ਪੰਜਾਬ ਪੁਲਿਸ ਵਿੱਚ ਕੋਰੋਨਾ ਸੰਕਟ ਵਧਿਆ: ਡੀਐੱਸਪੀ ਵਰਿੰਦਰਪਾਲ ਸਿੰਘ ਦੀ ਵੀ ਮੌਤ

293
ਪੰਜਾਬ ਪੁਲਿਸ
ਡੀਐੱਸਪੀ ਵਰਿੰਦਰਪਾਲ ਸਿੰਘ

ਪੰਜਾਬ ਪੁਲਿਸ ਦੇ ਡਿਪਟੀ ਸੁਪਰਿੰਟੈਂਡੈਂਟ ਵਰਿੰਦਰਪਾਲ ਸਿੰਘ, ਜੋ ਇਕ ਮਹੀਨੇ ਤੋਂ ਕੋਵਿਡ-19 ਨਾਲ ਲੜ ਰਹੇ ਸਨ, ਦੀ ਆਖਰ ਮੌਤ ਹੋ ਗਈ। ਵਰਿੰਦਰਪਾਲ ਸਿੰਘ, ਜਲੰਧਰ ਦੇ ਸ਼ਾਹਕੋਟ ਖੇਤਰ ਦੇ ਡੀਐੱਸਪੀ ਅਤੇ ਕੋਵਿਡ ਤੋਂ ਹੋਈ ਤਾਜ਼ਾ ਮੌਤ ਦੀ ਸਥਿਤੀ ਨੇ ਪੰਜਾਬ ਦੇ ਵਿਗੜ ਰਹੇ ਹਲਾਤ ਵੱਲ ਇਸ਼ਾਰਾ ਕੀਤਾ ਹੈ, ਜਦਕਿ ਕੋਰੋਨਾ ਵਾਇਰਸ ਦਾ ਪੁਲਿਸ ‘ਤੇ ਪ੍ਰਭਾਵ ਨੇ ਚਿੰਤਾ ਵਧਾ ਦਿੱਤੀ ਹੈ।

ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਵਰਿੰਦਰਪਾਲ ਸਿੰਘ ਅਤੇ ਹਾਲ ਹੀ ਵਿੱਚ ਕੁਝ ਹੋਰ ਪੁਲਿਸ ਮੁਲਾਜ਼ਮਾਂ ਦੀ ਕੋਵਿਡ-19 ਕਰਕੇ ਮੌਤ ’ਤੇ ਦੁੱਖ ਜਤਾਇਆ ਅਤੇ ਕਿਹਾ ਕਿ ਮੰਦਭਾਗੀ ਗੱਲ ਇਹ ਹੈ ਕਿ ਦੋ ਗਜ਼ਟਿਡ ਅਧਿਕਾਰੀ ਅਤੇ ਹੋਮ ਗਾਰਡਜ਼ ਦੇ ਛੇ ਜਵਾਨਾਂ ਸਮੇਤ ਇਸ ਤਰ੍ਹਾਂ ਹੁਣ ਤੱਕ 56 ਪੁਲਿਸ ਮੁਲਾਜ਼ਮ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਸਹਾਇਕ ਥਾਣੇਦਾਰ (ਏਐੱਸਆਈ) ਨਾਇਬ ਸਿੰਘ, ਏਐੱਸਆਈ ਸਰਬਜੀਤ ਸਿੰਘ ਅਤੇ ਏਐੱਸਆਈ ਜੋਗਿੰਦਰ ਰਾਮ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ।

ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ ਦੇ 6386 ਜਵਾਨ ਕੋਵਿਡ-19 ਵਾਇਰਸ ਦਾ ਸਾਹਮਣਾ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਰਿਪੋਰਟ ਕੋਰੋਨਾ ਸਕਾਰਾਤਮਕ ਆਈ ਹੈ। ਇਨ੍ਹਾਂ ਵਿੱਚੋਂ 6135 ਇਲਾਜ ਨਾਲ ਠੀਕ ਹੋਏ ਅਤੇ 195 ਇਲਾਜ ਅਧੀਨ ਹਨ।

ਡੀਐੱਸਪੀ ਵਰਿੰਦਰਪਾਲ ਸਿੰਘ:

51 ਸਾਲਾ ਵਰਿੰਦਰ ਪਾਲ ਸਿੰਘ 1992 ਵਿੱਚ ਬਤੌਰ ਏਐੱਸਆਈ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਏ ਸਨ। ਵਰਿੰਦਰਪਾਲ ਸਿੰਘ ਨੂੰ 2019 ਵਿੱਚ ਡੀਐਸਪੀ ਵਜੋਂ ਤਰੱਕੀ ਦਿੱਤੀ ਗਈ ਸੀ ਅਤੇ ਜੁਲਾਈ 2020 ਵਿੱਚ ਸ਼ਾਹਕੋਟ ਦੇ ਡੀਐੱਸਪੀ ਵਜੋਂ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਜੁਲਾਈ 2020 ਵਿੱਚ ਬਰਨਾਲਾ ਵਿੱਚ ਡੀਐਸਪੀ ਵਜੋਂ ਤਾਇਨਾਤ ਸਨ। ਉਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਰਿੰਦਰ ਪਾਲ ਸਿੰਘ ਦਾ ਪਰਿਵਾਰ ਲੁਧਿਆਣਾ ਵਿੱਚ ਅਤੇ ਬੇਟੀ ਕੈਨੇਡਾ ਵਿੱਚ ਰਹਿੰਦੀ ਹੈ।

ਵਰਿੰਦਰਪਾਲ ਸਿੰਘ ਦਾ ਐਤਵਾਰ ਨੂੰ ਹੀ ਲੁਧਿਆਣਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਵਰਿੰਦਰਪਾਲ ਸਿੰਘ ਦੇ ਪਿਤਾ ਹਰਦੇਵ ਸਿੰਘ ਵੀ ਪੰਜਾਬ ਪੁਲਿਸ ਵਿੱਚ ਸਨ ਅਤੇ ਉਹ ਵੀ ਡੀਐੱਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।