ਚੀਨ ਵਿੱਚ ਪ੍ਰਬੰਧਿਤ ਕੌਮਾਂਤਰੀ ਪੁਲਿਸ ਅਤੇ ਫਾਇਰ ਖੇਡਾਂ – 2019 ਵਿੱਚ ਹਿੱਸਾ ਲੈਣ ਲਈ ਗਏ ਸ਼ਸਤਰ ਸਰਹੱਦੀ ਦਸਤੇ (ਐੱਸ.ਐੱਸ.ਬੀ. – SSB)ਦਾ 20 ਮੈਂਬਰੀ ਵਫਦ 30 ਮੇਡਲ ਜਿੱਤ ਕੇ ਪਰਤਿਆ ਹੈ। ਇਸ ਦਲ ਦਾ ਇੱਕ ਵੀ ਅਜਿਹਾ ਖਿਡਾਰੀ ਨਹੀਂ ਜਿਨ੍ਹੇ ਤਗਮਾ ਨਾ ਜਿੱਤਿਆ ਹੋਵੇ। ਕੌਮਾਂਤਰੀ ਮੁਕਾਬਲੇ ਵਿੱਚ ਆਪਣੇ ਖਿਡਾਰੀਆਂ ਦੀ ਇਸ ਕਾਮਯਾਬੀ ‘ਤੇ ਫਖਰ ਮਹਿਸੂਸ ਕਰਦੇ ਹੋਏ ਐੱਸਐੱਸਬੀ ਨੇ ਵੀ ਇਨ੍ਹਾਂ ਨੂੰ ਉਤਸ਼ਾਹਿਤ ਅਤੇ ਸਨਮਾਨਿਤ ਕੀਤਾ। ਇਨ੍ਹਾਂ ਨੂੰ ਸਨਮਾਨ ਦੇ ਤੌਰ ‘ਤੇ ਐੱਸਐੱਸਬੀ ਦੇ ਡੀਜੀ ਦਾ ਸ਼ਲਾਘਾ ਪੱਤਰ ਅਤੇ ਨਗਦ ਇਨਾਮ ਵੀ ਤਕਸੀਮ ਕੀਤੇ ਗਏ .
ਚੀਨ ਵਿੱਚ 8 ਤੋਂ 18 ਅਗਸਤ ਤੱਕ ਕੌਮਾਂਤਰੀ ਪੁਲਿਸ ਅਤੇ ਫਾਇਰ ਖੇਡਾਂ – 2019 ‘ਚ ਹਿੱਸਾ ਲੈ ਕੇ ਪਰਤੇ ਇਸ ਦਲ ਨਾਲ ਐੱਸਐੱਸਬੀ ਦੇ ਡੀ.ਜੀ. ਕੁਮਾਰ ਰਾਜੇਸ਼ ਚੰਦਰਾ ਨੇ ਮੁਲਾਕਾਤ ਕੀਤੀ ਅਤੇ ਇਸ ਕਾਮਯਾਬੀ ਲਈ ਵਧਾਈਆਂ ਦਿੱਤੀਆਂ।
ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਵੱਖ ਵੱਖ ਪੁਲਿਸ ਸੰਗਠਨਾਂ ਦੇ 129 ਮੈਂਬਰਾਂ ਵਾਲੀ ਟੀਮ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ ਸ਼ਸਤਰ ਸਰਹੱਦੀ ਦਸਤੇ (ਐੱਸਐੱਸਬੀ – SSB) ਦੇ 20 ਮੈਂਬਰ ਵਾਲੀ ਟੀਮ ਵਿੱਚ 12 ਮਹਿਲਾਵਾਂ ਅਤੇ 8 ਮਰਦ ਖਿਡਾਰੀ ਸਨ। ਖੇਡਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਐਥਲੈਟਿਕਸ ਵਿੱਚ 4 ਖਿਡਾਰੀ ਸਨ ਜੋ 7 ਸੋਨ, 3 ਚਾਂਦੀ ਅਤੇ 1 ਕਾਂਸੀ ਤਗਮਾ ਲੈ ਕੇ ਆਏ ਨੇ, ਮੁੱਕੇਬਾਜ਼ੀ ਵਿੱਚ 4 ਖਿਡਾਰੀਆਂ ਨੇ ਹਿੱਸਾ ਲਿਆ ਜੋ 2 ਸੋਨ ਅਤੇ 2 ਚਾਂਦੀ ਤਗਮੇ ਜਿੱਤ ਕੇ ਆਏ। ਜੂਡੋ ਦੇ ਮੁਕਾਬਲੇ ਲਈ ਇਸ ਟੀਮ ਵਿੱਚ 2 ਮੈਂਬਰ ਸਨ ਜੋ ਇੱਕ ਸੋਨ ਅਤੇ ਇੱਕ ਚਾਂਦੀ ਤਗਮਾ ਜਿੱਤ ਕੇ ਆਏ।
ਦੂੱਜੇ ਖੇਡਾਂ ‘ਚੋਂ ਕੁਸ਼ਤੀ ਮੁਕਾਬਲਿਆਂ ਲਈ 3 ਭਲਵਾਨ ਭੇਜੇ ਗਏ ਸਨ ਜੋ 2 ਸੋਨ ਅਤੇ 1 ਚਾਂਦੀ ਤਗਮਾ ਲਿਆਏ, ਨਿਸ਼ਾਨੇਬਾਜੀ ਵਿੱਚ ਸਿਰਫ ਇੱਕ ਹੀ ਖਿਡਾਰੀ ਭੇਜਿਆ ਗਿਆ ਸੀ ਜੋ 1 ਸੋਨ, 1 ਚਾਂਦੀ ਅਤੇ 2 ਕਾਂਸੀ ਤਗਮੇ ਜਿੱਤ ਕੇ ਲਿਆਇਆ ਯਾਨੀ ਇੱਕ ਖਿਡਾਰੀ ਨੇ ਹੀ ਚਾਰ ਤਗਮੇ ਜਿੱਤੇ। ਉੱਥੇ ਹੀ ਤਾਇਕਵਾਂਡੋ ਦੇ ਮੁਕਾਬਲਿਆਂ ਲਈ ਗਏ 6 ਖਿਡਾਰੀਆਂ ਦੀ ਟੀਮ ਨੇ 2 ਸੋਨ, 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤਿਆ ।
ਤਗਮਾ ਜੇਤੂ ਖਿਡਾਰੀਆਂ ਦੇ ਨਾਮ ਨੇ : ਅਨੂਪ ਕੁਮਾਰ, ਗਗਨ ਕੁਮਾਰ ਯਾਦਵ, ਰੰਗਾ ਕੇ., ਖੁਸ਼ਬੂ ਗੁਪਤਾ, ਆਸ਼ੀਸ਼, ਲਾਲਬੁਤਸੈਹੀ, ਬੰਟੀ , ਲਾਲਫਕਸਾਵੀ ਰਾਲਤੇ, ਜੋਬਨ ਦੀਪ ਸਿੰਘ, ਪ੍ਰਿਅੰਕਾ, ਨੀਤੂ, ਮਨੀਸ਼ਾ, ਪੂਜਾ ਤੋਮਰ, ਮੋਨੂ ਕੁਮਾਰ, ਸੁਨਸਮਾ ਨਾਰਜਰੀ , ਸੂਰਜ ਸੰਜੈ ਸਿੰਘ, ਅਜੈਪਾਲ ਸਿੰਘ, ਸੀਮਾ ਕਨੌਜੀਆ, ਸਵਿਤਾ ਰਾਮਚੈਰੀ ਅਤੇ ਵਿੰਮੀ ਮੋਇਰਾਂਗਥੇਮ।