ਅਟਲ ਸੁਰੰਗ ਹੁਣ ਦੁਨੀਆ ਦੀ ਸਭ ਤੋਂ ਉੱਚੀ ਅਤੇ ਲੰਬੀ ਸੁਰੰਗ ਹੋਈ

611
ਅਟਲ ਸੁਰੰਗ

ਭਾਰਤ ