ਸੀਆਰਪੀਐੱਫ ਦੇ ਸੇਵਾਮੁਕਤ ਹੌਲਦਾਰ ਨੂੰ ਬਚਣ ਲਈ ਬੇਟੇ ਨਾਲ ਛੱਤ ਤੋਂ ਛਾਲ ਮਾਰਨੀ ਪਈ

99
ਹਵਲਦਾਰ ਏਸ਼ ਮੁਹੰਮਦ

ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਤੋਂ ਸੇਵਾਮੁਕਤ ਏਸ਼ ਮੁਹੰਮਦ ਨੂੰ ਸ਼ਾਇਦ ਸ਼੍ਰੀਨਗਰ ਵਿੱਚ ਹੋਏ ਜ਼ਬਰਦਸਤ ਬੰਬ ਧਮਾਕੇ ਤੋਂ ਐਨਾ ਦਰਦ ਅਤੇ ਤਕਲੀਫ ਨਹੀਂ ਝੱਲਣੀ ਪਈ ਸੀ ਜਿੰਨਾ ਉਸਨੂੰ 25 ਫਰਵਰੀ ਨੂੰ ਨੇੜਲੀਆਂ ਬਸਤੀਆਂ ਦੇ ਲੋਕਾਂ ਨੇ ਦਿੱਤਾ ਸੀ। 58 ਸਾਲਾ ਏਸ਼ ਮੁਹੰਮਦ ਨੇ ਆਪਣੇ ਪੁੱਤਰ ਨਾਲ ਛੱਤ ਤੋਂ ਛਾਲ ਮਾਰ ਕੇ ਗੁਆਂਢੀ ਦੇ ਘਰ ਜਾ ਕੇ ਆਪਣੀ ਜਾਨ ਬਚਾਈ। ਅੱਜ ਉਸ ਵੇਲੇ ਏਸ਼ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਦੋਂ ਉਸਨੂੰ ਸੀਆਰਪੀਐੱਫ ਦੇ ਹੈੱਡਕੁਆਰਟਰ ਦੇ ਡਾਇਰੈਕਟਰ ਜਨਰਲ ਡਾ. ਏਪੀ ਮਹੇਸ਼ਵਰੀ ਨੇ ਮਾਲੀ ਇਮਦਾਦ ਵਜੋਂ 11 ਲੱਖ ਰੁਪਏ ਦਾ ਚੈੱਕ ਦਿੱਤਾ।

ਖੌਫ, ਨਫਰਤ ਅਤੇ ਵਹਿਸ਼ੀਪੁਣਾ

ਉਸ ਦਿਨ, ਉੱਤਰ ਪੂਰਬੀ ਜ਼ਿਲ੍ਹੇ ਦੇ ਭਾਗੀਰਥੀ ਵਿਹਾਰ ਵਿੱਚ ਧਰਮ ਦੇ ਨਾਂਅ ‘ਤੇ ਨਫ਼ਰਤ ਦਾ ਜੋ ਸੈਲਾਬ ਆਇਆ ਉਸਨੇ ਏਸ਼ ਮੁਹੰਮਦ ਨੂੰ ਤੋੜ ਦਿੱਤਾ, ਜਿਸਨੇ 22 ਸਾਲਾਂ ਤੋਂ ਸੀਆਰਪੀਐੱਫ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੇਵਾ ਕੀਤੀ। ਏਸ਼ ਮੁਹੰਮਦ ਅਤੇ ਉਸਦਾ ਬੇਟਾ ਉਸ ਦਿਨ ਘਰ ਸਨ। ਬਾਕੀ ਸਾਰਾ ਪਰਿਵਾਰ ਵਿਆਹ ਵਿੱਚ ਸ਼ਾਮਲ ਹੋਣ ਲਈ ਬੁਲੰਦ ਸ਼ਹਿਰ ਗਿਆ ਹੋਇਆ ਸੀ। ਪਤਾ ਨਹੀਂ ਕਿੱਥੋਂ ਦੰਗੇਕਾਰੀਆਂ ਦਾ ਸੈਲਾਬ ਆਇਆ? ਉਨ੍ਹਾਂ ਨੇ ਪਹਿਲਾਂ ਏਸ਼ ਦੇ ਘਰ ਦੇ ਬਾਹਰ ਖੜ੍ਹੇ ਦੋ ਦੋਪਹੀਆ ਵਾਹਨਾਂ ਨੂੰ ਅੱਗ ਲਾ ਦਿੱਤੀ। ਗੁਆਂਢ ਵਿੱਚ ਰਹਿੰਦੇ ਹਿੰਦੂ ਪਰਿਵਾਰ ਦੀਆਂ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਦੰਗਾਕਾਰੀਆਂ ਨੇ ਏਸ਼ ਮੁਹੰਮਦ ਦੇ ਘਰ ਨੂੰ ਅੱਗ ਲਾ ਦਿੱਤੀ ਅਤੇ ਇਸ ਨੂੰ ਲੁੱਟ ਲਿਆ। ਲੋਕਾਂ ਨੇ ਪੁਲਿਸ ਕੰਟਰੋਲ ਰੂਮ ਤੋਂ ਮਦਦ ਲਈ ਪੁਲਿਸ ਨੂੰ ਵਾਰ-ਵਾਰ ਬੁਲਾਇਆ ਪਰ ਦੇਰ ਤੱਕ ਕੋਈ ਸਹਾਇਤਾ ਨਹੀਂ ਮਿਲੀ। ਏਸ਼ ਮੁਹੰਮਦ ਅਤੇ ਉਸਦੇ ਬੇਟੇ ਨੇ ਛੱਤ ਤੋਂ ਛਾਲ ਮਾਰ ਕੇ ਗੁਆਂਢੀਆਂ ਦੇ ਘਰ ਵੜ੍ਹ ਕੇ ਆਪਣੀ ਜਾਨ ਬਚਾਈ। ਮੌਜੂਦਾ ਸਮੇਂ ਦੌਰਾਨ ਉਨ੍ਹਾਂ ਨੂੰ ਮੁਸਤਫਾਬਾਦ ਖੇਤਰ ਦੇ ਸਰਕਾਰੀ ਦੰਗਾ ਰਾਹਤ ਕੈਂਪ ਵਿੱਚ ਰਹਿਣਾ ਪੈ ਰਿਹਾ ਹੈ।

ਏਸ਼ ਮੁਹੰਮਦ 2002 ਵਿੱਚ ਸੀਆਰਪੀਐੱਫ ਤੋਂ ਸੇਵਾਮੁਕਤ ਹੋਏ ਸਨ। 1991 ਵਿੱਚ, ਜਦੋਂ ਕਸ਼ਮੀਰ ਵਿੱਚ ਅੱਤਵਾਦ ਸਿਖਰ ‘ਤੇ ਸੀ, ਸ਼੍ਰੀਨਗਰ ਵਿੱਚ ਤਾਇਨਾਤ ਹੁੰਦਿਆਂ ਇੱਕ ਬੰਬ ਧਮਾਕੇ ਵਿੱਚ ਏਸ਼ ਮੁਹੰਮਦ ਵੀ ਜ਼ਖਮੀ ਹੋ ਗਿਆ ਸੀ।

ਸੁਪਰੀਮ ਕੋਰਟ ਨੂੰ ਵੀ ਸ਼ਿਕਾਇਤ:

ਏਸ਼ ਮੁਹੰਮਦ ਨੇ ਉਸ ਨਾਲ ਹੋਈ ਇਸ ਦਰਦਨਾਕ ਵਾਰਦਾਤ ਬਾਰੇ ਭਾਰਤ ਦੇ ਚੀਫ਼ ਜਸਟਿਸ, ਦਿੱਲੀ ਪੁਲਿਸ ਦੇ ਕਮਿਸ਼ਨਰ ਅਤੇ ਸਥਾਨਕ ਪੁਲਿਸ ਦੇ ਐੱਸਐੱਚਓ ਅਤੇ ਸਬ ਡਵੀਜ਼ਨਲ ਮੈਜਿਸਟਰੇਟ ਨੂੰ ਵੀ ਲਿਖਿਤ ਸ਼ਿਕਾਇਤ ਭੇਜੀ ਹੈ। ਮੀਡੀਆ ਵਿੱਚ ਆਉਣ ਤੋਂ ਬਾਅਦ ਇਹ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਜਦੋਂ ਐਸ਼ ਨੇ ਮੁਹੰਮਦ ਨੂੰ ਚੈੱਕ ਦਿੱਤਾ:

ਏਸ਼ ਮੁਹੰਮਦ ਨੂੰ ਸੀਆਈਏਐੱਫ ਦੇ ਮੁੱਖ ਦਫ਼ਤਰ ਬੁਲਾਇਆ ਗਿਆ। ਇਥੇ ਵੀ ਉਸਨੇ ਅਧਿਕਾਰੀਆਂ ਨੂੰ ਹੱਡਬੀਤੀ ਸੁਣਾਈ। ਜਦੋਂ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਡਾ. ਏਪੀ ਮਹੇਸ਼ਵਰੀ ਨੇ ਰਿਟਾਇਰਡ ਹਵਲਦਾਰ ਏਸ਼ ਮੁਹੰਮਦ ਨੂੰ ਇਹ ਚੈੱਕ ਦਿੱਤਾ ਤਾਂ ਇਹ ਬਹੁਤ ਹੀ ਭਾਵੁਕ ਮੌਕਾ ਸੀ। ਏਸ਼ ਮੁਹੰਮਦ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਡਾਇਰੈਕਟਰ ਜਨਰਲ ਏਪੀ ਮਹੇਸ਼ਵਰੀ ਸਮੇਤ ਉੱਥੇ ਮੌਜੂਦ ਸਾਰੇ ਅਧਿਕਾਰੀ ਬਹੁਤ ਭਾਵੁਕ ਹੋ ਗਏ। ਇਸ ਮੌਕੇ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਭਾਵੇਂ ਉਹ ਸੀਆਰਪੀਐੱਫ ਦੇ ਸੇਵਾਮੁਕਤ ਮੁਲਾਜ਼ਮ ਹੋਣ ਜਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ, ਸਾਰੇ ਇਸ ਫੋਰਸ ਦੇ ਵਿਸ਼ਾਲ ਕਬੀਲੇ ਦਾ ਹਿੱਸਾ ਹਨ। ਉਹਨਾਂ ਦੀ ਸਹਾਇਤਾ ਕਰਨਾ ਸਾਡਾ ਮਨੁੱਖੀ ਅਤੇ ਨੈਤਿਕ ਫਰਜ਼ ਵੀ ਹੈ।