ਸੁਰੱਖਿਆ ਬਲਾਂ ਦੀ ਕਾਰਵਾਈ ਤੋਂ ਨਿਰਾਸ਼ ਅੱਤਵਾਦੀ ਸਮੂਹ ਜੰਮੂ-ਕਸ਼ਮੀਰ ‘ਚ ਲਗਾਤਾਰ ‘ਟਾਰਗੇਟ ਕਿਲਿੰਗ’ ਕਰ ਰਹੇ ਹਨ। ਜੰਮੂ-ਕਸ਼ਮੀਰ ਪੁਲਿਸ ਦੇ ਸਬ ਇੰਸਪੈਕਟਰ ਫਾਰੂਕ ਅਹਿਮਦ ਮੀਰ ਦਾ ਕਤਲ ਵੀ ਇਸੇ ਲੜੀ ਦੀ ਕੜੀ ਮੰਨਿਆ ਜਾ ਰਿਹਾ ਹੈ। ਕਸ਼ਮੀਰ ਜ਼ੋਨ ਪੁਲਿਸ ਦੇ ਅਨੁਸਾਰ, ਐੱਸਆਈ ਫਾਰੂਕ ਅਹਿਮਦ ਮੀਰ ਦੀ ਲਾਸ਼ ਅੱਜ ਸਵੇਰੇ ਸਾਂਬੂਰਾ ਪਿੰਡ ਵਿੱਚ ਉਸਦੇ ਘਰ ਦੇ ਨੇੜੇ ਇੱਕ ਝੋਨੇ ਦੇ ਖੇਤ ਵਿੱਚੋਂ ਮਿਲੀ। ਉਸ ਦੀ ਛਾਤੀ ‘ਤੇ ਗੋਲੀ ਦਾ ਨਿਸ਼ਾਨ ਮਿਲਿਆ ਹੈ।
ਐੱਸਆਈ ਫਾਰੂਕ ਅਹਿਮਦ ਮੀਰ ਭਾਰਤੀ ਰਿਜ਼ਰਵ ਪੁਲਿਸ (ਆਈਆਰਬੀ) ਦੀ 23 ਬਟਾਲੀਅਨ ਵਿੱਚ ਤਾਇਨਾਤ ਸੀ ਅਤੇ ਛੁੱਟੀ ਹੋਣ ਕਰਕੇ ਘਰ ਵਿੱਚ ਸੀ। ਸ਼ਾਮ ਨੂੰ ਉਹ ਖੇਤ ‘ਚ ਕੰਮ ਲਈ ਘਰੋਂ ਨਿਕਲਿਆ ਸੀ, ਜਿੱਥੇ ਅੱਤਵਾਦੀਆਂ ਨੇ ਉਸ ਨੂੰ ਪਿਸਤੌਲ ਨਾਲ ਗੋਲੀ ਮਾਰ ਦਿੱਤੀ।
ਐੱਸਆਈ ਫਾਰੂਕ ਮੀਰ ਅਹਿਮਦ ਦਾ ਪਿੰਡ ਪੁਲਵਾਮਾ ਜ਼ਿਲ੍ਹੇ ਦੀ ਪੰਪੋਰ ਤਹਿਸੀਲ ਵਿੱਚ ਹੈ। ਫਾਰੂਕ ਅਹਿਮਦ ਮੀਰ 23 ਆਈਆਰਬੀ ਬਟਾਲੀਅਨ ਸੀਟੀਸੀ ਲਾਠਪੁਰਾ ਵਿੱਚ ਐੱਸਆਈ ਦੇ ਅਹੁਦੇ ’ਤੇ ਸਨ ਜਿੱਥੇ ਦਫ਼ਤਰੀ ਕੰਮ ਆਮ ਤੌਰ ’ਤੇ ਕੀਤਾ ਜਾਂਦਾ ਹੈ। ਐੱਸਆਈ ਫਾਰੂਕ ਅਹਿਮਦ ਮੀਰ ਇਸ ਸਾਲ ਜੰਮੂ-ਕਸ਼ਮੀਰ ਵਿੱਚ ਅੱਤਵਾਦ ਨਾਲ ਸਬੰਧਤ ਘਟਨਾਵਾਂ ਵਿੱਚ ਆਪਣੀ ਜਾਨ ਗੁਆਉਣ ਵਾਲੇ ਨੌਵੇਂ ਪੁਲਿਸ ਮੁਲਾਜ਼ਮ ਹਨ। ਅੱਤਵਾਦੀਆਂ ਨਾਲ ਮੁਕਾਬਲੇ ‘ਚ 2 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਜਦਕਿ 7 ਟਾਰਗੇਟ ਕਿਲਿੰਗ ਦਾ ਸ਼ਿਕਾਰ ਹੋਏ। ਇਨ੍ਹਾਂ ‘ਚੋਂ ਜ਼ਿਆਦਾਤਰ ‘ਤੇ ਉਦੋਂ ਹਮਲਾ ਕੀਤਾ ਗਿਆ ਜਦੋਂ ਉਹ ਡਿਊਟੀ ‘ਤੇ ਨਹੀਂ ਸਨ।
ਇਸ ਸਾਲ ਜਨਵਰੀ ਤੋਂ ਲੈ ਕੇ 6 ਮਹੀਨਿਆਂ ‘ਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ‘ਚ ਪੁਲਸ ਮੁਲਾਜ਼ਮਾਂ, ਸਰਕਾਰੀ ਮੁਲਾਜ਼ਮਾਂ ਅਤੇ ਪਿੰਡਾਂ ਦੇ ਮੁਖੀਆਂ ਸਮੇਤ ਲਗਭਗ 20 ਲੋਕਾਂ ਨੂੰ ਚੁਣ-ਚੁਣ ਕੇ ਮਾਰ ਦਿੱਤਾ ਹੈ। ਜ਼ਿਆਦਾਤਰ ਕਤਲ ਉਨ੍ਹਾਂ ਦੇ ਕੰਮ ਵਾਲੀ ਥਾਂ ਜਾਂ ਘਰ ‘ਤੇ ਨੇੜਿਓਂ ਗੋਲੀ ਮਾਰ ਕੇ ਕੀਤੇ ਗਏ ਹਨ। ਹਾਲਾਂਕਿ ਸੁਰੱਖਿਆ ਬਲਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਨ੍ਹਾਂ ‘ਚੋਂ ਕੁਝ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਵੀ ਮੁਕਾਬਲੇ ‘ਚ ਮਾਰੇ ਗਏ ਹਨ। ਲੱਗਦਾ ਹੈ ਕਿ ਕਿਸੇ ਖਾਸ ਮਕਸਦ ਅਤੇ ਸਾਜ਼ਿਸ਼ ਦੇ ਮੱਦੇਨਜ਼ਰ ਇੱਥੇ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ।