ਆਸਾਮ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਮੋਟੇ ਪੁਲਿਸ ਮੁਲਾਜ਼ਮਾਂ ਦੀ ਸਰੀਰਕ ਫਿਟਨੈੱਸ ਨੂੰ ਲੈ ਕੇ ਚਿੰਤਾ ਸਾਹਮਣੇ ਆ ਰਹੀ ਹਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਖੁਦ ਇਸ ਮਾਮਲੇ ਵਿੱਚ ਪਹਿਲ ਕੀਤੀ ਹੈ ਅਤੇ ਇਸ ਸਬੰਧ ਵਿੱਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਲਿਖਤੀ ਨਿਰਦੇਸ਼ ਦਿੱਤੇ ਹਨ। ਸ੍ਰੀ ਵਿੱਜ ਨੇ ਕਿਹਾ ਹੈ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਭਾਰ ਜ਼ਿਆਦਾ ਹੈ ਅਤੇ ਲਗਾਤਾਰ ਵੱਧਦਾ ਜਾ ਰਿਹਾ ਹੈ, ਜੇਕਰ ਕਸਰਤ ਕਰਕੇ ਉਨ੍ਹਾਂ ਦਾ ਮੋਟਾਪਾ ਘਟਾਉਣ ਦੀ ਸੰਭਾਵਨਾ ਹੈ ਤਾਂ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਪੁਲਿਸ ਲਾਈਨਜ਼ ਵਿੱਚ ਬਦਲੀ ਕੀਤੀ ਜਾਵੇ।
ਹਰਿਆਣਾ ਪੁਲਿਸ ਦੀ ਕਸਰਤ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਫਿਟਨੈੱਸ ਨੂੰ ਦੇਖਦੇ ਹੋਏ ਮੈਂ ਚਾਹਾਂਗਾ ਕਿ ਜ਼ਿਆਦਾ ਵਜ਼ਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਪੁਲਿਸ ਲਾਈਨ ਵਿੱਚ ਤਬਾਦਲਾ ਕੀਤਾ ਜਾਵੇ ਅਤੇ ਉੱਥੇ ਉਨ੍ਹਾਂ ਕੋਲੋਂ ਉਦੋਂ ਤੱਕ ਕਸਰਤ ਕਰਾਈ ਜਾਏ, ਜਦੋਂ ਤੱਕ ਉਹ ਡਿਊਟੀ ਲਈ ਫਿੱਟ ਨਹੀਂ ਹੋ ਜਾਂਦੇ। ਆਈਪੀਐੱਸ ਅਧਿਕਾਰੀਆਂ ਨੂੰ ਵੀ ਇਸ ਪ੍ਰਕਿਰਿਆ ਵਿੱਚੋਂ ਲੰਘਣਾ ਹੋਵੇਗਾ।
BMI 30 ਤੋਂ ਵੱਧ ਨਹੀਂ ਹੋਣੀ ਚਾਹੀਦੀ –
ਜਿਕਰਯੋਗ ਹੈ ਕਿ ਅਸਾਮ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਾਅਦ ਇਸੇ ਹਫ਼ਤੇ ਅਜਿਹਾ ਹੀ ਹੁਕਮ ਜਾਰੀ ਕੀਤਾ ਗਿਆ ਹੈ। ਮੋਟੇ ਪੁਲਿਸ ਮੁਲਾਜ਼ਮਾਂ ਦੀ ਮਿਆਦ 15 ਅਗਸਤ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਆਪਣੀ ਸਿਹਤ ਵਿੱਚ ਸੁਧਾਰ ਕਰਕੇ ਮੋਟਾਪਾ ਨਾ ਘਟਾਇਆ ਤਾਂ ਉਨ੍ਹਾਂ ਨੂੰ ਪੁਲਿਸ ਦੀ ਨੌਕਰੀ ਛੱਡਣੀ ਪੈ ਸਕਦੀ ਹੈ। ਅਜਿਹਾ ਅਲਟੀਮੇਟਮ ਅਸਾਮ ਪੁਲਿਸ ਦੇ ਡਾਇਰੈਕਟਰ ਜਨਰਲ ਗਿਆਨੇਂਦਰ ਪ੍ਰਤਾਪ ਸਿੰਘ ਨੇ ਖ਼ੁਦ ਦਿੱਤਾ ਹੈ। ਇਸ ਦੇ ਪਿੱਛੇ ਉਦੇਸ਼ ਰਾਜ ਦੀ ਪੁਲਿਸ ਨੂੰ ਜਨਤਾ ਦੀ ਸੇਵਾ ਲਈ ਕੁਸ਼ਲ ਬਣਾਉਣਾ ਹੈ। ਇਸਦੇ ਲਈ ਜੋ ਕਸਵੱਟੀ ਤੈਅ ਕੀਤੀ ਗਈ ਹੈ ਉਹ ਹੈ ਬਾਡੀ ਮਾਸ ਇੰਡੈਕਸ ਜੋ 30 ਤੋਂ ਘੱਟ ਹੋਣਾ ਚਾਹੀਦਾ ਹੈ।
ਅਨਫਿੱਟ ਪੁਲਿਸ ਵਾਲੇ ਰਿਟਾਇਰ ਹੋ ਜਾਣਗੇ
15 ਅਗਸਤ, 2023 ਤੋਂ ਬਾਅਦ, ਆਸਾਮ ਪੁਲਿਸ ਵਿੱਚ ਮੋਟਾਪੇ ਦੇ ਲੱਛਣਾਂ ਵਾਲੇ ਸਾਰੇ ਪੁਲਿਸ ਮੁਲਾਜ਼ਮਾਂ ਦੇ BMI ਦੀ ਜਾਂਚ ਕੀਤੀ ਜਾਵੇਗੀ। ਜੇਕਰ 30 ਤੋਂ ਉੱਪਰ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ 15 ਨਵੰਬਰ ਤੱਕ ਇਸ ਨੂੰ ਘਟਾਉਣ ਲਈ ਕਿਹਾ ਜਾਵੇਗਾ। ਕੁਝ ਮਾਮਲਿਆਂ ਵਿੱਚ ਅਸਾਮ ਵਿੱਚ ਇਸ ਮਿਆਦ ਨੂੰ 3 ਮਹੀਨਿਆਂ ਤੱਕ ਵਧਾਇਆ ਜਾਵੇਗਾ। ਜੇਕਰ ਉਸ ਪੁਲਿਸ ਮੁਲਾਜ਼ਮ ਨੇ ਫਿਰ ਵੀ ਮੋਟਾਪਾ ਨਾ ਘਟਾਇਆ ਤਾਂ ਉਸ ਨੂੰ ਸਵੈ-ਇੱਛਤ ਸੇਵਾਮੁਕਤੀ ਲੈਣ ਲਈ ਕਿਹਾ ਜਾਵੇਗਾ। ਛੋਟ ਸਿਰਫ਼ ਉਨ੍ਹਾਂ ਮਾਮਲਿਆਂ ਵਿੱਚ ਹੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਬਿਮਾਰੀ ਕਾਰਨ ਭਾਰ ਵਧਦਾ ਹੈ। ਇਹ ਫੈਸਲਾ ਆਸਾਮ ਪੁਲਿਸ ਦੇ ਸਰਵੇਖਣ ਵਿੱਚ ਵੱਡੀ ਗਿਣਤੀ ਵਿੱਚ ਮੋਟੇ ਪੁਲਿਸ ਵਾਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ।