ਦਿੱਲੀ ਵਿੱਚ ਦੰਗਾਕਾਰੀਆਂ ਨੇ ਅਮਨ ਪਸੰਦ ਹੌਲਦਾਰ ਰਤਨ ਲਾਲ ਦਾ ਬੇਰਹਿਮੀ ਨਾਲ ਕਤਲ ਕੀਤਾ

149
ਦਿੱਲੀ ਵਿੱਚ ਦੰਗਾਕਾਰੀਆਂ ਦੇ ਹੱਥੋਂ ਮਾਰੇ ਗਏ ਹਵਲਦਾਰ ਰਤਨ ਲਾਲ ਪਤਨੀ ਅਤੇ ਬੱਚਿਆਂ ਨਾਲ (ਫਾਈਲ ਫੋਟੋ)

ਸ਼ਾਂਤ ਸੁਭਾਅ ਦੇ ਅਮਨ ਪਸੰਦ ਹਵਲਦਾਰ, 42 ਸਾਲਾ ਰਤਨ ਲਾਲ ਦਿੱਲੀ ਵਿੱਚ ਦੰਗਾਕਾਰੀਆਂ ਨੂੰ ਕਾਬੂ ਕਰਨ ਪਹੁੰਚੇ ਦਿੱਲੀ ਪੁਲਿਸ ਦੇ ਇੱਕ ਏਸੀਪੀ ਨਾਲ ਘਟਨਾਵਾਲੀ ਥਾਂ ‘ਤੇ ਸਨ, ਜਦ ਦੰਗਾਕਾਰੀਆਂ ਨੇ ਉਸ ਨੂੰ ਘੇਰ ਕੇ ਮਾਰ ਦਿੱਤਾ। ਆਪਣੀ ਡਿਊਟੀ ਨਿਭਾਉਂਦੇ ਹੋਏ ਸਦਾ ਲਈ ਇਸ ਦੁਨੀਆ ਤੋਂ ਵਿਦਾ ਹੋਏ ਰਤਨ ਲਾਲ ਦੇ ਸੋਗੀ ਪਰਿਵਾਰ ਵਿੱਚ ਉਸਦੀ ਪਤਨੀ ਪੂਨਮ, ਇੱਕ 13 ਸਾਲ ਦੀ ਧੀ ਸਿੱਧੀ, ਇੱਕ 10 ਸਾਲਾ ਕਨਕ ਅਤੇ ਇੱਕ 8 ਸਾਲ ਦਾ ਬੇਟਾ ਰਾਮ ਹੈ। ਰਤਨ ਲਾਲ ਨੂੰ ਮਾਰਨ ਵਾਲੇ ਉਹ ਲੋਕ ਸਨ ਜੋ ਰਾਜਧਾਨੀ ਦਿੱਲੀ ਦੀਆਂ ਸੜਕਾਂ ‘ਤੇ ਨਵੇਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਅਤੇ ਇਸਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਉਤਰ ਆਏ ਸਨ।

ਇਹ ਸਭ ਪੂਰਬੀ ਦਿੱਲੀ ਦੇ ਦਿਆਲਪੁਰ ਥਾਣੇ ਨੇੜੇ ਸੋਮਵਾਰ ਨੂੰ ਵਾਪਰਿਆ। ਹਿੰਸਾ ਦੀ ਇਸ ਲਹਿਰ ਵਿੱਚ ਚਾਰ ਹੋਰ ਲੋਕ ਵੀ ਮਾਰੇ ਗਏ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ। ਜ਼ਖ਼ਮੀਆਂ ਵਿੱਚ ਸ਼ਾਹਦਰਾ ਪੁਲਿਸ ਜ਼ਿਲ੍ਹਾ ਦੇ ਡੀਸੀਪੀ ਅਮਿਤ ਸ਼ਰਮਾ ਅਤੇ ਕਈ ਪੁਲਿਸ ਮੁਲਾਜ਼ਮ ਸ਼ਾਮਲ ਹਨ। ਡੀਸੀਪੀ ਅਮਿਤ ਸ਼ਰਮਾ ਦੀ ਸਰਜਰੀ ਹੋਈ ਹੈ। ਹਾਲਾਂਕਿ ਉਸ ਦੇ ਸਿਰ ਵਿੱਚ ਸੱਟ ਲੱਗੀ ਹੈ ਪਰ ਸਥਿਤੀ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਤੋਂ ਇਲਾਵਾ, 6 ਹੋਰ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਪਟਪੜਗੰਜ ਦੇ ਮੈਕਸ ਹਸਪਤਾਲ ਲਿਆਂਦਾ ਗਿਆ।

