ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ। ਪੰਜਾਬ ਵਿੱਚ ਤਾਇਨਾਤ ਭਾਰਤੀ ਪੁਲਿਸ ਸੇਵਾ ਦੇ ਕੁੱਲ 31 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ 7 ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਵੀ ਸ਼ਾਮਲ ਹਨ।
ਰੋਪੜ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਨੌਨਿਹਾਲ ਸਿੰਘ ਦੀ ਥਾਂ ‘ਤੇ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਨੌਨਿਹਾਲ ਸਿੰਘ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ, ਪੰਜਾਬ) ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਸਵਪਨ ਸ਼ਰਮਾ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ ਜਦਕਿ ਜਲੰਧਰ ਤੋਂ ਹਟਾਏ ਗਏ ਕੁਲਦੀਪ ਸਿੰਘ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਹੁਣ ਤੱਕ ਇਸ ਅਹੁਦੇ ‘ਤੇ ਮਨਦੀਪ ਸਿੱਧੂ ਤਾਇਨਾਤ ਸੀ। ਸਿੱਧੂ ਨੂੰ ਡੀਆਈਜੀ ਪੰਜਾਬ ਪੁਲਿਸ (ਪ੍ਰਸ਼ਾਸਕੀ) ਬਣਾਇਆ ਗਿਆ ਹੈ ਅਤੇ ਉਹ ਹੁਣ ਰਾਜਧਾਨੀ ਚੰਡੀਗੜ੍ਹ ਵਿੱਚ ਤਾਇਨਾਤ ਹਨ। ਹੁਣ ਤੱਕ ਇਸ ਅਹੁਦੇ ‘ਤੇ ਆਈਪੀਐੱਸ ਅਧਿਕਾਰੀ ਡਾ.ਐੱਸ.ਭੂਪਤੀ ਤਾਇਨਾਤ ਸਨ।
ਪੰਜਾਬ ‘ਚ SSP ਬਦਲੇ
ਸੂਬਾ ਸਿੰਘ, ਐੱਸਐੱਸਪੀ, ਆਰਥਿਕ ਅਪਰਾਧ ਵਿੰਗ ਅਤੇ ਵਿਜੀਲੈਂਸ ਦਾ ਤਬਾਦਲਾ ਪੰਜਾਬ ਆਰਮਡ ਪੁਲਿਸ (ਪੀਏਪੀ), ਜਲੰਧਰ ਵਿੱਚ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਦੇ ਅਹੁਦੇ ‘ਤੇ ਕੀਤਾ ਗਿਆ ਹੈ। ਮਲੇਰਕੋਟਲਾ ਦੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਪਟਿਆਲਾ ਦੇ ਬਹਾਦਰਗੜ੍ਹ ਵਿੱਚ ਪੀਏਪੀ ਦੀ 36ਵੀਂ ਬਟਾਲੀਅਨ ਦਾ ਕਮਾਂਡੈਂਟ ਬਣਾਇਆ ਗਿਆ ਹੈ। ਪਟਿਆਲਾ ਦੇ ਨਵੇਂ ਐੱਸਐੱਸਪੀ ਹਰਕਮਲਪ੍ਰੀਤ ਖੱਖ ਹੋਣਗੇ, ਜੋ ਇਸ ਸਮੇਂ ਪਠਾਨਕੋਟ ਦੇ ਐੱਸਐੱਸਪੀ ਸਨ।
ਹੁਸ਼ਿਆਰਪੁਰ ਦੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੂੰ ਸੰਗਰੂਰ ਦਾ ਐੱਸਐੱਸਪੀ ਬਣਾਇਆ ਗਿਆ ਹੈ ਅਤੇ ਹੁਣ ਤੱਕ ਸੰਗਰੂਰ ਦੇ ਐੱਸਐੱਸਪੀ ਰਹੇ ਸੁਰਿੰਦਰ ਲਾਂਬਾ ਨੂੰ ਹੁਸ਼ਿਆਰਪੁਰ ਦਾ ਐੱਸਐੱਸਪੀ ਲਾਇਆ ਗਿਆ ਹੈ। ਵਿਵੇਕਸ਼ੀਲ ਸੋਨੀ ਦੀ ਥਾਂ ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੂੰ ਰੋਪੜ ਦਾ ਐੱਸਐੱਸਪੀ ਲਾਇਆ ਗਿਆ ਹੈ, ਜਦੋਂਕਿ ਵਿਵੇਕ ਸੋਨੀ ਨੂੰ ਮੋਗਾ ਜ਼ਿਲ੍ਹੇ ਦਾ ਐੱਸਐੱਸਪੀ ਲਾਇਆ ਗਿਆ ਹੈ। ਜੇ ਏਲੈਂਚੇਜ਼ੀਅਨ ਜੋ ਮੋਗਾ ਦੇ ਐੱਸਐੱਸਪੀ ਸਨ ਨੂੰ ਕਾਊਂਟਰ ਇੰਟੈਲੀਜੈਂਸ ਦੇ ਸਹਾਇਕ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਕੀਤਾ ਗਿਆ ਸੀ।