦੇ ਮੁਖੀ ਸ੍ਰੀ ਮਹੇਸ਼ਵਰੀ ਨੇ ਸਰਹੱਦੀ ਸੁਰੱਖਿਆ ਬਲ ਵਿੱਚ ਵਿਸ਼ੇਸ਼ ਡਾਇਰੈਕਟਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਬਹਾਦਰੀ ਦੇ ਤਗਮੇ ਨਾਲ ਸਨਮਾਨਿਤ ਆਈਪੀਐੱਸ ਆਨੰਦ ਪ੍ਰਕਾਸ਼ ਮਹੇਸ਼ਵਰੀ ਨੇ ਸਮਾਜ ਸ਼ਾਸਤਰ ਵਿੱਚ ਡਾਕਟਰੇਟ ਕੀਤੀ ਹੈ ਅਤੇ ਐੱਮਬੀਏ ਦੀ ਪੜ੍ਹਾਈ ਵੀ ਕੀਤੀ ਹੈ।