ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੇ ਨਾਂਅ ‘ਤੇ ਐਲਾਨੇ ਗਏ ਸਨਮਾਨ ਅਤੇ ਪੁਰਸਕਾਰ ਦੇਣ ਨਾਲ ਸਬੰਧਿਤ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕਰ ਦਿੱਤੀ ਹੈ। ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਖੇਤਰ ਵਿੱਚ ਯੋਗਦਾਨ ਦੇਣ ਲਈ ਦਿੱਤੇ ਜਾਣ ਵਾਲੇ ਇਸ ਸਰਬ-ਉੱਚ ਨਾਗਰਿਕ ਪੁਰਸਕਾਰ ਤਹਿਤ ਦਿੱਤੇ ਜਾਣ ਵਾਲੇ ਮੈਡਲ ਦੀ ਤਸਵੀਰ ਵੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਹੈ। ਨਾਲ ਹੀ ਦੱਸਿਆ ਗਿਆ ਹੈ ਕਿ ਪੁਰਸਕਾਰ ਦਾ ਐਲਾਨ ਕੌਮੀ ਏਕਤਾ ਦਿਹਾੜੇ ਯਾਨੀ 31 ਅਕਤੂਬਰ ਨੂੰ ਸਰਦਾਰ ਪਟੇਲ ਦੀ ਜਯੰਤੀ ਮੌਕੇ ਕੀਤਾ ਜਾਏਗਾ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਰਿਲੀਜ਼ ਦੇ ਮੁਤਾਬਿਕ, ਸਰਦਾਰ ਪਟੇਲ ਕੌਮੀ ਏਕਤਾ ਪੁਰਸਕਾਰ ਸ਼ੁਰੂ ਕਰਨ ਦਾ ਇੱਕ ਨੋਟੀਫਿਕੇਸ਼ਨ ਮਿਤੀ 20 ਸਤੰਬਰ, 2019 ਨੂੰ ਜਾਰੀ ਕੀਤਾ ਗਿਆ ਸੀ। ਇਹ ਪੁਰਸਕਾਰ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੇ ਹਸਤਾਖਰ ਅਤੇ ਮੋਹਰ ਦੇ ਤਹਿਤ ਇੱਕ ਸ਼ਲਾਘਾ-ਪੱਤਰ ਦੇ ਤੌਰ ‘ਤੇ ਪ੍ਰਦਾਨ ਕੀਤਾ ਜਾਏਗਾ ਅਤੇ ਰਾਸ਼ਟਰਪਤੀ ਭਵਨ ਵਿੱਚ ਪਦਮ ਪੁਰਸਕਾਰ ਸਮਾਗਮ ਦੇ ਨਾਲ ਇੱਕ ਪੁਰਸਕਾਰ ਸਮਾਗਮ ਵਿੱਚ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤਾ ਜਾਏਗਾ।
ਪ੍ਰਧਾਨ ਮੰਤਰੀ ਇੱਕ ਪੁਰਸਕਾਰ ਕਮੇਟੀ ਦਾ ਗਠਨ ਕਰਨਗੇ, ਜਿਸ ਵਿੱਚ ਮੈਂਬਰ ਦੇ ਤੌਰ ‘ਤੇ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਰਾਸ਼ਟਰਪਤੀ ਦੇ ਸਕੱਤਰ, ਗ੍ਰਹਿ ਸਕੱਤਰ ਅਤੇ ਪ੍ਰਧਾਨ ਮੰਤਰੀ ਦੇ ਚੁਣੇ ਗਏ ਤਿੰਨ-ਚਾਰ ਪਤਵੰਤੇ ਸ਼ਖ਼ਸ ਸ਼ਾਮਿਲ ਹੋਣਗੇ।
ਸਨਮਾਨਿਤ ਕੀਤੀਆਂ ਜਾਣ ਵਾਲੀ ਹਸਤੀ ਨੂੰ ਇੱਕ ਮੈਡਲ ਅਤੇ ਇੱਕ ਸ਼ਲਾਘਾ-ਪੱਤਰ ਪ੍ਰਦਾਨ ਕੀਤਾ ਜਾਏਗਾ। ਇਸ ਪੁਰਸਕਾਰ ਦੇ ਨਾਲ ਕੋਈ ਵੀ ਮਾਲੀ ਗ੍ਰਾਂਟ ਜਾਂ ਨਕਦ ਪੁਰਸਕਾਰ ਨਹੀਂ ਜੁੜੇਗਾ। ਇੱਕ ਸਾਲ ਵਿੱਚ ਤਿੰਨ ਤੋਂ ਵੱਧ ਪੁਰਸਕਾਰ ਨਹੀਂ ਦਿੱਤੇ ਜਾਣਗੇ। ਇਹ ਬਹੁਤ ਹੀ ਬੇਮਿਸਾਲ ਅਤੇ ਉੱਚ ਯੋਗਤਾ ਵਾਲੇ ਕੇਸਾਂ ਨੂੰ ਛੱਡ ਕੇ ਮਰਨ ਉਪਰੰਤ ਪ੍ਰਦਾਨ ਨਹੀਂ ਕੀਤਾ ਜਾਏਗਾ।
ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਨਾਮਜਦਗੀਆਂ ਹਰ ਸਾਲ ਮੰਗੀਆਂ ਜਾਣਗੀਆਂ। ਅਰਜੀਆਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਵਿਸ਼ੇਸ਼ ਤੌਰ ‘ਤੇ ਡਿਜਾਇਨ ਕੀਤੀ ਗਈ ਵੈੱਬਸਾਈਟ ‘ਤੇ ਆਨਲਾਈਨ ਫਾਈਲ ਕਰਨਾ ਲਾਜ਼ਮੀ ਹੋਏਗਾ। ਧਰਮ, ਜਾਤੀ, ਲਿੰਗ, ਜਨਮ ਸਥਾਨ, ਉਮਰ ਜਾਂ ਕਾਰੋਬਾਰ ਦੇ ਭੇਦਭਾਵ ਦੇ ਬਿਨ੍ਹਾਂ ਭਾਰਤ ਦਾ ਕੋਈ ਵੀ ਨਾਗਰਿਕ ਅਤੇ ਕੋਈ ਵੀ ਜਥੇਬੰਦੀ, ਇਸ ਪੁਰਸਕਾਰ ਲਈ ਪਾਤਰ ਹੋਏਗੀ। ਭਾਰਤ ਵਿੱਚ ਰਹਿਣ ਵਾਲਾ ਕੋਈ ਵੀ ਭਾਰਤੀ ਨਾਗਰਿਕ ਜਾਂ ਇੱਥੋਂ ਦੀ ਸੰਸਥਾ ਜਾਂ ਜਥੇਬੰਦੀ ਇਸ ਪੁਰਸਕਾਰ ਦੇ ਲਈ ਵਿਚਾਰੇ ਜਾਣਗੇ। ਸੂਬਾ ਸਰਕਾਰਾਂ, ਯੂਨੀਅਨ ਟੈਰਿਟਰੀ ਖੇਤਰ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਦੇ ਮੰਤਰਾਲੇ ਵੀ ਨਾਮਜਦਗੀਆਂ ਭੇਜ ਸਕਦੇ ਹਨ।