ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਪੰਜਾਬ ਦੇ ਪਟਿਆਲਾ ਵਿੱਚ ਕਰਫਿਊ ਲਾਗੂ ਕਰਾਉਣ ਦੌਰਾਨ ਨਿਹੰਗ ਸਿੰਘਾਂ ਦੇ ਹਮਲੇ ਵਿੱਚ ਹੱਥ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਹਥਿਆਰਬੰਦ ਹਮਲੇ ਵਿੱਚ ਹਿੰਮਤ ਦਿਖਾਉਂਦੇ ਹੋਏ ਡਿਊਟੀ ਦੀ ਪਾਲਣਾ ਕਰਨ ਵਾਲੇ ਅਤੇ ਹਮਲਾਵਰਾਂ ਦਾ ਸਾਹਮਣਾ ਕਰਨ ਵਾਲੇ ਦੂਜੇ ਪੁਲਿਸ ਮੁਲਾਜ਼ਮਾਂ ਨੂੰ ਵੀ ਪੁਲਿਸ ਦੇ ਡਾਇਰੈਕਟਰ ਜਨਰਲ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਹ ਪੁਲਿਸ ਅਧਿਕਾਰੀ ਹਨ: ਇੰਸਪੈਕਟਰ ਬਿੱਕਰ ਸਿੰਘ, ਜੋ ਕਿ ਪਟਿਆਲਾ ਸਦਰ ਥਾਣੇ ਦੇ ਐੱਸਐੱਚਓ ਹਨ। ਏਐੱਸਆਈ ਰਘਬੀਰ ਸਿੰਘ ਅਤੇ ਏਐੱਸਆਈ ਰਾਜ ਸਿੰਘ ਸ਼ਾਮਲ ਹਨ।
ਉਪਰੋਕਤ ਫੈਸਲਾ ਚੰਡੀਗੜ੍ਹ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ।
ਜਿਕਰਯੋਗ ਹੈ ਕਿ 12 ਅਪ੍ਰੈਲ ਦੀ ਸਵੇਰ ਨੂੰ ਪਟਿਆਲਾ ਵਿੱਚ ਕਰਫਿਊ ਦੌਰਾਨ ਸਬਜ਼ੀ ਮੰਡੀ ਵਿੱਚ ਆਵਾਜਾਈ ਨੂੰ ਕੰਟ੍ਰੋਲ ਕਰਨ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਆਦਿ ਲਈ ਡਿਊਟੀ ’ਤੇ ਬੈਠੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਹੋਇਆ ਸੀ ਜਦੋਂ ਉਨ੍ਹਾਂ ਨੇ ਨਿਹੰਗ ਸਿੰਘਾਂ ਨੂੰ ਕਾਰ ਵਿੱਚ ਰੋਕਿਆ ਅਤੇ ਕਰਫਿਊ ਪਾਸ ਮੰਗਿਆ ਗਿਆ ਸੀ, ਜੋ ਇਨ੍ਹਾਂ ਕੋਲ ਨਹੀਂ ਸੀ। ਇਸ ਘਟਨਾ ਵਿੱਚ ਨਿਹੰਗ ਨੇ ਏਐੱਸਆਈ ਹਰਜੀਤ ਸਿੰਘ ‘ਤੇ ਉਸ ਦੇ ਖੱਬੇ ਹੱਥ ‘ਤੇ ਹਮਲਾ ਕਰਕੇ ਗੁੱਟ ਤੋਂ ਹੱਥ ਵੱਖਰਾ ਕਰ ਦਿੱਤਾ ਸੀ। ਉਸੇ ਦਿਨ, ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਡਾਕਟਰਾਂ ਨੇ 7 ਘੰਟਿਆਂ ਦੀ ਕਰੜੀ ਮੁਸ਼ੱਕਤ ਉਪਰੰਤ ਏਐੱਸਆਈ ਹਰਜੀਤ ਸਿੰਘ ਦਾ ਹੱਥ ਮੁੜ ਜੋੜ ਦਿੱਤਾ ਸੀ।
ਇਸ ਘਟਨਾ ਦੇ ਸਮੇਂ ਪੁਲਿਸ ਟੀਮ ਦੇ ਨਾਲ, ਡਿਊਟੀ ‘ਤੇ ਤਾਇਨਾਤ ਮੰਡੀ ਬੋਰਡ ਦੇ ਅਧਿਕਾਰੀ ਨੂੰ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਸ਼ਲਾਘਾ ਪੱਤਰਾਂ ਅਤੇ ਡਿਸਕਸ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਨਿਯਮਾਂ ਅਨੁਸਾਰ ਅਜਿਹਾ ਸਨਮਾਨ ਦਿੱਤਾ ਜਾਣਾ ਇਕ ਗੈਰ-ਵਰਦੀ ਵਾਲੇ ਸਰਕਾਰੀ ਕਰਮਚਾਰੀ ਨੂੰ ਅਜਿਹਾ ਸਨਮਾਨ ਦੇਣਾ ਅਪਵਾਦ ਹੈ। ਦਰਅਸਲ, ਯਾਦਵਿੰਦਰ ਸਿੰਘ ਸਬਜ਼ੀ ਮੰਡੀ ਵਿੱਚ ਤਾਇਨਾਤ ਮੰਡੀ ਕਮੇਟੀ ਅਤੇ ਪੁਲਿਸ ਦੀ ਸਾਂਝੀ ਕਮੇਟੀ ਦਾ ਮੈਂਬਰ ਸੀ।
ਡਾਇਰੈਕਟਰ ਜਨਰਲ ਆਫ ਪੁਲਿਸ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਇਹ ਤਰੱਕੀਆਂ ਅਤੇ ਸਨਮਾਨ ਸ਼ਾਨਦਾਰ ਡਿਊਟੀ ਪਾਲਣ, ਉਕਸਾਉਣ ਦੇ ਬਾਵਜੂਦ ਸਬਰ, ਹਿੰਮਤ ਅਤੇ ਸਮਝਦਾਰੀ ਦਰਸਾਉਣ ਲਈ ਦਿੱਤੇ ਗਏ ਹਨ। ਇਹ ਅਜਿਹੀ ਘਟਨਾ ਹੈ ਜੋ ਪੁਲਿਸ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਡਰ ਤੋਂ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ।