ਆਲੋਕ ਰਾਜ ਨੂੰ ਹਟਾ ਕੇ ਵਿਨੇ ਕੁਮਾਰ ਨੂੰ ਬਿਹਾਰ ਪੁਲਿਸ ਦੀ ਕਮਾਨ ਸੌਂਪੀ ਗਈ ਸੀ।

7

ਬਿਹਾਰ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਬਦਲਾਅ ਕਰਦੇ ਹੋਏ ਆਲੋਕ ਰਾਜ ਨੂੰ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਦੇ ਅਹੁਦੇ ਤੋਂ ਹਟਾ ਦਿੱਤਾ ਹੈ, ਉਨ੍ਹਾਂ ਦੀ ਜਗ੍ਹਾ 1991 ਬੈਚ ਦੇ ਆਈਪੀਐੱਸ ਅਧਿਕਾਰੀ ਵਿਨੇ ਕੁਮਾਰ ਨੂੰ ਰਾਜ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਸ਼ੁੱਕਰਵਾਰ ਦੇਰ ਸ਼ਾਮ ਇਸ ਫੇਰਬਦਲ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਦੇ ਅਨੁਸਾਰ ਆਲੋਕ ਰਾਜ ਨੂੰ ਬਿਹਾਰ ਪੁਲਿਸ ਨਿਰਮਾਣ ਨਿਗਮ, ਪਟਨਾ ਦਾ ਪ੍ਰਬੰਧ ਨਿਰਦੇਸ਼ਕ ਬਣਾਇਆ ਗਿਆ ਹੈ।

 

ਭਾਰਤੀ ਪੁਲਿਸ ਸੇਵਾ ਦੇ 1991 ਬੈਚ ਦੇ ਬਿਹਾਰ ਕੈਡਰ ਦੇ ਅਧਿਕਾਰੀ ਵਿਨੇ ਕੁਮਾਰ ਹੁਣ ਤੱਕ ਬਿਹਾਰ ਵਿੱਚ ਪੁਲਿਸ ਬਿਲਡਿੰਗ ਕੰਸਟ੍ਰਕਸ਼ਨ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਤਾਇਨਾਤ ਸਨ। ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਆਈਪੀਐੱਸ ਵਿਨੇ ਕੁਮਾਰ ਦੋ ਸਾਲ ਤੱਕ ਬਿਹਾਰ ਦੇ ਡੀਜੀਪੀ ਦੇ ਅਹੁਦੇ ’ਤੇ ਬਣੇ ਰਹਿਣਗੇ।

 

ਇਸ ਤੋਂ ਪਹਿਲਾਂ ਵਿਨੇ ਕੁਮਾਰ ਬਿਹਾਰ ਪੁਲਿਸ ਵਿੱਚ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਅਤੇ ਵਧੀਕ ਡਾਇਰੈਕਟਰ ਜਨਰਲ (ਸੀਆਈਡੀ) ਵਰਗੇ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਵਿਗਿਆਨ ਦੇ ਵਿਦਿਆਰਥੀ ਵਿਨੇ ਕੁਮਾਰ ਨੇ IIT (ਖੜਗਪੁਰ) ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਆਈਪੀਐੱਸ ਵਿਨੇ ਕੁਮਾਰ ਇੱਕ ਕੁਸ਼ਲ ਅਤੇ ਇਮਾਨਦਾਰ ਅਧਿਕਾਰੀ ਦਾ ਅਕਸ ਰੱਖਦੇ ਹਨ।

ਆਰਐੱਸ ਭੱਟੀ ਦੇ ਤਿੰਨ ਮਹੀਨੇ ਪਹਿਲਾਂ ਕੇਂਦਰੀ ਡੈਪੂਟੇਸ਼ਨ ‘ਤੇ ਜਾਣ ਤੋਂ ਬਾਅਦ ਬਿਹਾਰ ਪੁਲਿਸ ਦੇ ਡੀਜੀਪੀ ਦਾ ਚਾਰਜ 1989 ਬੈਚ ਦੇ ਆਈਪੀਐੱਸ ਅਲੋਕ ਰਾਜ ਨੂੰ ਦਿੱਤਾ ਗਿਆ ਸੀ। ਹਾਲਾਂਕਿ ਉਦੋਂ ਵੀ ਵਿਨੇ ਕੁਮਾਰ ਦਾ ਨਾਂਅ ਡੀਜੀਪੀ ਦੇ ਅਹੁਦੇ ਲਈ ਦਾਅਵੇਦਾਰ ਵਜੋਂ ਚਰਚਾ ਵਿੱਚ ਆਇਆ ਸੀ।

 

IPS ਜਤਿੰਦਰ ਸਿੰਘ ਗੰਗਵਾਰ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਇੱਕ ਹੋਰ ਆਈਪੀਐੱਸ ਅਧਿਕਾਰੀ ਜਤਿੰਦਰ ਸਿੰਘ ਗੰਗਵਾਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। 1993 ਬੈਚ ਦੇ ਆਈਪੀਐੱਸ ਸ਼੍ਰੀ ਗੰਗਵਾਰ ਨੂੰ ਡਾਇਰੈਕਟਰ ਜਨਰਲ ਸਿਵਲ ਡਿਫੈਂਸ ਵਜੋਂ ਤਾਇਨਾਤ ਕੀਤਾ ਗਿਆ ਸੀ। ਹੁਣ ਉਨ੍ਹਾਂ ਦਾ ਤਬਾਦਲਾ ਸਰਵੀਲੈਂਸ ਇਨਵੈਸਟੀਗੇਸ਼ਨ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਕਰ ਦਿੱਤਾ ਗਿਆ ਹੈ। ਉਹ ਸਿਵਲ ਡਿਫੈਂਸ ਦੇ ਡੀਜੀ ਅਤੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਬਣੇ ਰਹਿਣਗੇ।