ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ, ਉਹੀ ਅਧਿਕਾਰੀ ਥਾਣਿਆਂ ਅਤੇ ਪੁਲਿਸ ਚੌਕੀਆਂ ਦੇ ਇੰਚਾਰਜ ਵਜੋਂ ਤਾਇਨਾਤ ਹੋਣਗੇ, ਜੋ ਇਸਦੇ ਲਈ ਤੈਅ ਕੀਤੀ ਗਈ ਇੰਟਰਵਿਊ ਦੀ ਪ੍ਰਕਿਰਿਆ ਪਾਸ ਕਰਨਗੇ। ਸੀਨੀਅਰ ਸੁਪਰਿੰਟੈਂਡੈਂਟ (ਐੱਸਐੱਸਪੀ- SSP) ਨੇ ਇੱਥੇ ਇੰਟਰਵਿਊ ਲੈਣਾ ਸ਼ੁਰੂ ਕਰ ਦਿੱਤਾ ਹੈ। ਇੰਟਰਵਿਊ ਦੀ ਇਸ ਪ੍ਰਕਿਰਿਆ ਦੇ ਤਹਿਤ, ਪੁਲਿਸ ਅਧਿਕਾਰੀ ਦੀ ਯੋਗਤਾ, ਕਾਰਜ ਕੁਸ਼ਲਤਾ, ਜਾਣਕਾਰੀ, ਜੁਰਮ ਦੀ ਸਮਝ ਅਤੇ ਪੁਰਾਣੇ ਸੇਵਾ ਰਿਕਾਰਡ ਨੂੰ ਵੇਖਿਆ ਜਾਂਦਾ ਹੈ। ਇਸ ਦੀ ਸ਼ੁਰੂਆਤ ਦੇ ਤਹਿਤ ਚਾਰ ਸਬ ਇੰਸਪੈਕਟਰਾਂ ਨੂੰ ਪੋਸਟਿੰਗ ਦਿੱਤੀ ਗਈ ਹੈ।
ਸ਼ੁੱਕਰਵਾਰ ਨੂੰ ਪੁਲਿਸ ਥਾਣਿਆਂ ਅਤੇ ਪੁਲਿਸ ਚੌਕੀਆਂ ਦਾ ਇੰਚਾਰਜ ਬਣਨ ਦੇ ਇੱਛੁਕ 25 ਅਧਿਕਾਰੀ ਪੁਲਿਸ ਲਾਈਨ ਵਿੱਚ ਅਜਿਹੇ ਇੰਟਰਵਿਊ ਲਈ ਆਏ ਸਨ। ਉਨ੍ਹਾਂ ਵਿੱਚੋਂ ਸਿਰਫ ਚਾਰ ਅਫਸਰ ਪ੍ਰਕਿਰਿਆ ਨੂੰ ਪਾਸ ਕਰ ਸਕੇ। ਸਾਰੇ ਚਾਰਾਂ ਨੂੰ ਉਸੇ ਸਮੇਂ ਅਹੁਦੇ ਦਾ ਇੰਚਾਰਜ ਲਗਾਇਆ ਗਿਆ। ਐੱਸਐੱਸਪੀ ਕਲਾਨਿਧੀ ਨੈਥਾਨੀ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਸਿਫਾਰਸ਼ਾਂ ਜਾਂ ਹੋਰ ਢੰਗ-ਤਰੀਕਿਆਂ ਦੇ ਅਧਾਰ ‘ਤੇ ਤਾਇਨਾਤੀ ਨੂੰ ਖਤਮ ਕਰਕੇ ਸ਼ੁਰੂ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਪਾਰਦਰਸਿਤਾ ਰਹੇ।
ਇੰਟਰਵਿਊ ਪਾਸ ਕਰਨ ਵਾਲਿਆਂ ਵਿੱਚ ਸ਼ਸ਼ੀ ਕੁਮਾਰ ਨੂੰ ਸਾਹਿਬਾਬਾਦ ਥਾਣੇ ਅਧੀਨ ਸ਼ਾਲੀਮਾਰ ਗਾਰਡਨ ਚੌਕੀ ਦਾ ਇੰਚਾਰਜ, ਪ੍ਰਦੀਪ ਸਿੰਘ ਨੂੰ ਕਵੀਨਗਰ ਥਾਣੇ ਦੀ ਸ਼ਾਸਤਰੀ ਨਗਰ ਚੌਕੀ, ਬ੍ਰਿਜੇਸ਼ ਕੁਮਾਰ ਨੂੰ ਨਗਰ ਕੋਤਵਾਲੀ ਦੇ ਘੰਟਾਘਰ ਪੁਲਿਸ ਚੌਕੀ ਅਤੇ ਰਾਘਵੇਂਦਰ ਸਿੰਘ ਨੂੰ ਵਿਜੇਨਗਰ ਥਾਣਾ ਖੇਤਰ ਵਿੱਚ ਪ੍ਰਤਾਪ ਵਿਹਾਰ ਚੌਕੀ ਦਾ ਚਾਰਜ ਦੇ ਦਿੱਤਾ ਗਿਆ।