ਪੰਜਾਬ ਪੁਲਿਸ: ਕਮਾਂਡੋ ਨੇ ਮਹਿਲਾ ਕਾਂਸਟੇਬਲ ‘ਤੇ ਪਹਿਲਾਂ ਗੋਲੀ ਚਲਾਈ ਅਤੇ ਫਿਰ ਖੁਦਕੁਸ਼ੀ ਕਰ ਲਈ

49
ਪੰਜਾਬ ਪੁਲਿਸ
ਕਮਾਂਡੋ ਕਾਂਸਟੇਬਲ ਗੁਰਸੇਵਕ ਸਿੰਘ ਅਤੇ ਲੇਡੀ ਕਾਂਸਟੇਬਲ ਅਮਨ ਪ੍ਰੀਤ ਕੌਰ

ਪੰਜਾਬ ਪੁਲਿਸ ਦੀ ਕਮਾਂਡੋ ਯੂਨਿਟ ਵਿੱਚ ਤਾਇਨਾਤ ਇੱਕ ਕਾਂਸਟੇਬਲ ਨੇ ਆਪਣੇ ਮਹਿਲਾ ਕਾਂਸਟੇਬਲ ਸਾਥੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਇਸ 32 ਸਾਲਾ ਕਮਾਂਡੋ ਸਿਪਾਹੀ ਦਾ ਨਾਂਅ ਗੁਰਸੇਵਕ ਸਿੰਘ ਅਤੇ ਮਹਿਲਾ ਸਿਪਾਹੀ ਦਾ ਨਾਂਅ ਅਮਨ ਪ੍ਰੀਤ ਕੌਰ ਸੀ। ਪੰਜਾਬ ਪੁਲਿਸ ਅਤੇ ਪੁਲਿਸ ਪਰਿਵਾਰਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਇਹ ਦੁਖਦਾਈ ਵਾਰਦਾਤ ਸ਼ਨੀਵਾਰ ਨੂੰ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਵਾਪਰੀ।

ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਕਾਂਸਟੇਬਲ ਗੁਰਸੇਵਕ ਸਿੰਘ ਕਮਾਂਡੋ ਯੂਨਿਟ ‘ਸਵੈਟ’ ਟੀਮ ਵਿੱਚ ਤਾਇਨਾਤ ਸੀ, ਜਦੋਂਕਿ ਅਮਨ ਪ੍ਰੀਤ ਫਿਰੋਜ਼ਪੁਰ ਛਾਉਣੀ ਥਾਣੇ ਵਿੱਚ ਕੰਪਿਊਟਰ ਆਪਰੇਟਰ ਵਜੋਂ ਤਾਇਨਾਤ ਸੀ। ਸ਼ਨੀਵਾਰ ਰਾਤ ਉਹ ਆਪਣੀ ਡਿਊਟੀ ਖਤਮ ਕਰਕੇ ਸਕੂਟੀ ‘ਤੇ ਵਾਪਸ ਆ ਰਹੀ ਸੀ। ਰਸਤੇ ਵਿੱਚ ਜਦੋਂ ਉਹ ਬਾਬਾ ਸ਼ੇਰ ਸ਼ਾਹ ਵਲੀ ਪੀਰ ਦੇ ਕੋਲ ਪਹੁੰਚੀ ਤਾਂ ਗੁਰਸੇਵਕ ਆਪਣੀ ਕਾਰ ਵਿੱਚ ਆ ਗਿਆ। ਪਹਿਲਾਂ ਗੁਰਸੇਵਕ ਨੇ ਅਮਨ ਦੀ ਸਕੂਟੀ ਨੂੰ ਕਾਰ ਨਾਲ ਟੱਕਰ ਮਾਰੀ। ਅਮਨ ਡਿੱਗ ਪਈ। ਇਸ ਤੋਂ ਬਾਅਦ ਗੁਰਸੇਵਕ ਨੇ ਆਪਣੀ ਬੰਦੂਕ ਨਾਲ ਇੱਕ ਤੋਂ ਬਾਅਦ ਇੱਕ ਚਾਰ-ਪੰਜ ਗੋਲੀਆਂ ਚਲਾਈਆਂ ਅਤੇ ਕਾਰ ਵਿੱਚ ਹੀ ਫਰਾਰ ਹੋ ਗਿਆ। ਇਸ ਤੋਂ ਬਾਅਦ ਉਹ ਤਲਵੰਡੀ ਚੌਕ ਨੇੜੇ ਪਿੰਡ ਡਗਰੂ ਪਹੁੰਚਿਆ। ਇੱਥੇ ਉਸ ਨੇ ਰਾਈਫਲ ਨਾਲ ਖੁਦ ਨੂੰ ਵੀ ਗੋਲੀ ਮਾਰ ਲਈ। ਹਾਲਾਂਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਪੁਲਿਸ ਅਨੁਸਾਰ ਅਮਨ ਕੌਰ ਨੂੰ ਚਾਰ ਗੋਲੀਆਂ ਲੱਗੀਆਂ। ਉਸ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਅਮਨ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਪੂਰੀ ਵਾਰਦਾਤ ਦਾ ਕਾਰਨ ਨਿੱਜੀ ਦੱਸਿਆ ਗਿਆ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਸਹੀ ਢੰਗ ਨਾਲ ਹੋਣ ਤੋਂ ਬਾਅਦ ਹੀ ਸਹੀ ਗੱਲ ਦਾ ਪਤਾ ਲੱਗੇਗਾ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਪਿੰਡ ਸਿਆਲ ਨੌਰੰਗ ਦਾ ਵਸਨੀਕ ਸੀ ਜਦਕਿ 26 ਸਾਲਾ ਮਹਿਲਾ ਕਾਂਸਟੇਬਲ ਅਮਨਪ੍ਰੀਤ ਕੌਰ ਜ਼ੀਰਾ ਦੇ ਪਿੰਡ ਚੂਚਕ ਦੀ ਵਸਨੀਕ ਸੀ। ਦੋਵੇਂ ਪੁਲਿਸ ਲਾਈਨ ਦੇ ਕੁਆਰਟਰ ਵਿੱਚ ਰਹਿੰਦੇ ਸਨ।