ਆਲਮੀ ਮਹਾਂਮਾਰੀ ਕੋਵਿਡ 19 ਦੇ ਇਨਫੈਕਸ਼ਨ ਨਾਲ ਲੜਦਿਆਂ ਪੰਜਾਬ ਪੁਲਿਸ ਦੇ ਅਧਿਕਾਰੀ ਅਨਿਲ ਕੋਹਲੀ ਨੇ ਅੱਜ ਆਪਣੀ ਜਾਨ ਦੇ ਦਿੱਤੀ। ਅਨਿਲ ਕੋਹਲੀ ਪੰਜਾਬ ਦੇ ਮੈਨਚੈਸਟਰ ਕਹੇ ਜਾਂਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਸਹਾਇਕ ਕਮਿਸ਼ਨਰ ਪੁਲਿਸ (ਏਸੀਪੀ- ACP) ਤਾਇਨਾਤ ਸਨ। ਉਨ੍ਹਾਂ ਨੂੰ 13 ਅਪ੍ਰੈਲ ਨੂੰ ਨੋਵਲ ਕੋਰੋਨਾ ਵਾਇਰਸ (COVID 19) ਹੋਣ ਦੀ ਤਸਦੀਕ ਹੋਈ ਸੀ। ਸ੍ਰੀ ਕੋਹਲੀ ਨੂੰ ਇਲਾਜ ਲਈ ਲੁਧਿਆਣਾ ਦੇ ਐੱਸਪੀਐੱਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸ੍ਰੀ ਕੋਹਲੀ ਦੀ ਮੌਤ ਕੋਵਿਡ ਸੰਕਟ ਨਾਲ ਲੋਹਾ ਲੈ ਰਹੀ ਪੰਜਾਬ ਪੁਲਿਸ ਲਈ ਇੱਕ ਵੱਡਾ ਝਟਕਾ ਹੈ।
52 ਸਾਲਾ ਏਸੀਪੀ ਅਨਿਲ ਕੋਹਲੀ ਕੋਵਿਡ 19 ਪਾਜੀਟਿਵ ਪਾਏ ਜਾਣ ਤੋਂ ਬਾਅਦ, ਰਾਜ ਸਰਕਾਰ ਨੇ ਐੱਸਪੀਐੱਸ ਹਸਪਤਾਲ ਨੂੰ ਉਨ੍ਹਾਂ ਦੀ ਪਲਾਜ਼ਮਾ ਥੈਰੇਪੀ ਵਿੱਚ ਸਹਾਇਤਾ ਕਰਨ ਲਈ ਮੈਡੀਕਲ ਟੀਮ ਨੂੰ ਪ੍ਰਵਾਨਗੀ ਹਾਲੀਆ ਸਮੇਂ ਦੌਰਾਨ ਉਸ ਵੇਲੇ ਦਿੱਤੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਰਾਜ ਵਿੱਚ ਕੋਵਿਡ 19 ਦੀ ਸਮੀਖਿਆ ਕਰਨ ਲਈ ਵੀਡੀਓ ਕਾਨਫਰੰਸ ਕੀਤੀ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਇਸੇ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਪਲਾਜ਼ਮਾ ਥੈਰੇਪੀ ਦੇ ਤਹਿਤ ਮਰੀਜ਼ ਨੂੰ ਉਨ੍ਹਾਂ ਲੋਕਾਂ ਦੇ ਪਲਾਜ਼ਮਾ ਵਾਲਾ ਟੀਕਾ ਲਗਾਇਆ ਜਾਂਦਾ ਹੈ ਜਿਹੜੇ ਵਾਇਰਸ ਦੇ ਪ੍ਰਭਾਵਾਂ ਤੋਂ ਬਾਅਦ ਠੀਕ ਹੋ ਗਏ ਹਨ ਭਾਵ ਜਿਨ੍ਹਾਂ ਦੇ ਸਰੀਰ ਵਿੱਚ ਉਸ ਬਿਮਾਰੀ ਦੇ ਵਾਇਰਸ (ਐਂਟੀਬਾਡੀਜ਼) ਨਾਲ ਲੜਨ ਦੀ ਯੋਗਤਾ ਵਿਕਸਤ ਕੀਤੀ ਹੈ। ਉਨ੍ਹਾਂ ਦਾ ਪਲਾਜ਼ਮਾ ਮਰੀਜ਼ ਨੂੰ ਚੜ੍ਹਾਇਆ ਜਾਂਦਾ ਹੈ ਤਾਂ ਕਿ ਵਾਇਰਸ ਨਾਲ ਲੜਨ ਲਈ ਉਸ ਦੇ ਸਰੀਰ ਵਿੱਚ ਐਂਟੀਬਾਡੀਜ਼ ਵੀ ਵਿਕਸਤ ਹੋ ਸਕਣ। ਏਸੀਪੀ ਅਨਿਲ ਕੁਮਾਰ ਕੋਹਲੀ ਦਾ ਇਸ ਤਰੀਕੇ ਨਾਲ ਕੋਵਿਡ 19 ਵਾਇਰਸ ਦਾ ਇਸ ਢੰਗ ਨਾਲ ਇਲਾਜ ਕਰਨ ਦਾ ਪੰਜਾਬ ਵਿੱਚ ਇਹ ਪਹਿਲਾ ਕੇਸ ਹੈ।
ਪੰਜਾਬ ਭਾਰਤ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਕੋਵਿਡ 19 ਵਾਇਰਸ ਸਭ ਤੋਂ ਪਹਿਲਾਂ ਸ਼ੁਰੂ ਹੋਈ ਅਤੇ ਜਿੱਥੇ ਸਭਤੋਂ ਪਹਿਲਾਂ ਲੌਕਡਾਊਨ ਅਤੇ ਕਰਫਿਊ ਵਰਗੇ ਢੰਗ ਅਪਣਾਏ ਗਏ ਸਨ। ਹੁਣ ਤੱਕ ਪੰਜਾਬ ਵਿੱਚ ਕੋਵਿਡ 19 ਦੇ 219 ਪਾਜ਼ੀਟਿਵ ਕੇਸ ਪਾਏ ਗਏ ਹਨ ਅਤੇ 16 ਮਰੀਜ਼ ਇਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਹੁਣ ਤੱਕ 31 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।