ਚੰਡੀਗੜ੍ਹ ਦੇ ਨਵੇਂ ਡੀਜੀਪੀ ਦਾ ਨਾਂਅ ਬਦਲਿਆ, ਮਧੂਪ ਦੀ ਥਾਂ ਐੱਸਐੱਸ ਯਾਦਵ ਬਣੇ ਪੁਲਿਸ ਮੁਖੀ

69
ਸੁਰਿੰਦਰ ਸਿੰਘ ਯਾਦਵ ਚੰਡੀਗੜ੍ਹ ਦੇ ਡੀਜੀਪੀ ਬਣੇ।

ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਪ੍ਰਵੀਰ ਰੰਜਨ ਦੀ ਥਾਂ ਮਧੂਪ ਤਿਵਾੜੀ ਨੂੰ ਪੁਲਿਸ ਮੁਖੀ ਨਿਯੁਕਤ ਕਰਨ ਦਾ 9 ਫਰਵਰੀ ਦਾ ਫੈਸਲਾ ਬਦਲ ਦਿੱਤਾ ਹੈ। ਹੁਣ ਮਧੂਪ ਤਿਵਾਰੀ ਨਹੀਂ ਬਲਕਿ ਐੱਸਐੱਸ ਯਾਦਵ (ਸੁਰੇਂਦਰ ਸਿੰਘ ਯਾਦਵ) ਨੂੰ ਚੰਡੀਗੜ੍ਹ ਵਿੱਚ ਡੀਜੀਪੀ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਐੱਸਐੱਸ ਯਾਦਵ ਭਾਰਤੀ ਪੁਲਿਸ ਸੇਵਾ (ਏਜੀਐੱਮਯੂਟੀ ਕਾਡਰ) ਦੇ 1997 ਬੈਚ ਦੇ ਅਧਿਕਾਰੀ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅੰਡੇਮਾਨ ਅਤੇ ਨਿਕੋਬਾਰ ਦੇ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਤਬਦੀਲ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਅੰਡੇਮਾਨ ਨਿਕੋਬਾਰ ਵਿੱਚ, ਉਸਨੇ ਉੱਥੇ ਤਾਇਨਾਤ ਆਈਪੀਐੱਸ ਦੇਵੇਸ਼ ਸ਼੍ਰੀਵਾਸਤਵ ਦੀ ਥਾਂ ਲੈਣੀ ਸੀ, ਜੋ 1995 ਬੈਚ ਦੇ ਅਧਿਕਾਰੀ ਹਨ।

ਗ੍ਰਹਿ ਮੰਤਰਾਲੇ ਨੇ 9 ਫਰਵਰੀ ਨੂੰ ਦੋ ਵੱਖ-ਵੱਖ ਹੁਕਮ ਜਾਰੀ ਕੀਤੇ ਸਨ। ਇੱਕ ਹੁਕਮ ਆਈਪੀਐੱਸ ਪ੍ਰਵੀਰ ਰੰਜਨ ਦੇ ਤਬਾਦਲੇ ਦਾ ਸੀ ਜਿਸ ਵਿੱਚ ਉਨ੍ਹਾਂ ਨੂੰ ਚੰਡੀਗੜ੍ਹ ਦੇ ਡੀਜੀਪੀ ਦੇ ਅਹੁਦੇ ਤੋਂ ਹਟਾ ਕੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਵਧੀਕ ਡਾਇਰੈਕਟਰ ਜਨਰਲ ਬਣਾ ਦਿੱਤਾ ਗਿਆ ਸੀ। ਦੂਜਾ ਹੁਕਮ ਉਪਰੋਕਤ ਹੋਰ ਅਧਿਕਾਰੀਆਂ ਮਧੂਪ ਤਿਵਾੜੀ, ਦੇਵੇਸ਼ ਸ੍ਰੀਵਾਸਤਵ ਅਤੇ ਸੁਰਿੰਦਰ ਸਿੰਘ ਯਾਦਵ ਦੇ ਤਬਾਦਲੇ ਦਾ ਸੀ। ਹੁਣ ਇਸ ਵਿੱਚ ਬਦਲਾਅ ਕੀਤੇ ਗਏ ਹਨ।

ਗ੍ਰਹਿ ਮੰਤਰਾਲੇ ਦਾ 12 ਮਾਰਚ ਦਾ ਹੁਕਮ

ਗ੍ਰਹਿ ਮੰਤਰਾਲੇ ਵੱਲੋਂ ਕੱਲ੍ਹ (12 ਮਾਰਚ 2024) ਜਾਰੀ ਕੀਤੇ ਗਏ ਬਦਲੇ ਹੁਕਮਾਂ ਅਨੁਸਾਰ, ਦਿੱਲੀ ਵਿੱਚ ਤਾਇਨਾਤ ਆਈਪੀਐੱਸ ਸੁਰਿੰਦਰ ਸਿੰਘ ਯਾਦਵ ਨੂੰ ਚੰਡੀਗੜ੍ਹ ਦੇ ਡੀਜੀਪੀ ਵਜੋਂ ਤਾਇਨਾਤ ਕੀਤਾ ਜਾਵੇਗਾ। ਇਸੇ ਹੁਕਮ ਵਿੱਚ ਕਿਹਾ ਗਿਆ ਹੈ ਕਿ 1995 ਬੈਚ (ਏਜੀਐੱਮਯੂਟੀ ਕਾਡਰ) ਦੇ ਦੋਵੇਂ ਅਫ਼ਸਰਾਂ ਮਧੂਪ ਤਿਵਾੜੀ ਅਤੇ ਦੇਵੇਸ਼ ਸ੍ਰੀਵਾਸਤਵ ਦਾ ਤਬਾਦਲਾ ਰੱਦ ਕੀਤਾ ਜਾਵੇ।