ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਇੰਸਪੈਕਟਰ ਨੂੰ ਸਰੇਆਮ ਗੋਲੀ ਮਾਰ ਦਿੱਤੀ। ਪਰਵੇਜ਼ ਅਹਿਮਦ ਡਾਰ ਨਾਮ ਦਾ ਇਹ ਇੰਸਪੈਕਟਰ ਸੀਆਈਡੀ ਵਿੱਚ ਤਾਇਨਾਤ ਸੀ ਅਤੇ ਇਹ ਵਾਰਦਾਤ ਮੰਗਲਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਉਹ ਨਮਾਜ਼ ਅਦਾ ਕਰਕੇ ਘਰ ਪਰਤ ਰਿਹਾ ਸੀ।
ਰਾਜਧਾਨੀ ਸ੍ਰੀਨਗਰ ਵਿੱਚ ਇਸ ਵਾਰਦਾਤ ‘ਤੇ ਅਫਸੋਸ ਜ਼ਾਹਰ ਕਰਦਿਆਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇੰਸਪੈਕਟਰ ਪਰਵੇਜ਼ ਅਹਿਮਦ ਡਾਰ ਦੇ ਪਰਿਵਾਰ ਨਾਲ ਸੋਗ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਪਰਵੇਜ਼ ਅਹਿਮਦ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ।
ਦੂਜੇ ਪਾਸੇ, ਅਨੰਤਨਾਗ ਦੇ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਇਮਤਿਆਜ਼ ਹੁਸੈਨ ਨੇ ਇਸ ਵਾਰਦਾਤ ਨੂੰ ਅੱਤਵਾਦੀਆਂ ਦੀ ਕਾਇਰਾਨਾ ਕਾਰਵਾਈ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇੰਸਪੈਕਟਰ ਪਰਵੇਜ਼ ਇੱਕ ਹੁਸ਼ਿਆਰ ਪੁਲਿਸ ਅਧਿਕਾਰੀ ਸੀਨ ਜੋ ਹਮੇਸ਼ਾ ਮੁਸਕੁਰਾਉਂਦੇ ਰਹਿੰਦੇ ਸਨ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਹਮੇਸ਼ਾ ਮਹਿਸੂਸ ਕੀਤੀ ਜਾਏਗੀ।
ਇਹ ਵਾਰਦਾਤ ਸ੍ਰੀਨਗਰ ਦੇ ਬਾਹਰੀ ਇਲਾਕੇ ਨੌਵਗਾਮ ਵਿੱਚ ਕਨੀਪੋਰਾ ਮਸਜਿਦ ਨੇੜੇ ਵਾਪਰੀ। ਜਦੋਂ ਇੰਸਪੈਕਟਰ ਪਰਵੇਜ਼ ਅਹਿਮਦ ਨਮਾਜ਼ ਅਦਾ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ ਤਾਂ ਅੱਤਵਾਦੀ ਜੋ ਪਹਿਲਾਂ ਤੋਂ ਹੀ ਘੇਰਣ ਲਈ ਤਿਆਰ ਬੈਠੇ ਸਨ ਅਤੇ ਉਨ੍ਹਾਂ ਪਿੱਛੇ ਇੰਸਪੈਕਟਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਹ ਪੂਰੀ ਵਾਰਦਾਤ ਨੇੜਲੇ ਲਗਾਏ ਗਏ ਸੀਸੀਟੀਵੀ ਵਿੱਚ ਵੀ ਦਰਜ ਕੀਤੀ ਗਈ ਹੈ। ਵੀਡੀਓ ਰਿਕਾਰਡਿੰਗ ਵਿੱਚ ਦੋ ਅੱਤਵਾਦੀ ਪਿੱਛੇ ਤੋਂ ਪਰਵੇਜ਼ ਅਹਿਮਦ ‘ਤੇ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਹਮਲੇ ਤੋਂ ਬਾਅਦ ਅੱਤਵਾਦੀ ਭੱਜ ਗਏ।
ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਇੰਸਪੈਕਟਰ ਪਰਵੇਜ਼ ਨੂੰ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਲਿਜਾਇਆ ਗਿਆ ਪਰ ਉਹ ਰਸਤੇ ਵਿੱਚ ਹੀ ਆਪਣੀ ਜਾਨ ਗੁਆ ਬੈਠੇ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ ਸਨ। ਪਰਵੇਜ਼ ਅਹਿਮਦ ਡਾਰ ਨੂੰ ਸਾਲ 2000 ਵਿੱਚ ਜੰਮੂ-ਕਸ਼ਮੀਰ ਪੁਲਿਸ ਵਿੱਚ ਇੱਕ ਸਬ-ਇੰਸਪੈਕਟਰ ਵਜੋਂ ਭਰਤੀ ਕੀਤਾ ਗਿਆ ਸੀ। ਉਹ ਆਪਣੇ ਪਿੱਛੇ ਪਤਨੀ, ਦੋ ਬੱਚੇ 13 ਅਤੇ 10 ਸਾਲ ਦੇ ਛੱਡ ਗਏ ਹਨ।