ਜੰਮੂ-ਕਸ਼ਮੀਰ ਦੀ ਕਠੂਆ ਸਰਹੱਦ ‘ਤੇ ਤਾਇਨਾਤ ਬਾਰਡਰ ਸਿਕਿਓਰਿਟੀ ਫੋਰਸ (ਬੀਐੱਸਐੱਫ) ਦੇ ਜਵਾਨਾਂ ਨੇ ਪਾਕਿਸਤਾਨ ਤੋਂ ਹਥਿਆਰ ਲੈ ਕੇ ਭਾਰਤੀ ਸਰਹੱਦ ਅੰਦਰ ਵੜ੍ਹੇ ਡ੍ਰੋਨ ਨੂੰ ਹੇਠਾਂ ਸੁੱਟ ਲਿਆ। ਇਸ ਡ੍ਰੋਨ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਭਰੇ ਗਏ ਸਨ। ਡ੍ਰੋਨ ਸੁੱਟਣ ਵਾਲੇ ਬੀਐੱਸਐੱਫ ਦੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੂੰ ਡੇਢ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਅਮਰੀਕੀ ਸੈਮੀ-ਆਟੋਮੈਟਿਕ ਰਾਈਫਲ, ਇਸ ਦੀਆਂ ਗੋਲੀਆਂ ਅਤੇ ਗ੍ਰੇਨੇਡ ਵੀ ਡ੍ਰੋਨ ਤੋਂ ਬਰਾਮਦ ਕੀਤੇ ਗਏ ਹਨ।
ਇੰਝ ਸੁੱਟਿਆ ਡ੍ਰੋਨ:
ਦਰਅਸਲ, ਇਹ ਡ੍ਰੋਨ ਐਤਵਾਰ ਸਵੇਰੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜੰਮੂ ਦੇ ਕਠੂਆ ਵਿੱਚ ਹੀਰਾ ਨਗਰ ਸੈਕਟਰ ਦੇ ਰਥੂਆ ਵਿੱਚ ਅਸਮਾਨ ਵਿੱਚ ਉਡਾਣ ਭਰਦਾ ਵੇਖਿਆ ਗਿਆ। ਬੀਐੱਸਐੱਫ ਦੀ 19ਵੀਂ ਬਟਾਲੀਅਨ ਦੇ ਗਸ਼ਤ ਕਰ ਰਹੇ ਜਵਾਨਾਂ ਨੇ ਸਵੇਰੇ 5.10 ਵਜੇ ਇਸ ਨੂੰ ਵੇਖਿਆ ਅਤੇ ਡ੍ਰੋਨ ਨੂੰ ਗੋਲੀ ਮਾਰ ਦਿੱਤੀ ਅਤੇ ਹੇਠਾਂ ਸੁੱਟ ਦਿੱਤਾ। ਉਦੋਂ ਇਹ ਡ੍ਰੋਨ ਭਾਰਤੀ ਸਰਹੱਦ ਦੇ 250 ਮੀਟਰ ਦੀ ਉੱਚਾਈ ਅਤੇ ਲਗਭਗ 150 ਫੁੱਟ ‘ਤੇ ਉਡਾਣ ਭਰ ਰਿਹਾ ਸੀ। ਇਸ ਨੂੰ ਸੁੱਟਣ ਲਈ ਸਬ-ਇੰਸਪੈਕਟਰ ਦਵਿੰਦਰ ਸਿੰਘ ਨੂੰ 8 ਗੋਲੀਆਂ ਚਲਾਉਣੀਆਂ ਪਈਆਂ। ਪਾਕਿਸਤਾਨੀ ਡ੍ਰੋਨ ਨੇੜਲੇ ਖੇਤਾਂ ਵਿੱਚ ਡਿੱਗਿਆ। ਦਵਿੰਦਰ ਸਿੰਘ ਨੂੰ ਇਸ ਸ਼ਾਨਦਾਰ ਕਾਰਜ ਦੇ ਲਈ ਬੀਐੱਸਐੱਫ ਦੇ ਡਾਇਰੈਕਟਰ ਜਨਰਲ, ਜੰਮੂ ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਕਠੂਆ ਦੇ ਡੀਸੀ ਵਲੋਂ 50-50 ਹਜਾਰ ਰੁਪਏ ਨਕਦ ਇਨਾਮ ਦਾ ਐਲਾਨ ਕੀਤਾ ਗਿਆ ਹੈ।
ਡ੍ਰੋਨ ਵਿੱਚ ਹਥਿਆਰ:
ਬੀਐੱਸਐੱਫ ਜੰਮੂ ਕਸ਼ਮੀਰ ਫਰੰਟੀਅਰ ਦੇ ਇੰਸਪੈਕਟਰ ਜਨਰਲ (ਆਈਜੀ) ਨਰਿੰਦਰ ਸਿੰਘ ਜਾਮਵਾਲ ਦੇ ਅਨੁਸਾਰ ਇਸ ਡ੍ਰੋਨ ਵਿੱਚ ਹਥਿਆਰਾਂ ਦੀ ਖੇਪ ਉੱਤੇ ਕਿਸੇ ਅਲੀ ਭਾਈ ਦਾ ਨਾਮ ਲਿਖਿਆ ਗਿਆ ਸੀ। ਇਸ ਵਿੱਚ ਐਮ-4 ਯੂਐੱਸ ਮੇਡ ਸੈਮੀ-ਆਟੋਮੈਟਿਕ ਰਾਈਫਲ, 5.56 ਐੱਮਐੱਮ ਦੀਆਂ 60 ਗੋਲੀਆਂ ਨਾਲ ਭਰੀ, ਉਸਦੇ ਦੋ ਮੈਗਜੀਨ ਅਤੇ ਚੀਨ ਦੇ ਬਣੇ ਸੱਤ ਐਮ-67 ਗ੍ਰੇਨੇਡ ਸਨ। ਸ੍ਰੀ ਜਮਵਾਲ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਅਤੇ ਗੋਲਾ ਬਾਰੂਦ ਵੈਸੇ ਹੀ ਹਨ, ਜਿਵੇਂ ਦੇ ਕੁਝ ਮਹੀਨੇ ਪਹਿਲਾਂ ਨਾਗਰੋਟਾ ਦੇ ਟੋਲ ਪਲਾਜ਼ਾ ਉੱਤੇ ਮਾਰੇ ਗਏ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੋਲੋਂ ਮਿਲੇ ਸਨ।
ਘੁਸਪੈਠ ਅਤੇ ਜਾਸੂਸੀ ਵੀ:
ਮੰਨਿਆ ਜਾਂਦਾ ਹੈ ਕਿ ਹਥਿਆਰਾਂ ਦੀ ਇਸ ਖੇਪ ਨੂੰ ਭਾਰਤ ਛੱਡਣ ਉਪਰੰਤ ਡ੍ਰੋਨ ਨੂੰ ਵਾਪਸ ਪਾਕਿਸਤਾਨ ਜਾਣਾ ਸੀ। ਹਥਿਆਰ ਸਪਲਾਈ ਕਰਨ ਦਾ ਇਹ ਤਰੀਕਾ ਅੱਤਵਾਦੀਆਂ ਨੇ ਪੰਜਾਬ ਸਰਹੱਦ ‘ਤੇ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਅਪਣਾਇਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਰੇਂਜਰ ਅਤੇ ਪਾਕਿਸਤਾਨੀ ਆਰਮੀ ਵੀ ਇਸ ਹੱਥਕੰਡੇ ਰਾਹੀਂ ਇਹ ਵੀ ਵੇਖਦੇ ਹਨ ਕਿ ਭਾਰਤੀ ਸੁਰੱਖਿਆ ਮੁਲਾਜਮਾਂ ਦੀ ਕਿੱਥੇ ਕਿੱਥੇ ਤਾਇਨਾਤੀ ਹੈ ਅਤੇ ਉਨ੍ਹਾਂ ਦੀਆਂ ਟੀਮਾਂ ਵਿਚਾਲੇ ਕਿੰਨਾ ਫਾਸਲਾ ਹੈ, ਤਾਂ ਜੋ ਉਸੇ ਹਿਸਾਬ ਨਾਲ ਘੁਸਪੈਠ ਕਰਾਈ ਜਾ ਸਕੇ। ਅਜਿਹੇ ਵਿੱਚ ਡ੍ਰੋਨ ਜਾਸੂਸੀ ਵਿੱਚ ਵੀ ਵਰਤਿਆ ਜਾਂਦਾ ਹੈ।
ਅਜਿਹਾ ਸੀ ਡ੍ਰੋਨ:
ਸੁੱਟੇ ਗਏ ਡ੍ਰੋਨ ਦਾ ਬਲੇਡ-ਤੋਂ-ਬਲੇਡ ਦਾ ਆਕਾਰ 8 ਫੁੱਟ ਸੀ ਅਤੇ ਇਸਦਾ ਭਾਰ 17.5 ਕਿੱਲੋਗ੍ਰਾਮ ਸੀ, ਜਦੋਂਕਿ ਇਸ ‘ਤੇ ਲੱਦੇ ਹੋਏ ਹਥਿਆਰ ਅਤੇ ਬੁਲੇਟ ਬਾਰੂਦ ਦਾ ਭਾਰ ਲਗਭਗ 6 ਕਿੱਲੋਗ੍ਰਾਮ ਸੀ। ਖੇਪ ‘ਤੇ ਨਾਮ ਜ਼ਰੂਰ ਲਿਖਿਆ ਗਿਆ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਖੇਪ ਜਿਸ ਪਾਕਿਸਤਾਨੀ ਏਜੰਟ ਤੱਕ ਪਹੁੰਚਣੀ ਸੀ, ਉਸਦਾ ਟਿਕਾਣਾ ਕਿੱਥੇ ਹੈ। ਹਾਲਾਂਕਿ, ਬੀਐੱਸਐੱਫ ਇਹ ਜ਼ਰੂਰ ਕਹਿਣਾ ਹੈ ਕਿ ਇਸ ਡ੍ਰੋਨ ਨੂੰ ਪਾਕਿਸਤਾਨ ਦੀ ਉਸ ਚੌਕੀ ਤੋਂ ਕੰਟ੍ਰੋਲ ਕੀਤਾ ਜਾ ਰਿਹਾ ਸੀ ਜੋ ਸਿੱਧਾ ਬੀਐੱਸਐੱਫ ਦੀ ਪਨੇਸਰ ਚੌਕੀ ਦੇ ਸਾਮ੍ਹਣੇ ਦੀ ਦਿਸ਼ਾ ਵਿੱਚ ਹੈ।