ਕਰਨਾਟਕ ਦੇ ਡੀਜੀਪੀ ਪ੍ਰਵੀਨ ਸੂਦ ਦੀ ਸੀਬੀਆਈ ਮੁਖੀ ਨਿਯੁਕਤੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ

45
ਕਰਨਾਟਕ ਦੇ ਡੀਜੀਪੀ

ਕਰਨਾਟਕ ਦੇ ਡੀਜੀਪੀ ਪ੍ਰਵੀਨ ਸੂਦ ਦੀ ਸੀਬੀਆਈ ਮੁਖੀ ਨਿਯੁਕਤੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ

ਰਕਸ਼ਕ ਨਿਊਜ਼ ਵੱਲੋਂ: ਕਰਨਾਟਕ ਦੇ ਪੁਲਿਸ ਡਾਇਰੈਕਟਰ ਜਨਰਲ ਆਈਪੀਐੱਸ ਪ੍ਰਵੀਨ ਸੂਦ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਸੀਬੀਆਈ ਮੁਖੀ ਸੁਬੋਧ ਕੁਮਾਰ ਜੈਸਵਾਲ ਦੀ ਥਾਂ ਲੈਣਗੇ, ਜੋ 25 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਸਰਕਾਰ ਨੇ ਐਤਵਾਰ (ਮਈ 14, 2023) ਨੂੰ ਆਈਪੀਐੱਸ ਪ੍ਰਵੀਨ ਸੂਦ ਦੀ ਨਵੀਂ ਨਿਯੁਕਤੀ ਦਾ ਐਲਾਨ ਕੀਤਾ। ਖਾਸ ਗੱਲ ਇਹ ਹੈ ਕਿ ਕਰਨਾਟਕ ‘ਚ ਸਰਕਾਰ ਬਦਲਣ ਦੇ ਨਾਲ ਹੀ ਕੀਤੀ ਗਈ ਇਸ ਨਿਯੁਕਤੀ ਨੂੰ ਸਿੱਧੇ ਤੌਰ ‘ਤੇ ਸਿਆਸੀ ਚਾਲਾਂ ਤੋਂ ਪ੍ਰਭਾਵਿਤ ਫੈਸਲਾ ਦੱਸਿਆ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਆਈਪੀਐੱਸ ਪ੍ਰਵੀਨ ਸੂਦ ਦਾ ਅਕਸ ਇੱਕ ਅਜਿਹੇ ਅਧਿਕਾਰੀ ਵਜੋਂ ਬਣਿਆ ਸੀ ਜਿਸ ਦਾ ਝੁਕਾਅ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵੱਲ ਹੈ। ਦੂਜੇ ਪਾਸੇ, ਕਰਨਾਟਕ ਰਾਜ ਵਿੱਚ ਬੀਤੇ ਦਿਨ ਹੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ ਪਛਾੜ ਕੇ ਵੱਡੀ ਜਿੱਤ ਹਾਸਲ ਕੀਤੀ ਹੈ।

ਪ੍ਰਵੀਨ ਸੂਦ, ਹਿਮਾਚਲ ਪ੍ਰਦੇਸ਼ ਦੇ ਮੂਲ ਨਿਵਾਸੀ, ਭਾਰਤੀ ਪੁਲਿਸ ਸੇਵਾ ਦੇ 1986 ਬੈਚ ਦੇ ਕਰਨਾਟਕ ਕਾਡਰ ਦੇ ਅਧਿਕਾਰੀ ਹਨ। ਉਨ੍ਹਾਂ ਨੂੰ 2020 ਵਿੱਚ ਕਰਨਾਟਕ ਦਾ ਪੁਲਿਸ ਮੁਖੀ ਬਣਾਇਆ ਗਿਆ ਸੀ। 1964 ‘ਚ ਜਨਮੇ ਪ੍ਰਵੀਨ ਸੂਦ ਨੇ 2024 ‘ਚ ਸੇਵਾਮੁਕਤ ਹੋਣਾ ਹੈ ਪਰ ਕੈਬਨਿਟ ਦੀ ਤਿੰਨ ਮੈਂਬਰੀ ਨਿਯੁਕਤੀ ਕਮੇਟੀ ‘ਚ ਲਏ ਗਏ ਇਸ ਫੈਸਲੇ ਨਾਲ ਉਨ੍ਹਾਂ ਦਾ ਕਾਰਜਕਾਲ ਦੋ ਸਾਲ ਹੋਰ ਵਧਾ ਦਿੱਤਾ ਗਿਆ ਹੈ। ਆਈਪੀਐੱਸ ਪ੍ਰਵੀਨ ਸੂਦ ਨੂੰ 2025 ਤੱਕ ਸੀਬੀਆਈ ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ। ਡਾਇਰੈਕਟਰ, ਪਰਸੋਨਲ, ਪਬਲਿਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ, ਕੇਂਦਰ ਸਰਕਾਰ, ਨਾਇਲਾ ਮੋਹਨਨ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਚਿਤ ਅਥਾਰਟੀ ਤੋਂ ਪ੍ਰਵਾਨਗੀ ਤੋਂ ਬਾਅਦ, ਇਹ ਸੂਚਿਤ ਕੀਤਾ ਜਾ ਰਿਹਾ ਹੈ ਕਿ ਆਈ.ਪੀ.ਐੱਸ. (ਕਰਨਾਟਕ-86) ਪ੍ਰਵੀਨ ਸੂਦ ਆਈ.ਪੀ.ਐੱਸ. (ਮਹਾਰਾਸ਼ਟਰ-85) ਸੁਬੋਧ ਕੁਮਾਰ ਜੈਸਵਾਲ ਸੇਵਾਮੁਕਤ ਹੋਣ ‘ਤੇ ਉਨ੍ਹਾਂ ਦੀ ਜਗ੍ਹਾ ਲੈਣਗੇ। ਉਨ੍ਹਾਂ ਦੀ ਨਿਯੁਕਤੀ ਚਾਰਜ ਸੰਭਾਲਣ ਦੇ ਦਿਨ ਤੋਂ ਦੋ ਸਾਲਾਂ ਲਈ ਹੋਵੇਗੀ।

ਸੂਦ ਸਿਆਸਤ ਵਿੱਚ ਫਸ ਗਏ ਹਨ

ਦਰਅਸਲ, ਕਰਨਾਟਕ ਦੇ ਪੁਲਿਸ ਡਾਇਰੈਕਟਰ ਜਨਰਲ ਆਈਪੀਐੱਸ ਪ੍ਰਵੀਨ ਸੂਦ ਦਾ ਨਾਂਅ ਹਾਲ ਹੀ ਵਿੱਚ ਹੋਈਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਉਦੋਂ ਸਾਹਮਣੇ ਆਇਆ ਸੀ ਜਦੋਂ ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਕਾਂਗਰਸੀ ਵਰਕਰਾਂ ਉੱਤੇ ਭਾਜਪਾ ਦੇ ਹੱਕ ਵਿੱਚ ਕਾਰਵਾਈ ਕਰਨ ਦੇ ਇਲਜਾਮ ਲਾਏ ਸਨ। ਡੀਕੇ ਸ਼ਿਵਕੁਮਾਰ ਨੇ 15 ਮਾਰਚ ਨੂੰ ਆਪਣੇ ਬਿਆਨ ਵਿੱਚ ਵੀ ਆਈਪੀਐੱਸ ਸੂਦ ਲਈ ‘ਨਾਲਾਇਕ’ ਸ਼ਬਦ ਦੀ ਅਪਮਾਨਜਨਕ ਸ਼ਬਦਾਵਲੀ ਵਜੋਂ ਵਰਤੋਂ ਕੀਤੀ ਸੀ ਅਤੇ ਤੁਰੰਤ ਉਸ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚੋਣ ਕਮਿਸ਼ਨ ਤੋਂ ਹਟਾਉਣ ਦੀ ਮੰਗ ਵੀ ਕੀਤੀ ਗਈ। ਡੀਕੇ ਸ਼ਿਵਕੁਮਾਰ ਨੇ ਇੱਥੋਂ ਤੱਕ ਕਿਹਾ ਸੀ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਡੀਜੀਪੀ ਪ੍ਰਵੀਨ ਸੂਦ ਨੂੰ ਗ੍ਰਿਫ਼ਤਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨਿਯੁਕਤੀਤੇ ਇਤਰਾਜ਼

