ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਦਾ ਪੰਜਾਬ ਪੁਲਿਸ ਦੇ ਐੱਸਆਈ ਹਰਜੀਤ ਸਿੰਘ ਨਾਲ ਮਿਲਣ ਦਾ ਵਾਅਦਾ

189
ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ, ਸਬ-ਇੰਸਪੈਕਟਰ ਹਰਜੀਤ ਸਿੰਘ

ਕੋਰੋਨਾ ਯੋਧਾ ਵਜੋਂ ਭਾਰਤ ਵਿੱਚ ਪੁਲਿਸ ਦਾ ਚਿਹਰਾ ਬਣ ਕੇ ਸਾਹਮਣੇ ਆਏ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਹਰਜੀਤ ਸਿੰਘ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਹਰਜੀਤ ਸਿੰਘ ਹੁਣ ਪੂਰੇ ਖਾਕੀ ਭਾਈਚਾਰੇ ਵਿੱਚ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਣ ਵਾਲਾ ਨਾਮ ਬਣ ਗਿਆ ਹੈ। ਹਮਲੇ ਵਿੱਚ, ਆਪਣਾ ਹੱਥ ਸਰੀਰ ਤੋਂ ਵੱਖ ਹੋ ਜਾਣ ਦੇ ਬਾਵਜੂਦ ਆਪਣੀ ਹਿੰਮਤ ਅਤੇ ਸੰਜਮ ਬਣਾਈ ਰੱਖਣ ਲਈ ਮਸ਼ਹੂਰ ਹਰਜੀਤ ਸਿੰਘ ਦੀ ਬਿਹਾਰ ਦੇ ਪੁਲਿਸ ਡਾਇਰੈਕਟਰ ਜਨਰਲ ਗੁਪਤੇਸ਼ਵਰ ਪਾਂਡੇ ਨੇ ਵੀ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਪੰਜਾਬ ਆਉਣ ‘ਤੇ ਹਰਜੀਤ ਸਿੰਘ ਨੂੰ ਪਹਿਲਾਂ ਮਿਲਣ ਦਾ ਵਾਅਦਾ ਕੀਤਾ।

ਇੰਡੀਅਨ ਪੁਲਿਸ ਸਰਵਿਸ (ਆਈਪੀਐੱਸ) ਦੇ ਬਿਹਾਰ ਪੁਲਿਸ ਕੈਡਰ ਦੇ 1987 ਬੈਚ ਦੇ ਅਧਿਕਾਰੀ ਗੁਪਤੇਸ਼ਵਰ ਪਾਂਡੇ ਨੇ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਤਬੀਅਤ ਜਾਣਨ ਅਤੇ ਹੌਸਲਾ ਅਫਜਾਈ ਲਈ ਫੋਨ ਕੀਤਾ ਸੀ। ਗੁਪਤੇਸ਼ਵਰ ਪਾਂਡੇ ਨੇ ਹਰਜੀਤ ਸਿੰਘ ਨੂੰ ਕਿਹਾ, “ਤੁਸੀਂ ਸਿਰਫ ਪੰਜਾਬ ਪੁਲਿਸ ਦਾ ਹੀ ਨਹੀਂ, ਬਲਕਿ ਪੂਰੇ ਭਾਰਤ ਦਾ ਮਾਣ ਹੋ … ਪੂਰੇ ਹਿੰਦੂਸਤਾਨ ਦੀ ਸ਼ਾਨ ਹੋ…..ਚਾਹੇ ਉਹ ਪੰਜਾਬ ਪੁਲਿਸ ਹੋਵੇ, ਹਰਿਆਣਾ ਪੁਲਿਸ, ਬਿਹਾਰ ਪੁਲਿਸ ਜਾਂ ਤਾਮਿਲਨਾਡੂ ਪੁਲਿਸ ਜਾਂ ਸਾਰੇ ਨੀਮ ਫੌਜੀ ਦਸਤੇ ਹੋਣ, ਅਸੀਂ ਸਾਰੇ ਭਰਾ ਹਾਂ “। ਲਗਭਗ 6 ਮਿੰਟ ਦੀ ਇਸ ਗੱਲਬਾਤ ਵਿੱਚ ਗੁਪਤੇਸ਼ਵਰ ਪਾਂਡੇ ਨੇ ਹਰਜੀਤ ਸਿੰਘ ਨਾਲ ਉਨ੍ਹਾਂ ਦੀ ਸਿਹਤ, ਇਲਾਜ ਅਤੇ ਪਰਿਵਾਰ ਬਾਰੇ ਗੱਲ ਕੀਤੀ। ਉਨ੍ਹਾਂ ਨੇ ਬਿਹਾਰ ਪੁਲਿਸ ਦੇ ਜਵਾਨ ਤੋਂ ਇੱਕ ਲੱਖ ਜਵਾਨਾਂ ਵਾਲੀ ਪੁਲਿਸ ਦੇ ਮੁਲਾਜ਼ਮਾਂ ਤੋਂ ਲੈ ਕੇ ਅਧਿਕਾਰੀਆਂ ਵੱਲੋਂ ਹਰਜੀਤ ਸਿੰਘ ਨੂੰ 12 ਅਪ੍ਰੈਲ ਦੇ ਕਾਰਨਾਮੇ ਪ੍ਰਾਪਤੀ ਲਈ ਸਲਾਮ ਕੀਤਾ।

