ਕੀ CRPF ‘ਤੇ ਪੁਲਵਾਮਾ ਹਮਲੇ ਨੂੰ ਟਾਲਿਆ ਜਾ ਸਕਦਾ ਸੀ? ਬੇਨਿਯਮੀਆਂ ‘ਤੇ ਸਾਬਕਾ ਰਾਜਪਾਲ ਦਾ ਖੁਲਾਸਾ

31
ਕੇਂਦਰੀ ਰਿਜ਼ਰਵ ਪੁਲਿਸ ਬਲ
ਸਤਿਆਪਾਲ ਮਲਿਕ, ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ।

ਕੀ 14 ਫਰਵਰੀ, 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕਾਫ਼ਲੇ ਉੱਤੇ ਹੋਏ ਹਮਲੇ ਨੂੰ ਰੋਕਿਆ ਜਾ ਸਕਦਾ ਸੀ, ਜਿਸ ਵਿੱਚ 40 ਜਵਾਨ ਸ਼ਹੀਦ ਹੋਏ ਸਨ? ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਸ ਮੰਦਭਾਗੀ ਘਟਨਾ ‘ਤੇ ਅੱਜ ਤਿੰਨ ਸਾਲ ਬਾਅਦ ਇਹ ਸਵਾਲ ਉੱਠਿਆ ਹੈ ਕਿਉਂਕਿ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ ਸਤਿਆਪਾਲ ਮਲਿਕ ਨੇ ਇਕ ਇੰਟਰਵਿਊ ‘ਚ ਇਸ ਸਬੰਧੀ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਇਹ ਇੰਟਰਵਿਊ ਮਸ਼ਹੂਰ ਪੱਤਰਕਾਰ ਕਰਨ ਥਾਪਰ ਨੂੰ ਦਿੱਤੀ ਹੈ। ਸਤਿਆਪਾਲ ਮਲਿਕ ਨੇ ਇੰਟਰਵਿਊ ‘ਚ ਜਿਸ ਤਰ੍ਹਾਂ ਪੁਲਵਾਮਾ ਹਮਲੇ ਤੋਂ ਠੀਕ ਪਹਿਲਾਂ ਦੇ ਹਾਲਾਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ, ਉਸ ਤੋਂ ਸਾਫ ਹੈ ਕਿ ਇਹ ਘਟਨਾ ਸੁਰੱਖਿਆ ‘ਚ ਲਾਪਰਵਾਹੀ ਅਤੇ ਭਾਰਤੀ ਖੁਫੀਆਤੰਤਰ ਦੀ ਅਸਫਲਤਾ ਦਾ ਮਿਸ਼ਰਤ ਨਤੀਜਾ ਸੀ। ਸਤਿਆਪਾਲ ਮਲਿਕ ਨੇ ਇਲਜ਼ਾਮ ਵੀ ਲਾਇਆ ਕਿ ਉਨ੍ਹਾਂ ਨੂੰ ਇਸ ਬਾਰੇ ਲਗਾਤਾਰ ਚੁੱਪ ਰਹਿਣ ਦੀ ਹਦਾਇਤ ਦਿੱਤੀ ਗਈ।

ਜੰਮੂ-ਕਸ਼ਮੀਰ ਤੋਂ ਇਲਾਵਾ ਕਈ ਸੂਬਿਆਂ ‘ਚ ਰਾਜਪਾਲ ਰਹਿ ਚੁੱਕੇ ਸਤਿਆਪਾਲ ਮਲਿਕ ਕੁਝ ਮੁੱਦਿਆਂ ‘ਤੇ ਸਰਕਾਰ ਦੇ ਖਿਲਾਫ ਰਹੇ ਹਨ। ਉਹ ਰਾਜਪਾਲ ਹੁੰਦਿਆਂ ਵੀ ਬੋਲਦੇ ਸਨ ਪਰ ਇਸ ਵਾਰ ਉਨ੍ਹਾਂ ਨੇ ਜੋ ਦੱਸਿਆ ਉਹ ਸੱਚਮੁੱਚ ਹੈਰਾਨ ਕਰਨ ਵਾਲੀ ਜਾਣਕਾਰੀ ਹੈ। ਸਤਿਆਪਾਲ ਮਲਿਕ ਦਾ ਇਹ ਇੰਟਰਵਿਊ ਬਹੁ-ਭਾਸ਼ਾਈ ਡਿਜੀਟਲ ਮੀਡੀਆ ਪਲੇਟਫਾਰਮ ‘ਦਿ ਵਾਇਰ’ ਨਾਮ ਦੇ ਚੈਨਲ ‘ਤੇ ਪ੍ਰਸਾਰਿਤ ਕੀਤਾ ਗਿਆ ਹੈ, ਜਿਸ ਨੇ ਭਾਰਤ ਦੇ ਸਿਆਸੀ ਹਲਕਿਆਂ ‘ਚ ਵੀ ਤੂਫਾਨ ਮਚਾ ਦਿੱਤਾ ਹੈ।

ਕੇਂਦਰੀ ਰਿਜ਼ਰਵ ਪੁਲਿਸ ਬਲ
ਪੁਲਵਾਮਾ ‘ਚ CRPF ‘ਤੇ ਹਮਲਾ। (ਫਾਈਲ ਫੋਟੋ)

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆ ਪਾਲ ਮਲਿਕ ਨੇ ਦੱਸਿਆ ਕਿ ਫਰਵਰੀ 2019 ‘ਚ ਜੰਮੂ-ਸ਼੍ਰੀਨਗਰ ਹਾਈਵੇਅ ‘ਤੇ ਜਿਸ CRPF ਦੇ ਕਾਫਲੇ ‘ਤੇ ਹਮਲਾ ਹੋਇਆ ਸੀ, ਉਸ ਨੂੰ ਪਹਿਲਾਂ ਹੀ ਆਪਣੇ ਜਵਾਨਾਂ ਨੂੰ ਹਵਾਈ ਜਹਾਜ਼ ਰਾਹੀਂ ਲਿਆਉਣ ਦੀ ਬੇਨਤੀ ਕੀਤੀ ਗਈ ਸੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਹਾਜ਼ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਸੈਨਿਕਾਂ ਨੂੰ ਸੜਕ ਰਾਹੀਂ ਲਿਆਉਣਾ ਠੀਕ ਨਹੀਂ ਸੀ। ਇੰਨ੍ਹਾ ਹੀ ਨਹੀਂ ਜਿਸ ਹਾਈਵੇਅ ਤੋਂ ਸੀਆਰਪੀਐੱਫ ਦਾ ਇਹ ਕਾਫਿਲਾ ਆ ਰਿਹਾ ਸੀ, ਉਸ ਤੋਂ ਆਉਣ ਵਾਲੀ ਆਵਾਜਾਈ ‘ਤੇ ਵੀ ਕੋਈ ਕੰਟ੍ਰੋਲ ਨਹੀਂ ਸੀ। ਮਤਲਬ ਇੱਥੇ ਸੁਰੱਖਿਆ ਪੂਰੀ ਤਰ੍ਹਾਂ ਕਾਇਮ ਨਹੀਂ ਸੀ। ਸੀਆਰਪੀਐੱਫ ਵੀ ਇੱਥੇ ਕਸੂਰਵਾਰ ਸੀ।

