ਬਿਹਾਰ ਦੀ ਬਬਲੀ ਕੁਮਾਰੀ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਇਸ ਦਾ ਕਾਰਨ ਹੈ ਉਸ ਦਾ ਹਰ ਪਹਿਲੂ ‘ਤੇ ਅੱਗੇ ਵਧਣ ਦਾ ਜਬਰਦਸਤ ਜਜ਼ਬਾ। ਬਬਲੀ ਦੀ ਸਫ਼ਲਤਾ ਦੀ ਕਹਾਣੀ ਵੀ ਇੱਕ ਪ੍ਰੇਰਨਾ ਸਰੋਤ ਹੈ ਅਤੇ ਉਹਨਾਂ ਲੋਕਾਂ ਨੂੰ ਜੋਸ਼ ਦਿੰਦੀ ਹੈ ਜੋ ਜ਼ਿੰਦਗੀ ਦੇ ਪ੍ਰਤੀਕੂਲ ਹਲਾਤਾਂ ਵਿੱਚ ਵੀ ਵੱਡੇ ਸੁਪਨੇ ਦੇਖਣਾ ਬੰਦ ਨਹੀਂ ਕਰ ਸਕਦੇ। ਅਜਿਹੇ ਲੋਕ ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹਨ। ਬਬਲੀ ਕੁਮਾਰੀ ਹਾਲ ਹੀ ਵਿੱਚ ਬਿਹਾਰ ਪੁਲਿਸ ਵਿੱਚ ਕਾਂਸਟੇਬਲ ਸੀ ਅਤੇ ਹੁਣ ਉਸਦਾ ਨਾਂਅ ਬਿਹਾਰ ਦੇ ਡਿਪਟੀ ਸੁਪਰਿੰਟੈਂਡੈਂਟ ਆਫ ਪੁਲਿਸ ਦੀ ਸੂਚੀ ਵਿੱਚ ਹੈ।
ਬਿਹਾਰ ਦੇ ਗਯਾ ਜ਼ਿਲ੍ਹੇ ਦੀ ਰਹਿਣ ਵਾਲੀ ਬਬਲੀ ਕੁਮਾਰੀ ਇੱਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜਿੱਥੇ ਹਲਾਤ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਪੱਕੀ ਸਰਕਾਰੀ ਨੌਕਰੀ ਕਰਨ ਲਈ ਮਜਬੂਰ ਕਰ ਰਹੇ ਸਨ। ਬਬਲੀ ਦਾ ਵਿਆਹ 2013 ਵਿੱਚ ਹੋਇਆ ਸੀ। ਆਰਥਿਕ ਹਾਲਾਤ ਚੰਗੇ ਨਹੀਂ ਸਨ। ਪਤੀ ਘਰ ਰਹਿ ਕੇ ਛੋਟਾ-ਮੋਟਾ ਕਾਰੋਬਾਰ ਕਰਦਾ ਸੀ। 2015 ਵਿੱਚ ਬਬਲੀ ਨੇ ਬਿਹਾਰ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਦੀ ਪ੍ਰੀਖਿਆ ਦਿੱਤੀ ਅਤੇ ਪਾਸ ਵੀ ਕੀਤੀ। ਜ਼ਿੰਦਗੀ ਦੀ ਗੱਡੀ ਚੱਲਣ ਲੱਗੀ। ਇੱਕ ਬੱਚਾ ਵੀ ਧੀ ਦੇ ਰੂਪ ਵਿੱਚ ਪੈਦਾ ਹੋਇਆ ਸੀ। ਇਨ੍ਹਾਂ ਜ਼ਿੰਮੇਵਾਰੀਆਂ ਦੇ ਬਾਵਜੂਦ ਵੀ ਬਬਲੀ ਨੇ ਪੁਲਿਸ ਦੇ ਕਰਿਅਰ ਵਿੱਚ ਅੱਗੇ ਵਧਣ ਦੇ ਸੁਪਨੇ ਲੈਣੇ ਨਹੀਂ ਛੱਡੇ। ਬੇਗੂਸਰਾਏ ਵਿੱਚ ਆਪਣੀ ਤਾਇਨਾਤੀ ਦੌਰਾਨ ਵੀ, ਉਸਨੇ ਪ੍ਰੀਖਿਆ ਦੀ ਤਿਆਰੀ ਲਈ ਪੜ੍ਹਾਈ ਜਾਰੀ ਰੱਖੀ।
ਸਿਪਾਹੀ ਬਬਲੀ ਕੁਮਾਰੀ ਨੇ ਵੀ ਲਗਨ, ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਨਾਲ ਬਿਹਾਰ ਪਬਲਿਕ ਸਰਵਿਸ ਕਮਿਸ਼ਨ (ਬੀਪੀਐੱਸਸੀ) ਦੀ ਪ੍ਰੀਖਿਆ ਪਾਸ ਕੀਤੀ ਅਤੇ ਅਗਸਤ 2022 ਵਿੱਚ, ਜਦੋਂ ਉਹ ਡੀਐੱਸਪੀ ਵਜੋਂ ਚੁਣੀ ਗਈ, ਤਾਂ ਉਸਦੀ ਗੋਦ ਵਿੱਚ ਸੱਤ ਮਹੀਨਿਆਂ ਦੀ ਬੱਚੀ ਸੀ। ਯਾਨੀ ਕਿ ਬਬਲੀ ਕੁਮਾਰੀ ਨੂੰ ਆਪਣੀ ਟ੍ਰੇਨਿੰਗ ਦੌਰਾਨ ਬੱਚੀ ਦੀ ਜ਼ਿੰਮੇਵਾਰੀ ਵੀ ਚੁੱਕਣੀ ਪਵੇਗੀ, ਜਿਸ ਲਈ ਉਹ ਖੁਦ ਨੂੰ ਤਿਆਰ ਕਰ ਰਹੀ ਹੈ।
ਬਬਲੀ ਕੁਮਾਰੀ ਵੱਲੋਂ ਮਾਂ ਦੇ ਨਾਲ-ਨਾਲ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਨਿਭਾਉਣ ਦੀ ਕਹਾਣੀ ਸੁਣ ਕੇ ਬੇਗੂਸਰਾਏ ਜ਼ਿਲ੍ਹਾ ਸੁਪਰਿੰਟੈਂਡੈਂਟ (ਐੱਸਪੀ) ਯੋਗੇਂਦਰ ਕੁਮਾਰ ਨੇ ਉਸ ਨੂੰ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ। ਐੱਸਪੀ ਯੋਗਿੰਦਰ ਕੁਮਾਰ ਨੇ ਕਿਹਾ ਕਿ ਹੋਰ ਪੁਲਿਸ ਮੁਲਾਜ਼ਮ, ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬਬਲੀ ਦੀ ਸਫ਼ਲਤਾ ਤੋਂ ਸਿੱਖਣਾ ਚਾਹੀਦਾ ਹੈ।