ਜਦੋਂ ਪੁਲਿਸ ਨੂੰ ਬੰਗਲੁਰੂ ਵਿੱਚ ਸੜਕਾਂ ਦੀ ਸਫਾਈ ਕਰਨੀ ਪਈ…!

6
ਬੰਗਲੁਰੂ ਦੀਆਂ ਸੜਕਾਂ ’ਤੇ ਖਿੱਲਰੇ ਕਿੱਲਿਆਂ ਨੂੰ ਹਟਾਉਣ ਲਈ ਸਫ਼ਾਈ ਕਰਦੇ ਹੋਏ ਟਰੈਫ਼ਿਕ ਪੁਲੀਸ ਮੁਲਾਜ਼ਮ।

ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਇੱਕ ਵੀਡੀਓ ਵਿੱਚ ਕਰਨਾਟਕ ਦੀ ਰਾਜਧਾਨੀ ਬੰਗਲੁਰੂ  (ਬੰਗਲੌਰ) ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮ ਕੁਵੇਮਪੂ ਸਰਕਲ ਅੰਡਰਪਾਸ ‘ਤੇ ਨੰਗੇ ਸਿਰ ਸੜਕਾਂ ਦੀ ਸਫਾਈ ਕਰਦੇ ਦਿਖਾਈ ਦੇ ਰਹੇ ਹਨ। ਲੇਕਿਨ ਕਿਉਂ? ਇਹ ਦੇਖ ਕੇ ਲੰਘਣ ਵਾਲੇ ਲੋਕ ਹੈਰਾਨ ਹੋਣ ਲੱਗੇ। ਪਰ ਜਦੋਂ ਕਾਰਨ ਦਾ ਪਤਾ ਲੱਗਾ ਤਾਂ ਹਰ ਕੋਈ ਪੁਲਿਸ ਦੀ ਤਾਰੀਫ਼ ਕਰ ਰਿਹਾ ਸੀ।

 

ਦਰਅਸਲ, ਬੰਗਲੁਰੂ  ਸ਼ਹਿਰ ਦੇ ਕੁਵੇਮਪੂ ਸਰਕਲ ਅੰਡਰਪਾਸ ਇਲਾਕੇ ਤੋਂ ਲੰਘਣ ਵਾਲੇ ਵਾਹਨਾਂ ਦੇ ਟਾਇਰ ਪੰਕਚਰ ਹੋ ਰਹੇ ਸਨ। ਆਸ-ਪਾਸ ਮੌਜੂਦ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਜਦੋਂ ਦੇਖਿਆ ਤਾਂ ਉੱਥੇ ਵੱਡੀ ਗਿਣਤੀ ‘ਚ ਤਿੱਖੇ ਨੱਕੇ ਖਿੱਲਰੇ ਪਏ ਸਨ। ਵੀਡੀਓ ‘ਚ ਦੋ ਪੁਲਿਸ ਅਧਿਕਾਰੀ ਸੜਕ ‘ਤੇ ਖਿੱਲਰੀਆਂ ਮੇਖਾਂ ਨੂੰ ਇਕੱਠਾ ਕਰਦੇ ਦਿਖਾਈ ਦੇ ਰਹੇ ਹਨ। ਕਿਆਸ ਲਗਾਇਆ ਜਾ ਰਿਹਾ ਹੈ ਕਿ ਸੜਕ ‘ਤੇ ਕਿੱਲਾਂ ਖਿੱਲਰਾਉਣ ਦੀ ਇਹ ਕਾਰਵਾਈ ਜਾਂ ਤਾਂ ਇਲਾਕੇ ਦੇ ਟਾਇਰ ਪੰਕਚਰ ਰਿਪੇਅਰ ਕਰਨ ਵਾਲਿਆਂ ਦਾ ਕੰਮ ਹੈ ਜਾਂ ਫਿਰ ਇਸ ਪਿੱਛੇ ਕਿਸੇ ਲੁਟੇਰੇ ਗਰੋਹ ਦਾ ਹੱਥ ਹੈ। ਇਹ ਇਲਾਕਾ ਰਾਤ ਵੇਲੇ ਵੀ ਥੋੜਾ ਸੁੰਨਸਾਨ ਹੁੰਦਾ ਹੈ ਅਤੇ ਹਨੇਰੇ ਵਿੱਚ ਕਿੱਲਾਂ ਵੀ ਨਜ਼ਰ ਨਹੀਂ ਆਉਂਦੀਆਂ।

 

ਸ਼ੱਕ ਹੈ ਕਿ ਅਜਿਹੇ ਗਿਰੋਹ ਦਾ ਮਕਸਦ ਟਾਇਰ ਪੰਕਚਰ ਹੋਣ ਕਾਰਨ ਰੁਕਣ ਵਾਲੇ ਡ੍ਰਾਈਵਰਾਂ ਨੂੰ ਲੁੱਟਣਾ ਹੈ। ਇਹ ਵੀ ਸੰਭਵ ਹੈ ਕਿ ਪੰਕਚਰ ਰਿਪੇਅਰ ਕਰਨ ਵਾਲਿਆਂ ਨੇ ਆਪਣਾ ਕਾਰੋਬਾਰ ਵਧਾਉਣ ਲਈ ਅਜਿਹਾ ਕੀਤਾ ਹੋਵੇ। ਖੈਰ, ਕਾਰਨ ਜੋ ਵੀ ਹੋਵੇ, ਪੁਲਿਸ ਨੂੰ ਦੋਵਾਂ ਪਹਿਲੂਆਂ ਤੋਂ ਜਾਂਚ ਕਰਨੀ ਪੈਂਦੀ ਹੈ। ਪਰ ਇਸ ਤੋਂ ਪਹਿਲਾਂ ਆਮ ਨਾਗਰਿਕਾਂ ਦੀ ਸਹੂਲਤ ਅਤੇ ਸੁਰੱਖਿਆ ਜ਼ਰੂਰੀ ਹੈ। ਇਸ ਲਈ ਪੁਲਿਸ ਟੀਮ ਨੇ ਸਭ ਤੋਂ ਪਹਿਲਾਂ ਸੜਕ ਤੋਂ ਇਨ੍ਹਾਂ ਖਿੱਲਰੇ ਕਿੱਲਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।