ਕਈ ਮੋਰਚਿਆਂ ‘ਤੇ ਆਪਣੇ ਸ਼ਕਤੀਸ਼ਾਲੀ ਕਾਰਨਾਮੇ ਲੋਹਾ ਮੰਨਵਾ ਚੁੱਕਾ ਭਾਰਤ ਦੀ ਸਭ ਤੋਂ ਪੁਰਾਣਾ ਨੀਮ-ਫੌਜੀ ਦਸਤਾ ਅਸਾਮ ਰਾਈਫਲਜ਼ ਆਪਣਾ 185ਵਾਂ ਸਥਾਪਨਾ ਦਿਹਾੜਾ ਮਨਾ ਰਿਹੈ। ਇਹ ਫੋਰਸ, ਜਿਸ ਨੂੰ ਉੱਤਰ-ਪੂਰਬ ਭਾਰਤ ਦਾ ਪਹਿਰੇਦਾਰ ਕਿਹਾ ਜਾਂਦਾ ਹੈ, 24 ਮਾਰਚ 1835 ਨੂੰ ਸਿਰਫ ਕੁਝ ਸੌ ਫੌਜੀਆਂ (ਲਗਭੱਗ 750) ਦੀ ਭਰਤੀ ਨਾਲ ਬਣਾਈ ਗਈ ਸੀ ਅਤੇ ਇਸਦਾ ਨਾਂਅ ਸੀ ਕਛਾਰ ਲੇਵੀ। ਹੁਣ 46 ਬਟਾਲੀਅਨ ਦੀ ਇਸ ਸੰਸਥਾ ਵਿੱਚ, ਫੌਜੀਆਂ ਦੀ ਤਾਕਤ ਲਗਭੱਗ 65 ਹਜ਼ਾਰ ਦੇ ਕਰੀਬ ਪਹੁੰਚਣ ਜਾ ਰਹੀ ਹੈ। ਭਾਵੇਂ ਇਸ ਨੂੰ ਵੱਖ ਵੱਖ ਕਿਸਮਾਂ ਦੇ ਕੰਮ ਦੀਆਂ ਚੁਣੌਤੀਆਂ ਜਾਂ ਇਸ ਦੇ ਪ੍ਰਬੰਧਕੀ ਤਾਣੇ-ਬਾਣੇ ਨਾਲ ਨਜਿੱਠਣਾ ਪਿਆ ਹੈ, ਹਰ ਮਾਮਲੇ ਵਿੱਚ ਇਸਦਾ ਇਤਿਹਾਸ ਹੋਰ ਸਾਰੀਆਂ ਤਾਕਤਾਂ ਨਾਲੋਂ ਵੱਖਰਾ ਅਤੇ ਗੁੰਝਲਦਾਰ ਰਿਹਾ ਹੈ। ਪਰ ਤਾਕਤ, ਹੌਂਸਲੇ, ਜੋਸ਼ ਅਤੇ ਬਹਾਦਰੀ ਦੇ ਜ਼ੋਰ ‘ਤੇ ਇਸ ਨੇ ਹਰ ਜਗ੍ਹਾ ਕਾਮਯਾਬੀ ਦੇ ਝੰਡੇ ਗੱਡੇ ਹਨ।
ਸਥਾਪਨਾ ਦੇ ਬਾਅਦ ਤੋਂ ਕਈ ਤਬਦੀਲੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਦੂਜੀ ਸਦੀ ਦੇ ਅੱਧ ਦੇ ਲਾਗੇ ਪਹੁੰਚ ਰਹੀ ਅਸਾਮ ਰਾਈਫਲਜ਼ ਦੇ ਪ੍ਰਬੰਧਕੀ ਆਕਾ ਵੀ ਬਦਲਦੇ ਰਹੇ ਹਨ। 