ਕਸ਼ਮੀਰ ਵਿੱਚ ਅਗਵਾ ਪੁਲਿਸ ਮੁਲਾਜ਼ਮ ਨੂੰ ਛੁਡਾਇਆ ਗਿਆ: ਮੁਠਭੇੜ ਵਿੱਚ ਦੋ ਅੱਤਵਾਦੀ ਮਾਰੇ ਗਏ

149
ਕਸ਼ਮੀਰ ਵਿੱਚ ਮੁਠਭੇੜ

ਜੰਮੂ-ਕਸ਼ਮੀਰ ਵਿੱਚ ਇੱਕ ਪੁਲਿਸ ਕਾਂਸਟੇਬਲ ਨੂੰ ਅਗਵਾ ਕਰਕੇ ਲੈ ਗਏ ਦੋ ਅੱਤਵਾਦੀਆਂ ਨੂੰ ਸੁਰੱਖਿਆ ਦਸਤਿਆਂ ਨੇ ਮੁੱਠਭੇੜ ਦੌਰਾਨ ਮਾਰ ਮੁਕਾਇਆ ਅਤੇ ਸਿਪਾਹੀ ਨੂੰ ਸੁਰੱਖਿਅਤ ਬਚਾ ਲਿਆ ਗਿਆ। ਹਾਲਾਂਕਿ ਸ਼ੁੱਕਰਵਾਰ ਨੂੰ ਇਸ ਕਾਰਵਾਈ ‘ਚ ਇੱਕ ਸਿਪਾਹੀ ਵੀ ਜ਼ਖ਼ਮੀ ਹੋ ਗਿਆ। ਮ੍ਰਿਤਕ ਅੱਤਵਾਦੀਆਂ ਦਾ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧ ਦੱਸਿਆ ਜਾ ਰਿਹਾ ਹੈ। ਛੁਡਾਇਆ ਗਿਆ ਸਿਪਾਹੀ ਸਰਤਾਜ ਰੇਲਵੇ ਪੁਲਿਸ ਫੋਰਸ (ਆਰਪੀਐੱਫ) ਵਿੱਚ ਤਾਇਨਾਤ ਹੈ ਅਤੇ ਬਾਰਾਮੂਲਾ ਦੇ ਪਿੰਡ ਸ਼ੇਰਪੁਰਾ ਦਾ ਰਹਿਣ ਵਾਲਾ ਹੈ।

ਅੱਤਵਾਦੀਆਂ ਨੇ ਸਰਤਾਜ ਨੂੰ ਉਸਦੇ ਘਰੋਂ ਅਗਵਾ ਕਰ ਲਿਆ। ਜੰਮੂ-ਕਸ਼ਮੀਰ ਪੁਲਿਸ ਨੇ ਸ਼ੁੱਕਰਵਾਰ ਰਾਤ ਨੂੰ ਇੱਕ ਟਵਿੱਟਰ ਸੰਦੇਸ਼ ਵਿੱਚ ਕਿਹਾ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇੱਕ ਸੰਖੇਪ ਮੁਕਾਬਲੇ ਵਿੱਚ ਕੁਲਗਾਮ ਦੇ ਯੇਰੀਪੁਰਾ ਵਿੱਚ ਅਗਵਾ ਕੀਤੇ ਗਏ ਇੱਕ ਸਿਪਾਹੀ ਨੂੰ ਬਚਾਇਆ ਅਤੇ ਦੋ ਅੱਤਵਾਦੀ ਮਾਰੇ ਗਏ ਪਰ ਇਸ ਸਿਲਸਿਲੇ ਵਿੱਚ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ।

