ਭਾਰਤੀ ਪੁਲਿਸ ਸੇਵਾ (IPS) ਦੇ ਸੀਨੀਅਰ ਅਫ਼ਸਰ ਅਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਐੱਸਆਈਟੀ ਤੋਂ ਹਟਾਉਣ ਨੂੰ ਲੈ ਕੇ ਚੋਣ ਕਮਿਸ਼ਨ ਦੇ ਦਿੱਤੇ ਹੁਕਮਾਂ ‘ਤੇ, ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਕਾਂਗਰਸ ਸਰਕਾਰ ਤੇ ਚੋਣ ਕਮਿਸ਼ਨ ਆਹਮੋ ਸਾਹਮਣੇ ਨੇ। ਚੋਣ ਕਮਿਸ਼ਨ ਨੇ ਪੰਜਾਬ ਦੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ‘ਤੇ ਐੱਸਆਈਟੀ ਤੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ। ਇੱਥੇ ਜਿਕਰਯੋਗ ਹੈ ਕਿ ਅਕਾਲੀ ਦਲ ਐੱਨਡੀਏ ‘ਚ ਭਾਜਪਾ ਦਾ ਇੱਕ ਅਹਿਮ ਭਾਈਵਾਲ ਹੈ।
ਇਹ ਐੱਸਆਈਟੀ ਉਸ ਗੋਲੀਕਾਂਡ ਦੀ ਜਾਂਚ ਕਰ ਰਹੀ ਹੈ ਜਿਹੜਾ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਹਿਬਲ ਕਲਾਂ ਤੇ ਕੋਟਕਪੂਰਾ ‘ਚ ਵਾਪਰਿਆ ਸੀ। ਇਸ ਦੀ ਜਾਂਚ ਦਾ ਸੇਕ ਅਕਾਲੀ ਸਰਕਾਰ ਅਤੇ ਉਸ ਦੇ ਆਗੂਆਂ ਤੱਕ ਪਹੁੰਚ ਰਿਹਾ ਸੀ। ਇਸ ਵੱਲ ਇਸ਼ਾਰਾ ਖੁਦ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਨੇ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਉ ਚ ਕੀਤੇ ਸਵਾਲ-ਜਵਾਬ ਦੌਰਾਨ ਕੀਤਾ ਸੀ। ਇਸੇ ਨੂੰ ਮੁੱਦਾ ਬਣਾ ਕੇ ਅਕਾਲੀ ਦਲ ਨੇ ਹਾਲ ਹੀ ‘ਚ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ। ਸੋ ਕਮਿਸ਼ਨ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਐੱਸ.ਆਈ.ਟੀ. ਤੋਂ ਵੱਖ ਕਰਨ ਦਾ ਹੁਕਮ ਦਿੱਤਾ ਸੀ।
ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੱਖ ਵੱਖ ਕਾਨੂੰਨੀ, ਅਦਾਲਤੀ ਅਤੇ ਸੰਵਿਧਾਨਕ ਇਤਰਾਜਾਂ ਦਾ ਜਿਕਰ ਕਰਦਿਆਂ ਚੋਣ ਕਮਿਸ਼ਨ ਨੂੰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਇਸ ਸਿਲਸਿਲੇ ‘ਚ ਚਿੱਠੀ ਲਿੱਖੀ ਹੈ ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਐੱਸ.ਆਈ.ਟੀ. ਸੀ.ਆਰ.ਪੀ.ਸੀ. ਦੇ ਦਾਇਰੇ ‘ਚ ਨਿਰਪੱਖਤਾ ਨਾਲ ਜਾਂਚ ਕਰ ਰਹੀ ਹੈ, ਜੋ ਚੋਣ ਜਾਬਤੇ ਦੀ ਕਿਸੇ ਵੀ ਤਰੀਕੇ ਉਲੰਘਣਾ ਨਹੀਂ ਹੈ।
ਚਿੱਠੀ ‘ਚ ਇਹ ਵੀ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਦਾ ਕੁੰਵਰ ਵਿਜੈ ਪ੍ਰਤਾਪ ਨੂੰ ਹਟਾਉਣ ਦਾ, ਕਮਿਸ਼ਨ ਦਾ 5 ਅਪ੍ਰੈਲ ਦਾ ਹੁਕਮ ਨਾ ਸਿਰਫ਼ ਜਾਂਚ ‘ਚ ਦਖਲ ਹੈ ਸਗੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 23 ਜਨਵਰੀ ਨੂੰ ਦਿੱਤੇ ਉਸ ਫੈਸਲੇ ‘ਤੇ ਵੀ ਸਵਾਲ ਖੜੇ ਕਰਦਾ ਹੈ ਜਿਸ ਰਾਹੀਂ ਐੱਸ.ਆਈ.ਟੀ. ਦੇ ਗਠਨ ‘ਤੇ ਅਤੇ ਜਾਂਚ ਦੇ ਤਰੀਕੇ ‘ਤੇ ਇਤਰਾਜ਼ ਨੂੰ ਖਾਰਿਜ ਕਰ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਈਜੀ ਦਾ ਇੰਟਰਵਿਉ ਸਬੰਧੀ ਪੱਖ ਪੂਰਦਿਆਂ ਕਿਹਾ ਕਿ ਇਸ ਨੂੰ ਸਹੀ ਮੰਨਿਆ ਜਾਣਾ ਚਾਹੀਦਾ ਹੈ ਕਿਉਂ ਜੋ ਉਨ੍ਹਾਂ ਸਵਾਲਾਂ ਦੇ ਸਹੀ ਜਵਾਬ ਦਿੱਤੇ ਸਨ ਅਤੇ ਸਿਆਸੀ ਸਵਾਲਾਂ ਦੇ ਜਵਾਬ ਦੇਣ ਤੋਂ ਗੁਰੇਜ਼ ਕੀਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਚਿੱਠੀ ‘ਚ ਚੋਣ ਕਮਿਸ਼ਨ ਦੇ ਹੁਕਮ ਦੀ ਪੰਜਾਬ ਸਰਕਾਰ ਵੱਲੋਂ ਸਹੀ ਤਰੀਕੇ ਨਾਲ ਪਾਲਣਾ ਦਾ ਵੇਰਵਾ ਵੀ ਦਿੱਤਾ ਹੈ। ਚਿੱਠੀ ‘ਚ ਇਹ ਵੀ ਕਿਹਾ ਗਿਆ ਹੈ ਕਿ ਜਿਸ ਸ਼ਿਕਾਇਤ ਦੇ ਅਧਾਰ ‘ਤੇ ਕੁੰਵਰ ਵਿਜੈ ਪ੍ਰਤਾਪ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਉਹ ਉਸ ਅਪੀਲ ਵਾਂਗ ਹੀ ਹੈ ਜਿਸ ‘ਚ ਇਹ ਕੇਸ ਕੇਂਦਰੀ ਜਾਂਚ ਬਿਉਰੋ ਨੂੰ ਸੌਂਪੇ ਜਾਣ ਦੀ ਮੰਗ ਕੀਤੀ ਸੀ ਅਤੇ ਜਿਸ ਨੂੰ ਹਾਈਕੋਰਟ ਨੇ ਖਾਰਿਜ ਕਰ ਦਿੱਤਾ ਸੀ।
ਆਈਜੀ ਸਿਆਸਤ ਦਾ ਮੋਹਰਾ:
ਦੂਜੇ ਪਾਸੇ ਸ਼ਿਕਾਇਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ‘ਤੇ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਜਾਂਚ ‘ਤੇ ਅਸਰ ਪਾਉਣਾ ਨਹੀਂ ਹੈ ਅਤੇ ਨਾ ਹੀ ਉਹ ਐੱਸਆਈਟੀ ਦੇ ਕਿਸੇ ਮੈਂਬਰ ਦੇ ਖਿਲਾਫ ਨੇ। ਉਨ੍ਹਾਂ ਕਿਸੇ ਹੋਰ ਨਹੀਂ ਸਗੋਂ ਇਕੱਲੋ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਸੀ। ਅਕਾਲੀ ਆਗੂਆਂ ਦਾ ਇਲਜਾਮ ਹੈ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਕਾਂਗਰਸ ਦੀ ਸਿਆਸਤ ਦਾ ਮੋਹਰਾ ਬਣ ਗਏ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸੱਜਾ ਹੱਥ ਬਣੇ ਹੋਏ ਨੇ।