ਰਤਨ ਲਾਲ ਮੂਲ ਰੂਪ ਵਿੱਚ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਤਿਹਵਾਲੀ ਦੇ ਰਹਿਣ ਵਾਲੇ ਸਨ ਅਤੇ ਉਹ ਪਤਨੀ ਅਤੇ ਤਿੰਨੋਂ ਬੱਚਿਆਂ ਨਾਲ ਦਿੱਲੀ ਦੇ ਬੁਰਾੜੀ ਖੇਤਰ ਵਿੱਚ ਅੰਮ੍ਰਿਤ ਵਿਹਾਰ ਕਲੋਨੀ ਵਿੱਚ ਰਹਿੰਦੇ ਸਨ। 1998 ਵਿੱਚ ਦਿੱਲੀ ਪੁਲਿਸ ਵਿੱਚ ਸ਼ਾਮਲ ਹੋਏ ਰਤਨ ਲਾਲ ਦਾ ਵਿਆਹ ਜੈਪੁਰ ਦੀ ਪੂਨਮ ਨਾਲ 2004 ਵਿੱਚ ਹੋਇਆ ਸੀ।

ਹਵਲਦਾਰ (ਕਾਰਜਕਾਰੀ) ਰਤਨ ਲਾਲ ਗੋਕੂਲਪੁਰੀ ਦੇ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਦੇ ਦਫਤਰ ਵਿੱਚ ਬਤੌਰ ਰੀਡਰ ਤਾਇਨਾਤ ਸਨ। ਜਦੋਂ ਏ.ਸੀ.ਪੀ. ਦਿਆਲਪੁਰ ਥਾਣੇ ਨੇੜੇ ਦੰਗਾਕਾਰੀਆਂ ਨਾਲ ਨਜਿੱਠਣ ਲਈ ਕਾਰਵਾਈ ਕਰਨ ਪਹੁੰਚੇ ਤਾਂ ਸਥਿਤੀ ਖਤਰਨਾਕ ਸੀ। ਦੰਗਾ ਸਿਖਰ ‘ਤੇ ਸੀ, ਦੰਗਾਕਾਰੀ ਪੱਥਰਾਅ ਕਰ ਰਹੇ ਸਨ ਅਤੇ ਉਨ੍ਹਾਂ ਨੇ ਲਾਠੀਆਂ ਡੰਡੇ ਫੜੇ ਹੋਏ ਸਨ। ਅਜਿਹੇ ਹੀ ਇੱਕ ਸਮੂਹ ਨੇ ਹਵਲਦਾਰ ਰਤਨ ਲਾਲ ਨੂੰ ਇਕੱਲਾ ਘੇਰ ਕੇ ਹਮਲਾ ਕਰ ਦਿੱਤਾ।

ਰਤਨ ਲਾਲ ਦੇ ਸਾਥੀ ਅਤੇ ਲੋਕ ਕਹਿੰਦੇ ਹਨ ਕਿ ਰਤਨ ਲਾਲ ਬਹੇਦ ਮਿਲਨਸਾਰ ਅਤੇ ਸ਼ਾਂਤ ਸੁਝਾਅ ਵਾਲੇ ਸਨ। ਜਦੋਂ ਉਨ੍ਹਾਂ ਦੀ ਜਾਨ ਜਾਣ ਦੀ ਜਾਣਕਾਰੀ ਮਿਲੀ, ਤਾਂ ਪਰਿਵਾਰ ਤਾਂ ਕੀ ਆਂਢ-ਗੁਆਂਢ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਰਤਨ ਲਾਲ ਅਜਿਹੇ ਹਲਾਤਾਂ ਵਿੱਚ ਫੱਸ ਸਕਦੇ ਹਨ। ਦੁਪਹਿਰ ਬਾਅਦ 4 ਵਜੇ ਤੋਂ ਬਾਅਦ ਰਤਨ ਲਾਲ ਦੇ ਮ੍ਰਿਤਕ ਸਰੀਰ ਨੂੰ ਕਿੰਗਸਵੇ ਕੈਂਪ ਵਿਖੇ ਨਿਊ ਪੁਲਿਸ ਲਾਈਨਜ਼ ਵਿਖੇ ਸ਼ਹੀਦ ਯਾਦਗਾਰ ‘ਤੇ ਲਿਆਂਦਾ ਜਾਵੇਗਾ, ਜਿੱਥੇ ਉਸਨੂੰ ਪੁਲਿਸ ਸਨਮਾਨਾਂ ਨਾਲ ਸ਼ਰਧਾਂਜਲੀ ਦਿੱਤੀ ਜਾਵੇਗੀ।