ਦਰਅਸਲ, ਸਿਪਾਹੀ ਦੇ ਅਗਵਾ ਹੋਣ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਹੀ ਅਧਿਰਾਕੀਆਂ ਨੂੰ ਦਿੱਤੀ ਸੀ, ਜਿਸਦੇ ਫੌਰੀ ਬਾਅਦ ਇਲਾਕੇ ਵਿੱਚ ਖੋਜ ਮੁਹਿੰਮ ਵਿੱਢੀ ਗਈ ਅਤੇ ਸਿਪਾਹੀ ਨੂੰ ਰਿਹਾਅ ਕਰਵਾਉਣ ਲਈ ਓਪ੍ਰੇਸ਼ਨ ਚਲਾਇਆ ਗਿਆ। ਕੁਝ ਹੀ ਮਿੰਟਾਂ ਵਿੱਚ ਯੇਰੀਪੁਰਾ ਦੇ ਨਾਕੇ ‘ਤੇ ਇਕ ਚਿੱਟੀ ਕਾਰ ਵਿੱਚ ਸਵਾਰ ਲੋਕਾਂ ਨੇ ਫਾਇਰਿੰਗ ਕੀਤੀ। ਇਹ ਉਹੀ ਅੱਤਵਾਦੀ ਸਨ, ਜਿਨ੍ਹਾਂ ਨੇ ਸਰਤਾਜ ਨੂੰ ਅਗਵਾ ਕੀਤਾ ਸੀ। ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਤਕਰੀਬਨ 10 ਮਿੰਟ ਤਕ ਗੋਲੀਬਾਰੀ ਹੋਈ ਅਤੇ ਇਸ ਦੌਰਾਨ ਅਗਵਾ ਕੀਤੇ ਗਏ ਸਿਪਾਹੀ ਨੂੰ ਰਿਹਾਅ ਕਰਵਾ ਲਿਆ ਗਿਆ ਪਰ ਇਕ ਜਵਾਨ ਜ਼ਖ਼ਮੀ ਹੋ ਗਿਆ।

ਦੋ ਦਿਨਾਂ ਅੰਦਰ ਦੂਜੀ ਵਾਰਦਾਤ:

ਕਸ਼ਮੀਰ ਵਿੱਚ ਦੋ ਦਿਨਾਂ ਵਿੱਚ ਇਹ ਦੂਜੀ ਵਾਰਦਾਤ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਨੂੰ ਅਗਵਾ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ੋਪੀਆਂ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਅਗਵਾ ਕੀਤਾ ਗਿਆ ਸੀ। ਉਸ ਕੇਸ ਵਿੱਚ ਵੀ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅਗਵਾ ਕੀਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਅੱਤਵਾਦੀਆਂ ਤੋਂ ਮੁਕਤ ਕਰਵਾ ਲਿਆ।

ਸੁਰੱਖਿਆ ਕਰਮਚਾਰੀਆਂ ਨੂੰ ਸਲਾਹ:

ਇੱਕ ਪਾਸੇ ਕੋਰੋਨਾ ਵਾਇਰਸ ਸੰਕਟ ਅਤੇ ਦੂਜੇ ਪਾਸੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਦੇ ਬਾਵਜੂਦ ਅੱਤਵਾਦੀ ਸਰਗਰਮੀਆਂ ਵੱਖ-ਵੱਖ ਚੁਣੌਤੀਆਂ ਪੈਦਾ ਕਰ ਰਹੀਆਂ ਹਨ। ਕੁਝ ਸੁਰੱਖਿਆ ਮੁਲਾਜ਼ਮ ਛੁੱਟੀ ‘ਤੇ ਘਰ ਚਲੇ ਗਏ ਹਨ। ਖ਼ਾਸ ਕਰਕੇ ਦੱਖਣੀ ਕਸ਼ਮੀਰ ਵਿੱਚ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਸਾਵਧਾਨ ਰਹਿਣ ਅਤੇ ‘ਲੋ ਪ੍ਰੋਫਾਈਲ’ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਸਲ ਵਿੱਚ ਇੱਥੇ ਜੰਮੀ ਬਰਫ ਗਰਮੀ ਦੇ ਮੌਸਮ ਵਿੱਚ ਪਿਘਲਣੀ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਅੱਤਵਾਦੀਆਂ ਦੀ ਘੁਸਪੈਠ ਵਰਗੀਆਂ ਸਰਗਰਮੀਆਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ।