ਦਿੱਲੀ ਦਾ ਬਿਹਤਰੀਨ ਥਾਣਾ ਬਣਿਆ ਕਸ਼ਮੀਰੀ ਗੇਟ, ਗ੍ਰਹਿ ਮੰਤਰਾਲੇ ਦਾ ਐਲਾਨ

283
ਦਿੱਲੀ ਪੁਲਿਸ
ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਥਾਣਾ ਇੰਚਾਰਜ ਇੰਸਪੈਕਟਰ ਦੇਵੇਂਦਰ ਕੁਮਾਰ ਨੂੰ ਸਰਟੀਫਿਕੇਟ ਸੌਂਪਿਆ

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਉੱਤਰੀ ਦਿੱਲੀ ਦੇ ਕਸ਼ਮੀਰੀ ਗੇਟ ਥਾਣੇ ਨੂੰ ਦਿੱਲੀ ਦਾ ਸਭ ਤੋਂ ਬਿਹਤਰ ਥਾਣਾ ਐਲਾਨਿਆ ਹੈ। ਇਸ ਥਾਣੇ ਨੂੰ ਵੱਖ-ਵੱਖ ਪੈਮਾਨਿਆਂ ਦੇ ਅਧਾਰ ‘ਤੇ ਸਾਲ 2018 ਦੀ ਰੈਂਕਿੰਗ ‘ਚ ਸਭ ਤੋਂ ਉਪਰਲੀ ਥਾਂ ਹਾਸਿਲ ਹੋਈ। ਇਸੇ ਕਰਕੇ ਇਸ ਥਾਣੇ ਨੂੰ ਬਿਹਤਰੀਨ ਕੰਮ ਕਰਨ ਦਾ ਸਰਟੀਫਿਕੇਟ ਵੀ ਦਿੱਤਾ ਗਿਆ। ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਗਿਆ ਸਰਟੀਫਿਕੇਟ ਥਾਣੇ ਦੇ ਇੰਚਾਰਜ ਇੰਸਪੈਕਟਰ ਦੇਵੇਂਦਰ ਕੁਮਾਰ ਨੂੰ ਦਿੱਤਾ।

ਦਿੱਲੀ ਪੁਲਿਸ
ਸਰਟੀਫਿਕੇਟ

ਦਿੱਲੀ ਪੁਲਿਸ ਦੀ ਪ੍ਰੈਸ ਰਿਲੀਜ਼ ਮੁਤਾਬਿਕ ਇਹ ਸਰਟੀਫਿਕੇਟ ਦੇਂ ਤੋਂ ਪਹਿਲਾਂ ਜਿਹੜਾ ਮੁਲਾਂਕਣ ਕੀਤਾ ਗਿਆ ਸੀ ਉਸ ‘ਚ ਥਾਣੇ ਦੀ ਇਮਾਰਤ ਦੀ ਸਾਂਭ ਸੰਭਾਲ ਤੋਂ ਲੈ ਕੇ ਸੰਜੀਦਾ ਮਾਮਲਿਆਂ ਦੀ ਤਫਤੀਸ਼ ਨੂੰ ਤਾਂ ਪਰਖਿਆ ਹੀ ਗਿਆ ਸੀ ਨਾਲ ਹੀ ਇਹ ਵੀ ਵੇਖਿਆ ਗਿਆ ਸੀ ਕਿ ਫੇਸਬੁੱਕ ਅਤੇ ਮੀਡੀਆ ਰਾਹੀਂ ਆਈਆਂ ਸ਼ਿਕਾਇਤਾਂ ਨੂੰ ਨਬੇੜਨ ਦਾ ਕਿੰਨਾ ਕੰਮ ਕੀਤਾ ਗਿਆ ਅਤੇ ਉੱਥੇ ਰਿਕਾਰਡ ਅਤੇ ਕੇਸ ਪ੍ਰਾਪਰਟੀ ਸਾਂਭਣ ਦੀ ਕੀ ਵਿਵਸਥਾ ਕੀਤੀ ਗਈ ਹੈ। ਥਾਣਿਆਂ ਦੀ ਜਾਂਚ ਵੇਲੇ ਇਹ ਵੀ ਵੇਖਿਆ ਗਿਆ ਸੀ ਕਿ ਉੱਥੇ ਆਉਣ ਵਾਲੇ ਲੋਕਾਂ ਨਾਲ ਪੁਲਿਸ ਦਾ ਵਤੀਰਾ ਕੀ ਹੈ ਅਤੇ ਉਨ੍ਹਾਂ ਨੂੰ ਉੱਥੇ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜਾਂ ਨਹੀਂ।

ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਨੇ ਇਹ ਵੇਖਿਆ ਵੀ ਅਤੇ ਇਸ ਦੀ ਸ਼ਲਾਘਾ ਵੀ ਕੀਤੀ ਕਿ ਕਸ਼ਮੀਰੀ ਗੇਟ ਥਾਣੇ ਦੀ ਪੁਲਿਸ ਨੇ ਹਨੂੰਮਾਨ ਮੰਦਿਰ ਇਲਾਕੇ ‘ਚ ਨਸ਼ੇ ਖਿਲਾਫ ਚਲਾਈ ਗਈ ਖਾਸ ਮੁਹਿੰਮ ਤਹਿਤ ਪਛਾਣੇ ਗਏ, ਨਸ਼ੇ ਦੇ ਆਦੀ ਹੋ ਚੁੱਕੇ ਬੱਚਿਆਂ ਨੂੰ ਨਸ਼ਾ ਮੁਕਤ ਕਰਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੀ ਦਿਸ਼ਾ ਵੱਲ ਵੀ ਕਾਮਯਾਬੀ ਨਾਲ ਕੰਮ ਕੀਤਾ ਗਿਆ ਹੈ।

ਸਰਟੀਫਿਕੇਟਟ ਦਿੱਤੇ ਜਾਣ ਵੇਲੇ ਸਪੈਸ਼ਲ ਕਮਿਸ਼ਨਰ ਸੰਦੀਪ ਗੋਇਲ (ਕਾਨੂੰਨ ਵਿਵਸਥਾ, ਉੱਤਰੀ ਦਿੱਲੀ), ਮੱਧ ਦਿੱਲੀ ਰੇਂਜ ਦੇ ਜੁਆਇੰਟ ਕਮਿਸ਼ਨਰ ਰਾਜੇਸ਼ ਖੁਰਾਨਾ ਅਤੇ ਉੱਤਰੀ ਜ਼ਿਲੇ ਦੀ ਡੀਸੀਪੀ ਨੁਪੁਰ ਪ੍ਰਸਾਦ ਵੀ ਮੌਜੂਦ ਸਨ। ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਇਸ ਕਾਮਯਾਬੀ ਲਈ ਉੱਤਰ ਜ਼ਿਲੇ ਦੇ ਅਫਸਰਾਂ ਨੂੰ ਵਧਾਈਆਂ ਦਿੱਤੀਆਂ।