ਇਸ ਦੌਰਾਨ ਸ਼ਨੀਵਾਰ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਕਾਂਗਰਸ ਦੀ ਜ਼ਬਰਦਸਤ ਜਿੱਤ ਅਤੇ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਹੀ ਤਿੰਨ ਮੈਂਬਰੀ ਹਾਈ ਪਾਵਰ ਕਮੇਟੀ ਦੀ ਮਨਜ਼ੂਰੀ ਨਾਲ ਆਈ.ਪੀ.ਐੱਸ. ਸੂਦ ਨੂੰ ਸੀ.ਬੀ.ਆਈ.ਦਾ ਡਾਇਰੈਕਟਰ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ। ਸੀਬੀਆਈ ਦੇ ਡਾਇਰੈਕਟਰ ਦੀ ਚੋਣ ਲਈ ਤਿੰਨ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਹੁੰਦਾ ਹੈ ਅਤੇ ਕਮੇਟੀ ਉਨ੍ਹਾਂ ਵਿੱਚੋਂ ਇੱਕ ਦੀ ਚੋਣ ਕਰਦੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਾਈਵੀ ਚੰਦਰਚੂੜ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਇਸ ਕਮੇਟੀ ਦੇ ਮੈਂਬਰ ਹਨ। ਸੀਬੀਆਈ ਡਾਇਰੈਕਟਰ ਦੇ ਅਹੁਦੇ ਲਈ ਬਣਾਏ ਗਏ ਆਈਪੀਐੱਸ ਅਧਿਕਾਰੀਆਂ ਦੇ ਇਸ ਪੈਨਲ ਵਿੱਚ ਪ੍ਰਵੀਨ ਸੂਦ ਤੋਂ ਇਲਾਵਾ ਮੱਧ ਪ੍ਰਦੇਸ਼ ਕੇਡਰ ਦੇ 1987 ਬੈਚ ਦੇ ਆਈਪੀਐੱਸ ਸੁਧੀਰ ਸਕਸੈਨਾ, ਫਾਇਰ ਸਰਵਿਸ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ ਤਾਜ ਹਸਨ ਦਾ ਨਾਂਅ ਵੀ ਸ਼ਾਮਲ ਸੀ। ਅਧੀਰ ਰੰਜਨ ਚੌਧਰੀ ਨੇ ਆਈਪੀਐੱਸ ਪ੍ਰਵੀਨ ਸੂਦ ਦੀ ਉਮੀਦਵਾਰੀ ’ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਰੋਸ ਵੀ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਪ੍ਰਵੀਨ ਸੂਦ ਦਾ ਨਾਂਅ ਆਈਪੀਐੱਸ ਪੂਲ ਵਿੱਚ ਨਹੀਂ ਹੈ ਜੋ ਕੇਂਦਰ ਵਿੱਚ ਡੀਜੀਪੀ ਪੱਧਰ ’ਤੇ ਕੰਮ ਕਰਨ ਦੇ ਯੋਗ ਹੈ।

ਕੌਣ ਹਨ IPS ਪ੍ਰਵੀਨ ਸੂਦ?

ਆਈਪੀਐੱਸ ਪ੍ਰਵੀਨ ਸੂਦ ਨੂੰ ਉਨ੍ਹਾਂ ਦੇ ਸੀਨੀਅਰ ਅਤੇ 1985 ਬੈਚ ਦੇ ਆਈਪੀਐੱਸ ਅਸ਼ਿਤ ਮੋਹਨ ਪ੍ਰਸਾਦ ਨੂੰ ਬਾਈਪਾਸ ਕਰਦੇ ਹੋਏ 2020 ਵਿੱਚ ਕਰਨਾਟਕ ਦਾ ਪੁਲਿਸ ਮੁਖੀ ਬਣਾਇਆ ਗਿਆ ਸੀ। ਉਂਝ, ਆਈਪੀਐੱਸ ਸੂਦ ਕਈ ਅਹਿਮ ਅਹੁਦਿਆਂ ਅਤੇ ਪ੍ਰੋਫਾਈਲਾਂ ‘ਤੇ ਕੰਮ ਕਰ ਚੁੱਕੇ ਹਨ। ਬੰਗਲੌਰ ਸ਼ਹਿਰ ਦੇ ਡੀਸੀਪੀ (ਲਾਅ ਐਂਡ ਆਰਡਰ) ਬਣਾਏ ਜਾਣ ਤੋਂ ਪਹਿਲਾਂ, ਆਈਪੀਐੱਸ ਪ੍ਰਵੀਨ ਸੂਦ ਬੇਲਾਰੀ ਅਤੇ ਰਾਏਚੁਰ ਜ਼ਿਲ੍ਹਿਆਂ ਵਿੱਚ ਪੁਲਿਸ ਸੁਪਰਿੰਟੈਂਡੈਂਟ (ਐੱਸਪੀ) ਰਹਿ ਚੁੱਕੇ ਹਨ। ਉਹ ਗ੍ਰਹਿ ਮੰਤਰਾਲੇ ਵਿੱਚ ਪ੍ਰਮੁੱਖ ਸਕੱਤਰ ਦੇ ਅਹੁਦੇ ‘ਤੇ ਵੀ ਕੰਮ ਕਰ ਚੁੱਕੇ ਹਨ। ਉਹ ਕਰਨਾਟਕ ਸਟੇਟ ਰਿਜ਼ਰਵ ਪੁਲਿਸ ਦੇ ਏਡੀਜੀਪੀ ਅਤੇ ਏਡੀਜੀਪੀ (ਪ੍ਰਸ਼ਾਸਨ) ਵੀ ਸਨ।