ਜੰਮੂ ਕਸ਼ਮੀਰ ਪੁਲਿਸ ਸੇਵਾ (JKPS) ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਦੇ ਸਭ ਤੋਂ ਵੱਧ ਅਫਸਰਾਂ ਨੂੰ ਭਾਰਤੀ ਪੁਲਿਸ ਸੇਵਾ (IPS) ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਗਿਣਤੀ 27 ਹੈ ਅਤੇ ਉਨ੍ਹਾਂ ਨੂੰ ਅਰੁਣਾਚਲ ਪ੍ਰਦੇਸ਼ – ਗੋਆ – ਮਿਜ਼ੋਰਮ – ਕੇਂਦਰ ਸ਼ਾਸਤ ਪ੍ਰਦੇਸ਼ (AGMUT) ਕੇਡਰ ਵਿੱਚ ਸ਼ਾਮਲ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਤਿੰਨ ਸਾਲਾਂ ਵਿੱਚ ਇਹ ਅਜਿਹਾ ਪਹਿਲਾ ਮੌਕਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹਾਲਾਂਕਿ ਇਸ ਸੂਚੀ ਵਿੱਚ 28 ਜੇਕੇਪੀਐੱਸ ਅਧਿਕਾਰੀਆਂ ਦੇ ਨਾਮ ਸਨ ਜਿਨ੍ਹਾਂ ਨੂੰ ਆਈਪੀਐੱਸ ਲਈ ਚੁਣਿਆ ਗਿਆ ਸੀ, ਪਰ ਉਨ੍ਹਾਂ ਵਿੱਚੋਂ ਇੱਕ ਅਨਿਲ ਕੁਮਾਰ ਮਗੋਤਰਾ ਦੇ ਸੇਵਾਮੁਕਤ ਹੋਣ ਕਾਰਨ ਬਾਅਦ ਵਿੱਚ ਇਹ ਗਿਣਤੀ 27 ਰਹਿ ਗਈ। ਇਨ੍ਹਾਂ ਅਧਿਕਾਰੀਆਂ ਨੂੰ ਸੀਨੀਆਰਤਾ ਦੇ ਹਿਸਾਬ ਨਾਲ ਆਈਪੀਐੱਸ ਬੈਚ ਅਲਾਟ ਕੀਤੇ ਗਏ ਹਨ।
ਇਸ ਤਰ੍ਹਾਂ ਸ਼ੁਰੂਆਤੀ ਤੌਰ ‘ਤੇ ਜਦੋਂ ਇਸ ਸਾਲ ਜੁਲਾਈ ਵਿਚ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ ਤਾਂ ਇਸ ਸੂਚੀ ਵਿਚ 32 ਅਧਿਕਾਰੀਆਂ ਦੇ ਨਾਂਅ ਸਨ। ਉਸ ਸਮੇਂ ਇਨ੍ਹਾਂ ਨਾਵਾਂ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ), ਕੇਂਦਰੀ ਗ੍ਰਹਿ ਮੰਤਰਾਲੇ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਵਿਚਾਰ ਲਈ ਲਿਆਂਦਾ ਗਿਆ ਸੀ। ਤਿੰਨ ਅਫਸਰਾਂ ਖਿਲਾਫ ਜਾਂਚ ਲੰਬਿਤ ਹੋਣ ਕਾਰਨ ਆਈਪੀਐੱਸ ਲਈ ਉਨ੍ਹਾਂ ਦੇ ਨਾਵਾਂ ’ਤੇ ਵਿਚਾਰ ਨਹੀਂ ਕੀਤਾ ਗਿਆ ਜਦਕਿ ਇੱਕ ਅਧਿਕਾਰੀ ਨੇ ਆਈਪੀਐੱਸ ਸੇਵਾ ਵਿੱਚ ਸ਼ਾਮਲ ਹੋਣ ਤੋਂ ਝਿਜਕ ਪ੍ਰਗਟਾਈ। ਇਸੇ ਤਰ੍ਹਾਂ ਜੇਕੇਪੀਐੱਸ ਤੋਂ ਆਈਪੀਐੱਸ ਬਣੇ ਇੱਕ ਹੋਰ ਅਧਿਕਾਰੀ ਅਸ਼ੋਕ ਕੁਮਾਰ ਬਡਵਾਲ ਦੀ ਸੇਵਾਮੁਕਤੀ ਦੀ ਮਿਤੀ ਅੱਜ ਯਾਨੀ 30 ਸਤੰਬਰ 2023 ਹੈ।