1965 ਤੱਕ ਇਹ ਵਿਦੇਸ਼ ਮੰਤਰਾਲੇ ਦੇ ਅਧੀਨ ਸੀ ਜਦੋਂ ਇਹ ਮੰਤਰਾਲਾ ਉੱਤਰ-ਪੂਰਬ ਦੇ ਮਾਮਲਿਆਂ (NEFA) ਦਾ ਇੰਚਾਰਜ ਸੀ। ਮੌਜੂਦਾ ਸਮੇਂ ਦੌਰਾਨ ਉੱਤਰ-ਪੂਰਬ ਭਾਰਤ ਦੀ ਅੰਦਰੂਨੀ ਸੁਰੱਖਿਆ ਅਤੇ ਭਾਰਤ-ਮਿਆਂਮਾਰ ਸਰਹੱਦ ਦੀ ਸੁਰੱਖਿਆ ਦੀ ਦੋਹਰੀ ਜ਼ਿੰਮੇਵਾਰੀ ਸੰਭਾਲ ਰਿਹਾ ਅਸਾਮ ਰਾਈਫਲਜ਼ ਅਜਿਹੀ ਫੌਜ ਹੈ ਜਿਸ ਦੀ ਅਗਵਾਈ ਤਾਂ ਭਾਰਤੀ ਫੌਜ ਦੇ ਅਧਿਕਾਰੀ ਕਰਦੇ ਹਨ, ਪਰ ਇਸਤੇ ਕੰਟ੍ਰੋਲ ਗ੍ਰਹਿ ਮੰਤਰਾਲੇ ਦਾ ਹੁੰਦਾ ਹੈ। ਰੈਂਕ, ਤਨਖਾਹ, ਭੱਤੇ ਆਦਿ ਆਰਮੀ ਦੇ ਅਧਿਕਾਰ ਖੇਤਰ ਅਧੀਨ ਹਨ ਭਾਵ ਇਹ ਰੱਖਿਆ ਮੰਤਰਾਲੇ ਦੇ ਅਧੀਨ ਹੈ। ਬੇਸ਼ਕ, ਇਸ ਨੇ ਹਮੇਸ਼ਾਂ ਸਾਜੋ-ਸਮਾਨ ਅਤੇ ਸਿਖਲਾਈ ਵਿੱਚ ਤਰਜੀਹ ਦੀ ਘਾਟ ਨਾਲ ਸੰਘਰਸ਼ ਕੀਤਾ ਹੈ, ਪਰ ਜਦੋਂ ਕਿ ਇਹ ਸਿਵਲ ਪ੍ਰਸ਼ਾਸਨ ਦਾ ਸੱਜਾ-ਹੱਥ ਹੈ, ਫੌਜ ਦੀ ਖੱਬੀ ਬਾਂਹ ਵੀ ਹੈ।
ਸਿਪਾਹੀਆਂ ਨੂੰ ਵਧਾਈ:
ਇਸ ਵੇਲੇ ਅਸਾਮ ਰਾਈਫਲਜ਼ ਦੀ ਅਗਵਾਈ ਲੈਫਟੀਨੈਂਟ ਜਨਰਲ ਸੁਖਦੀਪ ਸੰਗਵਾਨ ਕਰ ਰਹੇ ਹਨ ਜੋ ਕਿ ਫੋਰਸ ਦੇ ਡਾਇਰੈਕਟਰ ਜਨਰਲ ਹਨ। ਲੈਫਟੀਨੈਂਟ ਜਨਰਲ ਸੰਗਵਾਨ, ਜਿਸ ਨੂੰ ਆਰਮੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ, ਉਂਝ ਰਾਜਪੁਤਾਨਾ ਰਾਈਫਲਜ਼ ਤੋਂ ਹਨ। ਉਨ੍ਹਾਂ ਨੇ ਅਸਾਮ ਰਾਈਫਲਜ਼ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਸਥਾਪਨਾ ਦਿਵਸ ਦੇ ਮੌਕੇ ‘ਤੇ ਵਧਾਈ ਸੰਦੇਸ਼ ਭੇਜਿਆ ਹੈ।
ਬਲ ਦਾ ਮੁਖੀ:
ਅਸਾਮ ਰਾਈਫਲਜ਼ ਦਾ ਮੁਖੀ, ਭਾਵ ਸੈਨਾ ਅਧਿਕਾਰੀ ਬਣਾਇਆ ਜਾਂਦਾ ਹੈ, ਜੋ ਲੈਫਟੀਨੈਂਟ ਜਨਰਲ ਦੇ ਅਹੁਦੇ ਦਾ ਹੁੰਦਾ ਹੈ। ਆਮ ਤੌਰ ‘ਤੇ ਡਾਇਰੈਕਟਰ ਜਨਰਲ ਦਾ ਅਹੁਦਾ ਪੁਲਿਸ ਬਲਾਂ ਜਾਂ ਨਾਗਰਿਕ ਵਿਭਾਗਾਂ ਵਿੱਚ ਹੁੰਦਾ ਹੈ, ਪਰ ਕੁਝ ਫੌਜੀ ਸੰਗਠਨਾਂ ਦੇ ਮੁਖੀ ਜਾਂ ਫੌਜ ਨਾਲ ਜੁੜੀਆਂ ਇਕਾਈਆਂ ਦੇ ਮੁਖੀਆਂ ਨੂੰ ਵੀ ਡਾਇਰੈਕਟਰ ਜਨਰਲ ਬਣਾਇਆ ਜਾਂਦਾ ਹੈ। ਡਾਇਰੈਕਟਰ-ਜਨਰਲ ਗ੍ਰਹਿ ਮੰਤਰੀ ਨੂੰ ਰਿਪੋਰਟ ਕਰਦਾ ਹੈ।
ਗਠਨ ਅਤੇ ਕੰਮ:
ਅਸਲ ਵਿੱਚ ਇਸਨੂੰ ਬਰਤਾਨਵੀ ਰਾਜ ਨੇ ਚਾਹ ਦੇ ਬਾਗਾਂ ਵਾਲੇ ਖੇਤਰ ਦੀ ਪੁਲਿਸ ਫੋਰਸ ਵਜੋਂ ਬਣਾਇਆ ਗਿਆ ਸੀ ਤਾਂ ਜੋ ਆਦਿਵਾਸੀਆਂ ਦੇ ਹਮਲਿਆਂ ਨੂੰ ਰੋਕਿਆ ਜਾ ਸਕੇ। ਇਸ ਤੋਂ ਬਾਅਦ, 1883 ਵਿੱਚ ਇਸਦਾ ਨਾਂਅ ਅਸਾਮ ਫਰੰਟੀਅਰ ਪੁਲਿਸ ਰੱਖਿਆ ਗਿਆ, ਜੋ 1891 ਵਿੱਚ ਅਸਾਮ ਮਿਲਟਰੀ ਪੁਲਿਸ ਦਾ ਗਠਨ ਕੀਤਾ ਗਿਆ ਸੀ। 1913 ਵਿੱਚ ਇਹ ਪੂਰਬੀ ਬੰਗਾਲ ਅਤੇ ਅਸਾਮ ਮਿਲਟਰੀ ਬਣ ਗਿਆ। ਪਹਿਲੀ ਵਿਸ਼ਵ ਜੰਗ ਦੌਰਾਨ ਦਿਖਾਈ ਗਈ ਬਹਾਦਰੀ ਦੇ ਬਾਅਦ ਇਸ ਨੂੰ 1917 ਵਿੱਚ ਅਸਾਮ ਰਾਈਫਲਜ਼ ਦਾ ਨਾਂਅ ਦਿੱਤਾ ਗਿਆ। ਇਸ ਜੰਗ ਵਿੱਚ ਇਸਦੇ ਫੌਜੀ ਬ੍ਰਿਟਿਸ਼ ਫੌਜ ਵੱਲੋਂ ਯੂਰਪ ਅਤੇ ਮੱਧ ਪੂਰਬ ਦੇ ਮੈਦਾਨੀ ਇਲਾਕਿਆਂ ਵਿੱਚ ਲੜੇ ਸਨ। ਦੂਜੀ ਵਿਸ਼ਵ ਜੰਗ ਦੌਰਾਨ, ਇਹ ਮੁੱਖ ਤੌਰ ‘ਤੇ ਬਰਮਾ ਬਾਰਡਰ ‘ਤੇ ਤਾਇਨਾਤ ਹੈ ਪਰ ਇਸਦੇ ਬਾਅਦ ਹੀ ਇਸਦਾ ਤੇਜ਼ੀ ਨਾਲ ਵਿਕਾਸ ਹੋਇਆ।
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਹੈਡਕੁਆਟਰ ਵਾਲੀ ਅਸਾਮ ਰਾਈਫਲਜ਼ ਨੂੰ ਵਿਆਪਕ ਤੌਰ ਤੇ ਅੰਦਰੂਨੀ ਸੁਰੱਖਿਆ ਦਾ ਕੰਮ ਦਿੱਤਾ ਗਿਆ ਹੈ, ਪਰ ਸਮੇਂ ਸਮੇਂ ‘ਤੇ ਇਸ ਨੂੰ ਵੱਖ ਵੱਖ ਕਿਸਮਾਂ ਦੀਆਂ ਸੇਵਾਵਾਂ ਉੱਤੇ ਵੀ ਤਾਇਨਾਤ ਕੀਤਾ ਜਾਂਦਾ ਰਿਹਾ ਹੈ। ਇਸ ਨੂੰ ਭਾਰਤ-ਮਿਆਂਮਾਰ ਸਰਹੱਦ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਵੱਲੋਂ 2002 ਵਿੱਚ ਅਪਣਾਈ ਗਈ ‘ਇੱਕ ਸਰਹੱਦ ਇੱਕ ਫੋਰਸ’ ਦੀ ਨੀਤੀ ਤਹਿਤ ਦਿੱਤੀ ਗਈ ਸੀ। ਜੰਗ ਅਤੇ ਉੱਤਰ-ਪੂਰਬ ਵਿੱਚ ਤਾਇਨਾਤੀ ਤੋਂ ਇਲਾਵਾ, ਅਸਾਮ ਰਾਈਫਲਜ਼ ਦੇ ਜਵਾਨ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਤਾਇਨਾਤ ਕੀਤੇ ਗਏ।
ਗਿਣਤੀ ਵਿਚ ਵਾਧਾ:
ਜਦੋਂ 1947 ਵਿੱਚ ਭਾਰਤ ਅੰਗਰੇਜ਼ੀ ਹਕੁਮਤ ਤੋਂ ਅਜ਼ਾਦ ਹੋਇਆ ਸੀ, ਤਾਂ ਅਸਾਮ ਰਾਈਫਲਜ਼ ਸਿਰਫ਼ 5 ਬਟਾਲੀਅਨਾਂ ਵਾਲੀ ਇੱਕ ਤਾਕਤ ਸੀ। ਇਨ੍ਹਾਂ ਬਟਾਲੀਅਨਾਂ ਦੀ ਗਿਣਤੀ 1960 ਵਿੱਚ 17 ਅਤੇ 1968 ਵਿੱਚ 21 ਪਹੁੰਚ ਗਈ ਜੋ ਹੁਣ 46 ਹੋ ਗਈ ਹੈ। ਹੁਣ ਇਸ ਵਿੱਚ ਸਿਖਲਾਈ ਕੇਂਦਰ ਸਮੇਤ ਕਈ ਖੇਤਰੀ ਹੈੱਡਕੁਆਰਟਰ ਹਨ ਅਤੇ ਇੱਕ ਸਮੇਂ ਵਿੱਚ 1800 ਜਵਾਨਾਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਵੀ ਹੈ।
ਮੈਡਲ ਅਤੇ ਸਨਮਾਨ:
ਇਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਬਹਾਦਰੀ, ਦਲੇਰਾਨਾ ਕਾਰਨਾਮਿਆਂ ਅਤੇ ਵਿਸ਼ੇਸ਼, ਸ਼ਲਾਘਾਯੋਗ ਕਾਰਜਾਂ ਲਈ ਵੱਖ-ਵੱਖ ਵਰਗਾਂ ਵਿੱਚ ਲਗਭੱਗ 450 ਸਨਮਾਨ ਹਾਸਲ ਕੀਤੇ ਹਨ। ਇਨ੍ਹਾਂ ਵਿੱਚ 4 ਅਸ਼ੋਕ ਚੱਕਰ, 5 ਵੀਰ ਚੱਕਰ, 31 ਕੀਰਤੀ ਚੱਕਰ ਅਤੇ 120 ਸ਼ੌਰਿਆ ਚੱਕਰ ਸ਼ਾਮਲ ਹਨ।