ਸ਼ਹੀਦ ਸੈਨਿਕ ਨੂੰ ਬਹਾਦਰੀ ਮੈਡਲ ਦੀ ਸਿਫਾਰਿਸ਼ ਦੇ ਨਾਲ ਪਰਿਵਾਰ ਨੂੰ 2 ਕਰੋੜ ਰੁਪਏ ਦਾ ਚੈੱਕ ਸੌਂਪਿਆ

36
ਕਾਂਸਟੇਬਲ ਮਨਦੀਪ ਸਿੰਘ
17 ਦਸੰਬਰ ਨੂੰ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਲਾਅ ਐਂਡ ਆਰਡਰ) ਨੇ ਮਨਦੀਪ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦਾ ਚੈੱਕ ਸੌਂਪਿਆ।

ਪੰਜਾਬ ਵਿੱਚ ਇੱਕ ਵਪਾਰੀ ਦੀ ਸੁਰੱਖਿਆ ਲਈ ਡਿਊਟੀ ਦੌਰਾਨ ਸ਼ਰਾਰਤੀ ਅਨਸਰਾਂ ਦੇ ਹਮਲੇ ਵਿੱਚ ਜਾਨ ਗੁਆਉਣ ਵਾਲੇ ਕਾਂਸਟੇਬਲ ਮਨਦੀਪ ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋਂ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਨਦੀਪ ਸਿੰਘ ਨੂੰ ਬਹਾਦਰੀ ਮੈਡਲ (ਮਰਨ ਉਪਰੰਤ) ਦੇਣ ਦੀ ਵੀ ਸਿਫਾਰਿਸ਼ ਕੀਤੀ ਗਈ ਹੈ।

ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਲਾਅ ਐਂਡ ਆਰਡਰ) ਨੇ 17 ਦਸੰਬਰ ਨੂੰ ਮਨਦੀਪ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦਾ ਚੈੱਕ ਸੌਂਪਿਆ। ਪੰਜਾਬ ਪੁਲਿਸ ਨੇ ਇਹ ਜਾਣਕਾਰੀ ਟਵਿੱਟਰ ‘ਤੇ ਫੋਟੋ ਸਮੇਤ ਸਾਂਝੀ ਕੀਤੀ ਹੈ। ਇਸ ਵਿੱਚੋਂ ਇੱਕ ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਅਤੇ ਇੱਕ ਕਰੋੜ ਰੁਪਏ ਪੰਜਾਬ ਪੁਲਿਸ ਭਲਾਈ ਬੀਮਾ ਵੱਲੋਂ ਸਹਾਇਤਾ ਵਜੋਂ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ ਦੇ ਨਕੋਦਰ ‘ਚ ਚਾਰ ਬਾਈਕ ਸਵਾਰ ਬਦਮਾਸ਼ਾਂ ਨੇ ਕਾਰੋਬਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ‘ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਦੀ ਸੁਰੱਖਿਆ ਲਈ ਮਨਦੀਪ ਸਿੰਘ ਤਾਇਨਾਤ ਸੀ। ਪਹਿਲੇ ਦਿਨ ਜ਼ਖ਼ਮੀ ਟਿੰਮੀ ਚਾਵਲਾ ਅਤੇ ਅਗਲੇ ਦਿਨ ਕਾਂਸਟੇਬਲ ਮਨਦੀਪ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮਨਦੀਪ ਦੀ ਸ਼ਹਾਦਤ ‘ਤੇ ਅਫਸੋਸ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਸਦੇ ਪਰਿਵਾਰ ਨੂੰ ਦੋ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ।