ਉਪ ਰਾਜਪਾਲ ਕਿਰਨ ਬੇਦੀ ਨੇ 192 ਸਾਲ ਪੁਰਾਣੇ ਦਰਖਤ ਨੂੰ ਰੱਖੜੀ ਬੰਨ੍ਹੀ

265
ਕਿਰਨ ਬੇਦੀ ਨੇ 192 ਸਾਲ ਪੁਰਾਣੇ ਰੁੱਖ ਨੂੰ ਰੱਖੜੀ ਬੰਨ੍ਹੀ।

ਵੱਖ ਵੱਖ ਤਰ੍ਹਾਂ ਦੀ ਪਹਿਲ ਲਈ ਵੀ ਪਹਿਚਾਣ ਬਣਾ ਚੁੱਕੀ ਭਾਰਤ ਦੀ ਪਹਿਲੀ ਮਹਿਲਾ ਆਈ.ਪੀ.ਐੱਸ. ਅਧਿਕਾਰੀ ਅਤੇ ਮੌਜੂਦਾ ਵਕਤ ‘ਚ ਕੇਂਦਰਸ਼ਾਸਿਤ ਪ੍ਰਦੇਸ਼ ਪੁੱਦੁਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਇੱਕ ਦਰਖਤ ਨੂੰ ਰੱਖੜੀ ਬੰਨ੍ਹੀ ਹੈ। ਦਰਖਤ ਵੀ ਬੇਮਿਸਾਲ ਹੈ ਜਿਸ ਦੀ ਉਮਰ 192 ਸਾਲ ਹੈ।

‘ਰੱਖਿਆ ਬੰਧਨ ਤੋਂ ਦਰਖਤ ਬੰਧਨ’ ਨਾਂ ਨਾਲ ਕੁਦਰਤ ਦੀ ਰੱਖਿਆ ਲਈ ਕੀਤੀ ਗਈ ਇਸ ਖੂਬਸੂਰਤ ਪਹਿਲ ਦਾ ਨਜ਼ਾਰਾ ਉਦੋਂ ਵੇਖਣ ਨੂੰ ਮਿਲਿਆ ਜਦੋਂ ਉਪ ਰਾਜਪਾਲ ਕਿਰਨ ਬੇਦੀ ਹਫਤੇ ਦੇ ਅਖੀਰਲੇ ਦਿਨ ਸਵੇਰੇ ਦੀ ਫੇਰੀ ਉੱਤੇ ਨਿਕਲੀ। ਇਸ ਤਰ੍ਹਾਂ ਦਾ ਲਗਾਤਾਰ ਦੌਰਾ ਕਰਨ ਵਾਲੀ ਸ਼ਾਇਦ ਉਹ ਪਹਿਲੀ ਉਪ ਰਾਜਪਾਲ ਨੇ। ਇਸ ਦੌਰੇ ਵਿੱਚ ਅਕਸਰ ਉਨ੍ਹਾਂ ਦੇ ਨਾਲ ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀ ਵੀ ਰਹਿੰਦੇ ਨੇ ਜੋ ਸ਼ੁੱਕਰਵਾਰ ਨੂੰ ਵੀ ਨਾਲ ਸਨ। ਇਹ ਉਨ੍ਹਾਂ ਦਾ 228 ਵਾਂ ਦੌਰਾ ਸੀ।

ਦੋ ਸਦੀ ਦੀ ਉਮਰ ਤੱਕ ਪਹੁੰਚਣ ਵਾਲਾ ਇਹ ਦਰਖਤ ਪੁੱਦੁਚੇਰੀ ਦੇ ਬੋਟੈਨੀਕਲ ਗਾਰਡਨ ਵਿੱਚ ਹੈ ਜੋ ਕਿਸੇ ਫ਼੍ਰਾਂਸੀਸੀ ਨੇ ਲਾਇਆ ਸੀ ਪਰ ਹੁਣ ਇਸ ਦਰਖਤ ਦਾ ਨਾਂ ਬਾਲਾ ਗਾਂਧੀ ਰੱਖਿਆ ਗਿਆ ਹੈ। ਬਾਲਾ ਗਾਂਧੀ ਮੌਜੂਦਾ ਵਕਤ ‘ਚ ਪੁੱਦੁਚੇਰੀ ਵਿੱਚ ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਨੇ। ਉਨ੍ਹਾਂ ਨੇ ਵੀ ਇਸ ਰੁੱਖ ਨੂੰ ਰੱਖੜੀ ਬੰਨ੍ਹੀ।

ਰੱਖੜੀ ਤੋਂ ਅਗਲੇ ਦਿਨ ਵਿਸਥਾਰਿਤ ਰੱਖੜੀ ਬੰਧਨ ਦੇ ਇਸ ਮੌਕੇ ਉੱਤੇ ਕਿਰਨ ਬੇਦੀ ਨੇ ਕਿਹਾ ਕਿ ਇਹ ਪਵਿੱਤਰ ਧਾਗਾ ਇਸ ਰੁੱਖ ਦਾ ਸ਼ੁਕ੍ਰੀਆ ਜ਼ਾਹਿਰ ਕਰਨ ਦਾ ਜ਼ਰੀਆ ਹੈ ਅਤੇ ਇਸ ਦੇ ਨਾਲ ਹੀ ਅਸੀਂ ਰੁੱਖ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਲਿਆ ਹੈ। ਇਸ ਪ੍ਰਬੰਧ ਦੇ ਜ਼ਰੀਏ ਉਪ ਰਾਜਪਾਲ ਕਿਰਨ ਬੇਦੀ ਨੇ ਅਤੇ ਪ੍ਰਬੰਧਕਾਂ ਨੇ ਸੁਨੇਹਾ ਦਿੱਤਾ ਹੈ ਕਿ ਦਰਖਤ ਬੂਟਿਆਂ ਦੀ ਨਾ ਸਿਰਫ ਰਾਖੀ ਕਰਨੀ ਜ਼ਰੂਰੀ ਹੈ ਸਗੋਂ ਇਨਸਾਨ ਨੂੰ ਇਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਅਪਣਾ ਕੇ ਪਿਆਰ ਅਤੇ ਪੋਸ਼ਣ ਦੇਣਾ ਚਾਹੀਦਾ ਹੈ ਕਿਊਂਕਿ ਇਹ ਸਾਨੂੰ ਨਿਰ ਸਵਾਰਥ ਰਹਿ ਕੇ ਬਹੁਤ ਕੁੱਝ ਦਿੰਦੇ ਨੇ।

ਇਸ ਪ੍ਰਬੰਧ ਵਿੱਚ ਬੱਚਿਆਂ ਨੇ ਵੀ ਹਿੱਸਾ ਲਿਆ। ਅਜਿਹੀ ਹੀ ਇੱਕ ਬੱਚੀ ਨੇ ਤਾਂ ਰੁੱਖ ਨੂੰ ਰੱਖੜੀ ਦਾ ਧਾਗਾ ਬੰਨ੍ਹਦੇ ਹੋਏ ਤਖਤੀ ਵੀ ਲਮਕਾਈ ਜਿਸ ਉੱਤੇ ਲਿਖਿਆ ਸੀ-ਦਰਖਤ ਬੂਟੇ ਨਾ ਕਰੋ ਤਬਾਹ, ਮੁਸ਼ਕਿਲ ਹੋਵੇਗਾ ਲੈਣਾ ਸਾਂਹ !