ਮੋਟਰਸਾਈਕਲ ਸਵਾਰੀ ਦੀ ਸ਼ੋਕੀਨ ਉੱਤਰ ਪ੍ਰਦੇਸ਼ ਦੀ ਪੂਜਾ ਯਾਦਵ ਸ਼੍ਰੀ ਕ੍ਰਿਸ਼ਨ ਦੀ ਨਗਰੀ ਤੋਂ ਖਾਸ ਤਰ੍ਹਾਂ ਦਾ ਸੁਨੇਹਾ ਭਾਰਤ ਦੇ ਹਰ ਕੋਨੇ ਤੇ ਪਹੁੰਚਾਉਣ ਲਈ ਭਾਵੇਂ ਇੱਕਲੀ ਹੀ ਆਪਣੀ ਬੁਲੇਟ ਮੋਟਰਸਾਈਕਲ ਤੇ ਨਿੱਕਲੀ ਹੈ ਪਰ ਉਸਦੇ ਸਮਰਥਨ ਅਤੇ ਮਦਦ ਲਈ ਪੁਲਿਸ ਤੋਂ ਲੈ ਕੇ ਸਮਾਜ ਸੇਵੀ ਅਤੇ ਬਾਈਕ ਰਾਈਡਿੰਗ ‘ਚ ਰੁਚੀ ਰੱਖਣ ਵਾਲੇ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਦਿੱਲੀ ਦੇ ਨੇੜੇ ਨੋਇਡਾ ‘ਚ ਟਰੈਫਿਕ ਪੁਲਿਸ ਅਤੇ ਸੜਕ ਸੁਰੱਖਿਆ ਦੇ ਕੰਮ ‘ਚ ਐਨ ਜੀ ਓ ਟ੍ਰੈਕ ਵੱਲੋਂ ਆਯੋਜਿਤ ਸਮਾਰੋਹ ‘ਚ ਪੂਜਾ ਯਾਦਵ ਦੀ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਹੋਈ।
ਜੀਵਨ ਬੀਮੇ ਦਾ ਕੰਮ ਕਰਨ ਵਾਲੀ 32 ਸਾਲ਼ਾ ਪੂਜਾ ਯਦਵ ਆਪਣਾ ਸੁਨੇਹ ਵੀ ਜੀਵਨ ਦੀ ਸੁਰੱਖਿਅਤਾ ਨੂੰ ਲੈ ਕੇ ਨਿੱਕਲੀ ਹੈ ਪਰ ਇਹ ਸੁਨੇਹਾ ਖਾਸ ਤੌਰ ਤੇ ਮਹਿਲਾਵਾਂ ਲਈ ਹੈ। ਪੂਜਾ ਬਾਈਕ ਰਾਈਡਿੰਗ ਦੀ ਗਤੀ ਤੇ ਕਾਬੂ ਪਾਉਣ ਅਤੇ ਬਚਾਅ ਪੱਖ ਦੀ ਹਿਮਾਇਤ ਕਰਦੀ ਹੈ। ਪੂਜਾ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਸੜਕ ਹਾਦਸੇ ‘ਚ ਕਿਸੇ ਇਨਸਾਨ ਦੀ ਜਾਨ ਜਾਂਦੀ ਹੈ ਤਾਂ ਉਸਦਾ ਸਭ ਤੋਂ ਵੱਡਾ ਨਿੱਜੀ ਨੁਕਸਾਨ ਮਹਿਲਾਵਾਂ ਨੂੰ ਹੀ ਹੁੰਦਾ ਹੈ, ਕਿਉਂਕਿ ਉਸ ਹਾਲਤ ‘ਚ ਕਿਸੇ ਮਹਿਲਾ ਨੇ ਆਪਣਾ ਪੁੱਤਰ, ਕਿਸੇ ਨੇ ਆਪਣਾ ਪਤੀ ਕਿਸੇ ਬੇਟੀ ਨੇ ਆਪਣਾ ਪਿਤਾ ਤੇ ਕਿਸੇ ਭੈਣ ਨੇ ਆਪਣਾ ਭਾਈ ਗਵਾਇਆ ਹੁੰਦਾ ਹੈ। ਇਸਲਈ ਜਿੱਥੇ ਆਵਾਜਾਈ ਨਿਯਮਾਂ ਦਾ ਪਾਲਣ ਕਰਨਾ ਅਤੇ ਵਾਹਨਾਂ ਨੂੰ ਨਿਯੰਤਰਿਤ ਗਤੀ ਨਾਲ ਚਲਾਉਣਾ ਜ਼ਰੂਰੀ ਹੈ ਉੱਥੇ ਹੀ ਦੋ ਪਹਿਆ ਵਾਹਨ ਚਲਾਉਣ ਵਾਲਿਆਂ ਲਈ ਹੈਲਮੇਟ ਪਾਉਣਾ ਵੀ ਜ਼ਰੂਰੀ ਹੈ।
ਹਾਲ ਹੀ ਦੇ ਕੁੱਝ ਕੁ ਸਾਲਾਂ ‘ਚ ਆਟੋਮੈਟਿਕ ਗੇਅਰ ਜਾਂ ਸਕੂਟੀ ਜਿਹੇ ਦੋ ਪਹਿਆ ਵਾਹਨਾਂ ਦੇ ਆਉਣ ਨਾਲ ਵਾਹਨਾਂ ਨੂੰ ਚਲਾਉਣ ਵਾਲਿਆਂ ਮਹਿਲਾਵਾਂ ਦੀ ਗਿਣਤੀ ‘ਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ, ਪਰ ਇਸ ਦੇ ਉਲਟ ਮਹਿਲਾਵਾਂ ਹੈਲਮੇਟ ਪਹਿਨਣ ‘ਚ ਬਹੁਤ ਘੱਟ ਦਿਲਚਸਪੀ ਲੈਂਦੀਆਂ ਹਨ। ਪੂਜਾ ਵੱਖ ਵੱਖ ਰਾਜਾਂ ‘ਚ ਮਹਿਲਾ ਸਮੂਹਾਂ ਨਾਲ ਮਿਲ ਕੇ ਉਹਨਾਂ ਨੂੰ ਹੈਲਮੇਟ ਦੀ ਵਰਤੋਂ ਦੇ ਲਈ ਪ੍ਰੇਰਿਤ ਤੇ ਜਾਗਰੂਕ ਕਰੇਗੀ।
ਪੂਜਾ ਯਾਦਵ ਇਸ ਗੱਲ ਤੇ ਵਧੇਰੇ ਜ਼ੋਰ ਦੇ ਰਹੀ ਹੈ ਕਿ ਸੁਰੱਖਿਆ ਲਈ ਹੈਲਮੇਟ ਜਿਹੀਆਂ ਵਸਤਾਂ ਦੀ ਵਰਤੋਂ ਲਿਆਉਣ ਦੇ ਨਾਲ ਜ਼ਰੂਰੀ ਹੈ ਕਿ ਉਹਨਾਂ ਵਸਤਾਂ ਦੀ ਗੁਣਵੱਤਾ ਵੀ ਹੋਵੇ।ਇਸ ਲਈ ਹੈਲਮੇਟ ਵੀ ਆਈ ਐੱਸ ਆਈ(ISI) ਮਾਰਕ ਵਾਲਾ ਹੋਣਾ ਚਾਹੀਦਾ। ‘ਹੈਲਮੇਟ ਪਾਓ ਜਾਗਰੂਕਤਾ’ ਮੁਹਿੰਮ ਤੇ ਨਿੱਕਲੀ ਪੂਜਾ ਯਾਦਵ ਦਾ ਮੰਗਲਵਾਰ ਨੂੰ ਹਰਿਆਣਾ ਤੋਂ ਬਾਅਦ ਪਹਿਲਾ ਪੜਾਅ ਟ੍ਰੌਏ ਸਿਟੀ ਚੰਡੀਗੜ੍ਹ ਹੈ। ਉਸ ਤੋਂ ਬਾਅਦ ਉਹ ਪੰਜਾਬ ਅਤੇ ਰਾਜਸਥਾਨ ਵੱਲ ਆਪਣਾ ਰੁਖ ਕਰੇਗੀ। ਪਹਿਲਾਂ ਉਸਦਾ ਮਕਸਦ ਇੱਕ ਵਾਰ ‘ਚ ਹੀ ਬਾਈਕ ਰਾਈਡਿੰਗ ਕਰਦੇ ਸਾਰੇ ਰਾਜਾਂ ਵਿੱਚ ਜਾਣ ਦਾ ਸੀ ਪਰ ਇੱਕ ਮਾਂ ਹੋਣ ਦੇ ਨਾਤੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਉਹ ਹੀ ਸੰਭਾਲਦੀ ਹੈ ਇਸਲਈ ਉਹ ਇਸ ਮੁਹਿੰਮ ਨੂੰ ਵੱਖ ਵੱਖ ਚਰ ਪੜਾਵਾਂ ‘ਚ ਪੂਰਾ ਕਰੇਗੀ।
ਪੂਜਾ ਦਾ ਕਹਿਣਾ ਹੈ ਕਿ ਉਸਦੀ ਗੇਰ ਮੌਜ਼ੂਦਗੀ ‘ਚ ਉਸ ਦੇ 12 ਸਾਲਾਂ ਪੁੱਤਰ ਦਾ ਧਿਆਨ ਅਤੇ ਪੜ੍ਹਾਈ ਦੀ ਜ਼ਿੰਮੇਵਾਰੀ ਬੈਂਕ ‘ਚ ਕੰਮ ਕਰਦੇ ਉਸਦੇ ਪਤੀ ਬ੍ਰਿਜੇਸ਼ ਨਿਭਾਉਣਗੇ। ਮਜ਼ੇਦਾਰ ਗੱਲ ਇਹ ਹੈ ਕਿ ਪੂਜਾ ਦੇ ਪਤੀ ਬ੍ਰਿਜੇਸ਼ ਵੀ ਬਾਈਕ ਰਾਈਡਿੰਗ ਦੇ ਸ਼ੋਕੀਨ ਹਨ ਅਤੇ ਜੇ ਕਦੇ ਉਹ ਰਾਈਡਿੰਗ ਕਰਦੇ ਦੂਰ ਨਿੱਕਲ ਜਾਂਦੇ ਹਨ ਤਾਂ ਘਰ ਦੀ ਸਾਰੀ ਜ਼ਿੰਮੇਵਾਰੀ ਪੂਜਾ ਸੰਭਾਲਦੀ ਹੈ।
ਬਾਈਕ ਰਾਹੀਂ ਲੰਬਾ ਸਫ਼ਰ ਕਰ ਚੁੱਕੀ ਪੂਜਾ ਯਾਦਵ ਲੇਹ ਲਦਾਖ਼ ਦੇ ਪਹਾੜੀ ਰੂਟ ਦਾ ਵੀ ਮਜ਼ਾ ਲੈ ਚੁੱਕੀ ਹੈ। ਪਰ ਉਸ ਨੂੰ ਬਾਈਕ ਚਲਾਉਂਦੇ ਹੋਏ ਹੈ ਢਾਈ ਕੁ ਸਾਲ ਹੀ ਹੋਏ ਹਨ। ਪੂਜਾ ਨੂੰ ਬਾਈਕ ਰਾਈਡਿੰਗ ਦਾ ਸ਼ੋਂਕ ਆਪਣੇ ਪਤੀ ਬ੍ਰਿਜੇਸ਼ ਤੋਂ ਹੀ ਪਿਆ। ਪੂਜਾ ਦੱਸਦੀ ਹੈ ਕਿ ਪਹਿਲਾਂ ਦੋਵੇਂ ਇੱਕੋ ਬਾਈਕ ਤੇ ਹੀ ਜਾਂਦੇ ਸਨ, ‘ਉਦੋਂ ਬ੍ਰਿਜੇਸ਼ ਬਾਈਕ ਚਲਾਉਂਦੇ ਸਨ ਅਤੇ ਪੂਜਾ ਨੂੰ ਪਿੱਛੇ ਬੈਠੇ ਬੈਠੇ ਅਕੇਵਾਂ ਆ ਜਾਂਦਾ ਸੀ ਪਰ ਜਦੋਂ ਇਹ ਗੱਲ ਪਤੀ ਨੂੰ ਦੱਸੀ ਤਾਂ ਉਹਨਾਂ ਨੇ ਪੂਜਾ ਨੂੰ ਬਾਈਕ ਚਲਾਉਣ ਲਈ ਕਿਹਾ’, ਅਤੇ ਜਦੋਂ ਪੂਜਾ ਨੇ ਬਾਈਕ ਚਲਾਉਣ ਲਈ ਹਾਂ ਕੀਤੀ ਤਾਂ ਬ੍ਰਿਜੇਸ਼ ਨੇ ਪੂਜਾ ਨੂੰ ਬਾਈਕ ਸਿਖਾਈ।
ਹੁਣ ਪੂਜਾ ਯਾਦਵ ਇੱਕ ਦਿਨ ‘ਚ 800 -900 ਕਿਲੋਮੀਟਰ ਸਫ਼ਰ ਬਾਈਕ ਰਾਹੀਂ ਪੂਰਾ ਕਰਦੀ ਲੈਂਦੀ ਹੈ। ਅੱਜ ਪੂਜਾ ਕਈ ਮਹਿਲਾਵਾਂ ਲਈ ਮਿਸਾਲ ਬਣੀ ਪਰ ਉਸ ਦੀ ਮਿਸਾਲ ਉਸਦੇ ਹੀ ਜਨਮ ਸਥਾਨ ਹਾਥਰਸ ਦੇ ਨੇੜੇ ਦੀ ਤਾਜ਼ ਨਗਰੀ ਆਗਰਾ ਦੀ ਪੱਲਵੀ ਫੋਜਦਾਰ ਹੈ ਜਿਸ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡ ‘ਚ ਬਾਈਕ ਰਾਈਡਿੰਗ ਕਰਨ ਹੀ ਦਰਜ਼ ਹੈ। ਭਾਰਤ ਦੇ ਰਾਸ਼ਟਰਪਤੀ ਹੱਥੋਂ ਨਾਰੀ ਸ਼ਕਤੀ ਸਨਮਾਨ ਨਾਲ ਸਨਮਾਨਿਤ ਕੀਤੀ ਜਾ ਚੁੱਕੀ 39 ਸਾਲਾਂ ਪੱਲਵੀ ਫੋਜਦਾਰ ਹੁਣ ਰਾਜਧਾਨੀ ਦਿੱਲੀ ਵਿੱਚ ਰਹਿੰਦੀ ਹੈ।
ਬ੍ਰਿਜ ਖੇਤਰ ਦੇ ਨਾਂ ਤੋਂ ਹੀ ਬਣਾਏ ਗਏ ਬ੍ਰਿਜ ਬੋਰਨ ਬੈਕਰ ਗਰੁੱਪ ‘ਚ ਕਿਰਿਆਸ਼ੀਲ ਪੂਜਾ ਯਾਦਵ ਹੋਰ ਵੀ ਬਾਇਕਰਸ ਗਰੁੱਪ ਦਾ ਹਿੱਸਾ ਹੈ। ਪੂਜਾ ਬਾਈਕ ਰਾਈਡਿੰਗ ਦੇ ਆਪਣੇ ਸ਼ੋਕ ਨੂੰ ਪੂਰਾ ਕਰਨ ਦੇ ਨਾਲ ਨਾਲ ਉਹ ਇਸੇ ਹੀ ਜ਼ਰੀਏ (ਬਾਈਕ ਰਾਈਡਿੰਗ) ਸਮਾਜ ਲਈ ਕੁੱਝ ਚੰਗਾ ਕਰਨ ਦੀ ਇੱਛਾ ਰੱਖਦੀ ਹੈ।
( ਰੱਖਿਅਕ ਨਿਊਜ਼ ਡਾਤ ਇਨ ਵੱਲੋਂ ਪੂਜਾ ਯਾਦਵ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਅਤੇ ਉਹਨਾਂ ਦੇ ਮੁਹਿੰਮ ਦੀ ਸਫ਼ਲਤਾ ਲਈ ਕਾਮਨਾ ਕੀਤੀ ਜਾਂਦੀ ਹੈ। ਜੇਕਰ ਤੁਹਾਨੂੰ ਇਹ ਖ਼ਬਰ ਪ੍ਰੇਰਨਾਦਾਇਕ ਅਤੇ ਚੰਗੀ ਲੱਗੀ ਤਾਂ ਇਸ ਨੂੰ ਦੂਜਿਆਂ ਨਾਲ ਜ਼ਰੂਰ ਸਾਂਝੀ ਕਰੋ)