ਡਾਕਟਰਾਂ ਨੇ ਹਰਜੀਤ ਸਿੰਘ ਨੂੰ ਦੱਸਿਆ ਕਿ ਇੱਕ ਦੋ ਹਫਤਿਆਂ ਅੰਦਰ ਜੁੜੇ ਹੋਏ ਉਨ੍ਹਾਂ ਦੇ ਹੱਥ ਦੀ ਫਿਜ਼ੀਓਥੈਰੇਪੀ ਸ਼ੁਰੂ ਹੋ ਜਾਵੇਗੀ। ਪੀਜੀਆਈ ਚੰਡੀਗੜ੍ਹ ਵਿੱਚ, ਉਨ੍ਹਾਂ ਦਾ ਵੱਢਿਆ ਹੋਇਆ ਹੱਥ ਮੁੜ ਜੋੜਣ ਲਈ ਸਰਜਰੀ ਕਰਨ ਵਾਲੇ ਡਾਕਟਰਾਂ ਨੇ ਉਨ੍ਹਾਂ ਦੀ ਮੁੜ ਤੋਂ ਜਾਂਚ ਕੀਤੀ ਅਤੇ ਪੱਟੀ ਕੀਤੀ ਹੈ। ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਹੁਣ ਉਸਦੇ ਹੱਥ ਦੀਆਂ ਉਂਗਲਾਂ ਹਿਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਹ ਪਹਿਲਾਂ ਨਾਲੋਂ ਬਿਹਤਰ ਹਨ। ਹਰਜੀਤ ਸਿੰਘ ਨੇ ਦਿਨਕਰ ਗੁਪਤਾ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦਾ ਸਰਕਾਰ ਵੱਲੋਂ ਮਿਲੀ ਹਰ ਸਹਾਇਤਾ ਲਈ ਧੰਨਵਾਦ ਕੀਤਾ। ਉਨ੍ਹਾਂ ਦੇ ਬੇਟੇ ਨੂੰ, ਜਿਸ ਨੇ ਬੀ.ਸੀ.ਏ. ਦੀ ਪੜ੍ਹਾਈ ਕੀਤੀ ਹੈ, ਨੂੰ ਵੀ ਪੰਜਾਬ ਪੁਲਿਸ ਨੇ ਨੌਕਰੀ ਦਿੱਤੀ ਹੈ।

ਧਿਆਨ ਯੋਗ ਹੈ ਕਿ 12 ਅਪ੍ਰੈਲ ਨੂੰ ਪਟਿਆਲਾ ਵਿਖੇ ਲੌਕ ਡਾਊਨ, ਕਰਫਿਊ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਾਉਣ ਲਈ ਡਿਊਟੀ ‘ਤੇ ਆਈ ਇੱਕ ਪੁਲਿਸ ਟੀਮ ‘ਤੇ ਕਾਰ ਚਾਲਕ ਨਿਹੰਗ ਸਿੰਘ ਨੇ ਤਲਵਾਰ ਨਾਲ ਹਮਲਾ ਕੀਤਾ ਸੀ। ਹਰਜੀਤ ਸਿੰਘ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਹਮਲੇ ਵਿੱਚ ਹਰਜੀਤ ਸਿੰਘ ਦਾ ਹੱਥ ਗੁੱਟ ਤੋਂ ਵੱਢਿਆ ਗਿਆ ਸੀ। ਚੰਡੀਗੜ੍ਹ ਵਿੱਚ ਸਥਿਤ ਪੀਜੀਆਈ ਮੈਡੀਕਲ ਕਾਲਜ ਹਸਪਤਾਲ ਦੇ ਡਾਕਟਰਾਂ ਨੇ ਉਸੇ ਦਿਨ ਆਪ੍ਰੇਸ਼ਨ ਕੀਤਾ ਅਤੇ ਉਸਦੇ ਵੱਢੇ ਹੋਏ ਹੱਥ ਨੂੰ ਮੁੜ ਤੋਂ ਜੋੜ ਦਿੱਤਾ। ਹਰਜੀਤ ਸਿੰਘ ਉਸ ਵੇਲੇ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਦੇ ਅਹੁਦੇ ‘ਤੇ ਤਾਇਨਾਤ ਸਨ ਪਰ ਵਾਰਦਾਤ ਤੋਂ ਫੌਰੀ ਬਾਅਦ ਉਨ੍ਹਾਂ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ (ਐੱਸਆਈ) ਦੇ ਅਹੁਦੇ ਵਜੋਂ ਤਰੱਕੀ ਦਿੱਤੀ ਗਈ।