ਸੀਆਰਪੀਐੱਫ ਦੇ ਡਿਪਟੀ ਕਮਾਂਡੈਂਟ ਰਾਹੁਲ ਮਾਥੁਰ ਨੇ ਬਣਾਈ ਦਲੇਰੀ ਦੀ ਅਸਲ ਕਹਾਣੀ

106
ਡਿਪਟੀ ਕਮਾਂਡੈਂਟ ਰਾਹੁਲ ਮਾਥੁਰ

ਅੱਤਵਾਦੀਆਂ ਨਾਲ ਹੋਏ ਇਸ ਖਤਰਨਾਕ ਮੁਠਭੇੜ ਅਤੇ ਸੀਆਰਪੀਐੱਫ ਦੇ ਡਿਪਟੀ ਕਮਾਂਡੈਂਟ ਰਾਹੁਲ ਮਾਥੁਰ ਦੀ ਹਿੰਮਤ ਦੀ ਕਹਾਣੀ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਫਿਰਦੌਸਾਬਾਦ ਵਿੱਚ ਵੀਰਵਾਰ ਦੇ ਤੜਕੇ ਸ਼ੁਰੂ ਹੋਈ ਜਦੋਂ ਖ਼ਬਰ ਮਿਲੀ ਕਿ ਇੱਥੇ ਇੱਕ ਘਰ ਵਿੱਚ ਤਿੰਨ ਅੱਤਵਾਦੀ ਛਿਪੇ ਹੋਏ ਹਨ। ਸਾਰੀ ਵਾਦੀ ਹਨੇਰੇ ਅਤੇ ਖਾਮੋਸ਼ੀ ਦੀ ਆਗੋਸ਼ ਵਿੱਚ ਸੀ। ਇਸਤੋਂ ਪਹਿਲਾਂ ਕਿ ਪੋਹ ਫਟਦੀ ਅਤੇ ਅੱਤਵਾਦੀਆਂ ਨੂੰ ਦਿਨ ਵੇਲੇ ਕੋਈ ਵੀ ਵਾਰਦਾਤ ਕਰਨ ਦਾ ਮੌਕਾ ਮਿਲਦਾ ਸੁਰੱਖਿਆ ਬਲਾਂ ਨੇ ਫੌਰੀ ਇਸ ਕਾਰਵਾਈ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ।

ਓਪਰੇਸ਼ਨ ਇਸ ਤਰ੍ਹਾਂ ਸ਼ੁਰੂ ਹੋਇਆ:

ਖ਼ਬਰ ਪੁਖ਼ਤਾ ਸੀ। ਲਿਹਾਜਾ, ਬਟਮਾਲੂ ਦੇ ਫਿਰਦੌਸਾਬਾਦ ਦੇ ਇਸ ਮਕਾਨ ਵਿੱਚ ਛਿਪੇ ਤਿੰਨ ਅੱਤਵਾਦੀਆਂ ਨੂੰ ਘੇਰਣ ਅਤੇ ਗ੍ਰਿਫਤਾਰ ਕਰਨ ਲਈ ਸੀਆਰਪੀਐੱਫ, ਵਾਦੀ ਵਿੱਚ ਤਾਇਨਾਤ ਰੈਪਿਡ ਐਕਸ਼ਨ ਸਕੁਐਡ (QAT -ਕਿਯੂਏਟੀ) ਦੇ ਕਮਾਂਡਰ ਨਰੇਸ਼ ਯਾਦਵ ਦੀ ਅਗਵਾਈ ਵਿੱਚ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ. ਓ ਜੀ) ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਟੀਮ ਨੇ ਤਿੰਨ ਵਜੇ ਕਾਰਵਾਈ ਸ਼ੁਰੂ ਕੀਤੀ। ਤਕਰੀਬਨ 15 ਮਿੰਟ ਦੀ ਘੇਰਾਬੰਦੀ ਅਤੇ ਇਲਾਕੇ ਦੀ ਜਾਂਚ ਤੋਂ ਬਾਅਦ ਟੀਮ ਨੇ ਘਰ ਦੀ ਪਛਾਣ ਕੀਤੀ।

ਅੱਤਵਾਦੀ ਨਾਲ ਟਾਕਰਾ:

ਘਰ ਦਾ ਮੁੱਖ ਗੇਟ ਬੰਦ ਸੀ। ਅਜਿਹੀ ਸਥਿਤੀ ਵਿੱਚ ਸੀਆਰਪੀਐੱਫ ਦੇ ਡਿਪਟੀ ਕਮਾਂਡੈਂਟ ਦੀ ਅਗਵਾਈ ਵਿੱਚ ਸੀਆਰਪੀਐੱਫ ਦੀ ਇੱਕ ਟੁੱਕੜੀ ਮਕਾਨ ਦੇ ਪਿਛਲੇ ਵਿਹੜੇ ਦੀ ਕੰਧ ਟੱਪ ਕੇ ਅੰਦਰ ਪਹੁੰਚ ਗਈ। ਘਰ ਦੇ ਅੰਦਰੂਨੀ ਹਿੱਸਿਆਂ ਵਿੱਚ ਕਮਰਿਆਂ ਵਿੱਚ ਛੁਪੇ ਅੱਤਵਾਦੀਆਂ ਦੀ ਭਾਲ ਵਿੱਚ ਰਾਹੁਲ ਮਾਥੁਰ ਅਤੇ ਉਸਦੇ ਸਾਥੀ ਆਪਣੇ ਢੰਗ ਨਾਲ ਕੰਮ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਇੱਕ ਅੱਤਵਾਦੀ ਦਾ ਸਾਹਮਣਾ ਕਰਨਾ ਪਿਆ। ਅੱਤਵਾਦੀ ਨੇ ਆਪਣੀ ਬੰਦੂਕ ਨਾਲ ਰਾਹੁਲ ਮਾਥੁਰ ‘ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਛਾਤੀ ਅਤੇ ਪੇਟ’ ਤੇ ਸੱਟ ਲੱਗੀ। ਬੁਰੀ ਤਰ੍ਹਾਂ ਜ਼ਖ਼ਮੀ ਅਤੇ ਲਹੂ-ਲੁਹਾਨ ਰਾਹੁਲ ਮਾਥੁਰ ਨੇ ਹਿੰਮਤ ਨਹੀਂ ਹਾਰੀ, ਇਸ ਦੇ ਉਲਟ, ਉਸੇ ਅੱਤਵਾਦੀ ਨੂੰ ਆਪਣੇ ਹਥਿਆਰ ਨਾਲ ਹਮਲਾ ਕੀਤਾ। ਡਿਪਟੀ ਕਮਾਂਡਰ ਨੇ ਹਮਲਾਵਰ ਨੂੰ ਉੱਥੇ ਹੀ ਮਾਰ ਮੁਕਾਇਆ। ਇਸ ਦੌਰਾਨ ਸਾਥੀਆਂ ਨੇ ਤੁਰੰਤ ਜ਼ਖ਼ਮੀ ਰਾਹੁਲ ਮਾਥੁਰ ਨੂੰ ਉਥੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸ਼੍ਰੀਨਗਰ ਦੇ ਆਰਮੀ ਦੇ 92 ਬੇਸ ਹਸਪਤਾਲ ਲੈ ਗਏ। ਡਿਪਟੀ ਕਮਾਂਡੈਂਟ ਰਾਹੁਲ ਮਾਥੁਰ ਦੀ ਹਾਲਤ ਗੰਭੀਰ ਬਣੀ ਹੋਈ ਸੀ। ਫੌਰੀ ਤੌਰ ‘ਤੇ ਉਨ੍ਹਾਂ ਦਾ ਆਪ੍ਰੇਸ਼ਨ ਸ਼ੁਰੂ ਕੀਤੀ ਗਿਆ।

ਇੱਕ ਪਾਸੇ ਰਾਹੁਲ ਮਾਥੁਰ ਨੂੰ ਬਚਾਉਣ ਲਈ ਡਾਕਟਰਾਂ ਦਾ ਇਹ ਆਪ੍ਰੇਸ਼ਨ ਹਸਪਤਾਲ ਵਿੱਚ ਚੱਲ ਰਿਹਾ ਸੀ, ਦੂਜੇ ਪਾਸੇ ਫ਼ਿਰਦੌਸਾਬਾਦ ਵਿੱਚ ਅੱਤਵਾਦੀਆਂ ਦੇ ਨਾਲ ਸੁਰੱਖਿਆ ਬਲਾਂ ਦੇ ਜਵਾਨਾਂ ਦਾ ਆਪ੍ਰੇਸ਼ਨ ਚੱਲ ਰਿਹਾ ਸੀ।

ਡਿਪਟੀ ਕਮਾਂਡੈਂਟ ਰਾਹੁਲ ਮਾਥੁਰ

ਆਪਣੇ ਅਧਿਕਾਰੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਵੀ ਸੀਆਰਪੀਐੱਫ ਦੇ ਮੁਲਾਜ਼ਮ ਉਸ ਕਾਰਵਾਈ ਵਿੱਚ ਰੁੱਝੇ ਹੋਏ ਸਨ। ਮੁਕਾਬਲੇ ਦੀ ਸਥਿਤੀ ਦੀ ਖ਼ਬਰ ਮਿਲਦਿਆਂ ਹੀ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਦੋਵਾਂ ਪਾਸਿਆਂ ਤੋਂ ਫਾਇਰਿੰਗ ਕੁਝ ਦੇਰ ਲਈ ਰੁਕੀ। ਸ਼ਾਇਦ ਅੱਤਵਾਦੀ ਵੀ ਸਵੇਰ ਦੀ ਰੋਸ਼ਨੀ ਦਾ ਇੰਤਜ਼ਾਰ ਕਰ ਰਹੇ ਸਨ, ਪਰ ਕੁਝ ਕਰਨ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਸਾਹਮਣੇ ਆਉਂਦਿਆਂ ਹੀ ਵਿਸ਼ਾਲ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਕੋਲ ਕਾਫੀ ਅਸਲ੍ਹਾ ਸੀ ਜਿਵੇਂ ਕਿ ਜੰਗ ਦੀ ਤਿਆਰੀ ਕੀਤੀ ਹੋਵੇ। ਇਸ ਦੌਰਾਨ ਸੁਰੱਖਿਆ ਬਲਾਂ ਲਈ ਇੱਕ ਹੋਰ ਚੁਣੌਤੀ ਸਾਹਮਣੇ ਆਈ।

ਮਹਿਲਾ ਦੀ ਮੌਤ:

ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਚੱਲ ਰਹੀ ਕ੍ਰਾਸ ਫਾਇਰਿੰਗ ਵਿੱਚ ਇੱਕ ਸਥਾਨਕ ਮਹਿਲਾ ਜੋ ਨੇੜਲੀ ਬੇਕਰੀ ਤੋਂ ਨਾਸ਼ਤੇ ਲਈ ਕੁਝ ਖਰੀਦਦਾਰੀ ਕਰਨ ਜਾ ਰਹੀ ਸੀ ਨੂੰ ਇੱਕ ਗੋਲੀ ਲੱਗੀ ਅਤੇ ਔਰਤ ਦੀ ਮੌਤ ਹੋ ਗਈ।

ਜਵਾਨਾਂ ‘ਤੇ ਪਥਰਾਅ:

ਇੰਨਾ ਹੀ ਨਹੀਂ, ਸਥਿਤੀ ਉਸ ਵੇਲੇ ਹੋਰ ਗੰਭੀਰ ਬਣ ਗਈ ਜਦੋਂ ਮੁਕਾਬਲੇ ਦੀ ਖ਼ਬਰ ਫੈਲ ਗਈ ਅਤੇ ਲੋਕ ਇਕੱਠੇ ਹੋ ਗਏ ਅਤੇ ਮੁਕਾਬਲੇ ਵਾਲੀ ਥਾਂ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਪੱਥਰਬਾਜ਼ੀ ਦੌਰਾਨ ਸੀਆਰਪੀਐੱਫ ਦੇ ਇੱਕ ਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ। ਸਥਿਤੀ ਨੂੰ ਕਾਬੂ ਕਰਨ ਲਈ ਹੋਰ ਫੋਰਸ ਬੁਲਾਈ ਗਈ। ਇਸ ਦੌਰਾਨ ਅੱਤਵਾਦੀਆਂ ਦਾ ਮੋਰਚਾ ਵੀ ਜਾਰੀ ਰਿਹਾ।

ਆਪ੍ਰੇਸ਼ਨ ਕਾਮਯਾਬ:

ਦੋਵੇਂ ਆਪ੍ਰੇਸ਼ਨ ਸਫਲ ਰਹੇ। ਘਰ ਵਿੱਚ ਲੁਕੇ ਹੋਏ ਦੋ ਹੋਰ ਅੱਤਵਾਦੀ ਵੀ ਮਾਰੇ ਗਏ। ਡਿਪਟੀ ਕਮਾਂਡੈਂਟ ਬਾਰੇ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਉਹ ਹੁਣ ਪੂਰੀ ਚੇਤਨਾ ਵਿੱਚ ਹਨ। ਕੱਲ੍ਹ ਤੱਕ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਪਰ ਹੁਣ ਵੈਂਟੀਲੇਟਰ ਨੂੰ ਹਟਾ ਦਿੱਤਾ ਗਿਆ ਹੈ। ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।