ਕੋਵਿਡ 19 ਇਨਫੈਕਸ਼ਨ ਖਿਲਾਫ ਲੜਦਿਆਂ ਇੰਸਪੈਕਟਰ ਯਸ਼ਵੰਤ ਪਾਲ ਸ਼ਹੀਦ, ਮਿਲੇਗਾ ਕਰਮਵੀਰ ਸਨਮਾਨ

143
ਉੱਜੈਨ ਦੇ ਨੀਲਗੰਗਾ ਥਾਣੇ ਦੇ ਇੰਚਾਰਜ ਇੰਸਪੈਕਟਰ ਯਸ਼ਵੰਤ ਪਾਲ।

ਆਲਮੀ ਮਹਾਂਮਾਰੀ ਕੋਵਿਡ-19 ਸੰਕਟ ਕਰਕੇ ਭਾਰਤ ਦੇ ਸਭ ਤੋਂ ਵੱਧ ਸੰਘਰਸ਼ਸ਼ੀਲ ਸੂਬਾ ਮੱਧ ਪ੍ਰਦੇਸ਼ ਖ਼ਾਸ ਕਰਕੇ ਪੁਲਿਸ ਲਈ ਇੱਕ ਹੋਰ ਬੁਰੀ ਖ਼ਬਰ ਹੈ। ਇੰਦੌਰ ਦੇ ਜੂਨੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਦੇਵੇਂਦਰ ਚੰਦਰਵੰਸ਼ੀ ਦੀ ਮੌਤ ਤੋਂ ਬਾਅਦ ਹੁਣ ਮਹਾਕਾਲ ਉੱਜੈਨ ਸ਼ਹਿਰ ਤੋਂ ਵੀ ਅਜਿਹੀ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉੱਜੈਨ ਦੇ ਨੀਲਗੰਗਾ ਥਾਣੇ ਦੇ ਇੰਚਾਰਜ ਇੰਸਪੈਕਟਰ ਯਸ਼ਵੰਤ ਪਾਲ ਨੇ ਵੀ ਕੋਰੋਨਾ ਵਾਇਰਸ ਖਿਲਾਫ ਲੜਦਿਆਂ ਆਪਣੀ ਜਾਨ ਦੇ ਦਿੱਤੀ।

ਉੱਜੈਨ ਨੂੰ ਨੋਵੇਲ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੌਕਡਾਊਨ ਦੀ ਸਖ਼ਤੀ ਨਾਲ ਪਾਲਣਾ ਕਰਾਉਣ ਵਿੱਚ ਲਗਾਤਾਰ ਜੁੱਟੇ ਰਹੇ ਨੀਲਗੰਗਾ ਥਾਣੇ ਦੇ ਇੰਚਾਰਜ ਇੰਸਪੈਕਟਰ ਯਸ਼ਵੰਤ ਪਾਲ ਖੁਦ ਵੀ ਇਸ ਵਾਇਰਸ ਦੀ ਲਪੇਟ ਵਿੱਚ ਆ ਗਏ ਸਨ। 6 ਅਪ੍ਰੈਲ ਨੂੰ ਕੋਵਿਡ 19 ਦੇ ਲੱਛਣ ਪਾਏ ਜਾਣ ਤੋਂ ਬਾਅਦ ਕੋਵਿਡ ਦੀ ਰਿਪੋਰਟ ਪੋਜੀਟਿਵ ਆਈ। ਸ਼ੁਰੂ ਵਿੱਚ ਉਨ੍ਹਾਂ ਦਾ ਇਲਾਜ ਉੱਜੈਨ ਦੇ ਮੈਡੀਕਲ ਕਾਲਜ ਵਿੱਚ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਇਲਾਜ ਲਈ ਇੰਦੌਰ ਦੇ ਅਰਵਿੰਦੋ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰ ਵਿਨੋਦ ਭੰਡਾਰੀ ਅਨੁਸਾਰ ਇੰਸਪੈਕਟਰ ਯਸ਼ਵੰਤ ਪਾਲ ਦਾ ਇੱਥੇ 10 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਪਰ ਮੰਗਲਵਾਰ 21 ਅਪ੍ਰੈਲ ਨੂੰ ਇੰਸਪੈਕਟਰ ਯਸ਼ਵੰਤ ਪਾਲ ਨੇ ਇੱਥੇ ਆਖਰੀ ਸਾਹ ਲਏ।

ਵਾਇਰਸ ਦੀ ਜਕੜ ਵਿੱਚ:

ਦਰਅਸਲ, ਉੱਜੈਨ ਦੇ ਅੰਬਰ ਕਲੋਨੀ ਵਿੱਚ ਸੰਤੋਸ਼ ਵਰਮਾ ਨਾਂਅ ਦੇ 19 ਸਾਲਾ ਦੀ ਕੋਵਿਡ 19 ਕਰਕੇ ਮੌਤ ਤੋਂ ਬਾਅਦ ਇੰਸਪੈਕਟਰ ਯਸ਼ਵੰਤ ਪਾਲ ਇੱਥੇ ਬੰਦੋਬਸਤ ਕਰਨ ਵੱਲ ਵਧੇਰੇ ਧਿਆਨ ਦੇ ਰਹੇ ਸਨ। 31 ਮਾਰਚ ਨੂੰ ਉਨ੍ਹਾਂ ਨੇ ਇੱਥੇ ਇੱਕ ਨੌਜਵਾਨ ਦੀ ਹੱਤਿਆ ਦੇ ਮਾਮਲੇ ਦੀ ਵੀ ਪੜਤਾਲ ਕੀਤੀ। ਹਾਲਾਂਕਿ, ਉਹ ਥਾਣੇ ਦੇ ਪਿੱਛੇ ਬਣੇ ਮਕਾਨ ਵਿੱਚ ਹੀ ਰਹਿੰਦੇ ਸਨ ਅਤੇ ਇਸ ਸਮੇਂ ਦੌਰਾਨ ਉਹ ਇੰਦੌਰ ਵੀ ਨਹੀਂ ਗਏ ਸਨ, ਜਿੱਥੇ ਉਨ੍ਹਾਂ ਦੀ ਪਤਨੀ ਅਤੇ ਬੱਚੇ ਹਨ। ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਮਿਲਣ ਲਈ ਇੱਥੇ ਆਏ ਸਨ।

ਪਰਿਵਾਰਕ ਅਤੇ ਸਹਿਭਾਗੀ ਕੁਆਰੰਟੀਨ:

ਮੂਲ ਤੌਰ ‘ਤੇ ਬੁਰਹਾਨਪੁਰ ਦੇ ਰਹਿਣ ਵਾਲੇ ਯਸ਼ਵੰਤ ਪਾਲ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਧੀਆਂ ਹਨ। ਇਹ ਪਰਿਵਾਰ ਇੰਦੌਰ ਦੇ ਵਿਜੇ ਨਗਰ ਵਿੱਚ ਰਹਿੰਦਾ ਹੈ। ਪਤਨੀ ਮੀਨਾ ਪਾਲ ਤਹਿਸੀਲਦਾਰ ਹੈ। ਇੰਸਪੈਕਟਰ ਯਸ਼ਵੰਤ ਪਾਲ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਉਸ ਦੀ ਪਤਨੀ ਮੀਨਾ ਅਤੇ ਦੋਵੇਂ ਬੇਟੀਆਂ ਫਾਲਗੁਨੀ ਅਤੇ ਈਸ਼ਾ ਨੂੰ ਇੱਕ ਹੋਟਲ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ। ਉਹ ਲਗਭਗ 15 ਦਿਨਾਂ ਤੋਂ ਅਲੱਗ ਅਲੱਗ ਹਨ ਪਰ ਅਜੇ ਤੱਕ ਉਨ੍ਹਾਂ ਦੀ ਜਾਂਚ ਰਿਪੋਰਟ ਨਹੀਂ ਮਿਲੀ ਹੈ। ਇੰਸਪੈਕਟਰ ਯਸ਼ਵੰਤ ਪਾਲ ਦੇ ਸੰਪਰਕ ਵਿੱਚ ਆਏ 12 ਪੁਲਿਸ ਮੁਲਾਜ਼ਮਾਂ ਨੂੰ ਵੀ ਏਕਾਂਤਵਾਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਮਕਬੂਲ ਪੁਲਿਸ ਅਧਿਕਾਰੀ:

ਮਹਿਕਮੇ ਵਿੱਚ ਆਪਣੇ ਕੰਮ ਅਤੇ ਕਿੱਸੇ ਕਹਾਣੀਆਂ ਕਰਕੇ ਮਕਬੂਲ 59 ਸਾਲਾ ਇੰਸਪੈਕਟਰ ਯਸ਼ਵੰਤ ਪਾਲ ਜਨਤਾ ਵਿੱਚ ਵੀ ਇੱਕ ਚੰਗੇ ਪੁਲਿਸ ਮੁਲਾਜ਼ਮ ਵਜੋਂ ਜਾਣੇ ਜਾਂਦੇ ਸਨ। ਡਿਊਟੀ ਨਿਭਾਉਣ ਦੇ ਨਾਲ-ਨਾਲ ਇੰਸਪੈਕਟਰ ਯਸ਼ਵੰਤ ਪਾਲ ਨੇ ਹਮੇਸ਼ਾ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕੀਤੀ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਪੁਲਿਸ ਵਿਭਾਗ ਦੇ ਨਾਲ ਨਾਗਰਿਕਾਂ ਨੂੰ ਵੀ ਬੇਹੱਦ ਦਰਦ ਮਹਿਸੂਸ ਹੋ ਰਿਹਾ ਹੈ। ਇਸੇ ਕਾਰਨ ਮੱਧ ਪ੍ਰਦੇਸ਼ ਪੁਲਿਸ ਦੇ ਇੰਸਪੈਕਟਰ ਨੂੰ ਵਰ੍ਹਿਆਂ ਤੱਕ ਯਾਦ ਰੱਖਿਆ ਜਾਵੇਗਾ।

ਪੁਲਿਸ ਵਿੱਚ ਧੀ ਦੀ ਨੌਕਰੀ:

ਸੋਗ ਵਿੱਚ ਡੁੱਬੇ ਪਰਿਵਾਰ ਨੂੰ ਰਾਜ ਸਰਕਾਰ ਵੱਲੋਂ ਸੁਰੱਖਿਆ ਛੱਤਰੀ ਦੇ ਤੌਰ ‘ਤੇ 50 ਲੱਖ ਰੁਪਏ, ਅਸਧਾਰਨ ਪੈਨਸ਼ਨ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਫਾਲਗੁਨੀ ਨੂੰ ਸਬ-ਇੰਸਪੈਕਟਰ ਨਿਯੁਕਤ ਕਰਨ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਸੰਦੇਸ਼ ਟਵੀਟ ਕਰਕੇ ਇੰਸਪੈਕਟਰ ਯਸ਼ਵੰਤ ਪਾਲ ਦੀ ਮੌਤ ‘ਤੇ ਸ਼ੋਗ ਪ੍ਰਗਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਇੰਸਪੈਕਟਰ ਪਾਲ ਨੂੰ ਮਰਨ ਉਪਰੰਤ ਕਰਮਵੀਰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।