ਸਾਬਕਾ ਗਵਰਨਰ ਸਤਿਆਪਾਲ ਮਲਿਕ ਨੇ ‘ਦਿ ਵਾਇਰ’ ਨੂੰ ਦਿੱਤੀ ਇਸ ਇੰਟਰਵਿਊ ਵਿੱਚ ਇੱਥੋਂ ਤੱਕ ਦੱਸਿਆ ਕਿ ਕਾਫ਼ਲੇ ਵਿੱਚ ਧਮਾਕੇ ਵਿੱਚ ਵਰਤੀ ਗਈ ਕਾਰ ਧਮਾਕਾਖੇਜ ਸਮੱਗਰੀ ਨਾਲ ਲੱਦੀ ਕਈ ਦਿਨਾਂ ਤੋਂ ਕਸ਼ਮੀਰ ਦੇ ਵੱਖ-ਵੱਖ ਪਿੰਡਾਂ ਵਿੱਚ ਘੁੰਮ ਰਹੀ ਸੀ ਅਤੇ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਿਆ। ਸਤਿਆਪਾਲ ਮਲਿਕ ਨੇ ਮੰਨਿਆ ਕਿ ਇਹ ਖੁਫੀਆ ਤੰਤਰ ਦੀ ਨਾਕਾਮੀ ਸੀ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਇੰਨੀ ਵੱਡੀ ਗਿਣਤੀ ਵਿਚ ਫੌਜੀਆਂ ਨੂੰ ਲਿਆਉਣ ਲਈ ਹਵਾਈ ਜਹਾਜ਼ ਦਿੱਤੇ ਜਾਣੇ ਚਾਹੀਦੇ ਸਨ। ਇਹ ਫੈਸਲਾ ਉਸ ਸਮੇਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੈਣਾ ਸੀ, ਜਿਸ ਦੇ ਇੰਚਾਰਜ ਉਸ ਸਮੇਂ ਰਾਜਨਾਥ ਸਿੰਘ ਸਨ। ਰਾਜਨਾਥ ਸਿੰਘ ਇਸ ਸਮੇਂ ਭਾਰਤ ਦੇ ਕੇਂਦਰੀ ਰੱਖਿਆ ਮੰਤਰੀ ਹਨ।

ਜੇਕਰ ਮੈਂ ਮੰਤਰੀ ਹੁੰਦਾ ਤਾਂ ਅਸਤੀਫਾ ਦੇ ਦਿੰਦਾ:

ਸੱਤਿਆਪਾਲ ਮਲਿਕ ਦਾ ਮੰਨਣਾ ਹੈ ਕਿ ਸਰਕਾਰ ਨੂੰ ਇਸ ਲਾਪਰਵਾਹੀ ਅਤੇ ਨਾਕਾਮੀ ਬਾਰੇ ਇਕਬਾਲ ਕਰਨਾ ਚਾਹੀਦਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਉਹ ਖੁਦ ਇਸ ਸਥਿਤੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਹੁੰਦੇ ਤਾਂ ਅਸਤੀਫਾ ਦੇ ਦਿੰਦੇ।

ਕੀ ਸੀ ਪੁਲਵਾਮਾ ਹਮਲਾ?

ਧਿਆਨਯੋਗ ਹੈ ਕਿ 14 ਫਰਵਰੀ 2019 ਨੂੰ ਇੱਕ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਗੋਲਾ ਬਾਰੂਦ ਨਾਲ ਭਰੀ ਕਾਰ ਨੂੰ ਲੈ ਕੇ ਜਾ ਰਹੇ ਸੀਆਰਪੀਐੱਫ ਦੇ ਕਾਫਲੇ ਨਾਲ ਟੱਕਰ ਮਾਰ ਦਿੱਤੀ ਸੀ। ਇਹ ਘਟਨਾ ਲੇਥਪੋਰਾ ਪਿੰਡ ਦੇ ਬਾਹਰ ਵਾਪਰੀ। ਇਸ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ‘ਚ ਅੱਤਵਾਦੀ ਆਦਿਲ ਵੀ ਮਾਰਿਆ ਗਿਆ ਸੀ। ਉਹ ਵੀ ਪੁਲਵਾਮਾ ਦਾ ਰਹਿਣ ਵਾਲਾ ਸੀ। ਅੱਤਵਾਦੀ ਸੰਗਠਨ ਜੈਨਸ਼-ਏ-ਮੁਹੰਮਦ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। 2021 ਤੱਕ, ਸਾਜ਼ਿਸ਼ ਵਿੱਚ ਸ਼ਾਮਲ 6 ਹੋਰ ਲੋਕ ਮਾਰੇ ਗਏ ਸਨ ਅਤੇ ਕੁੱਲ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।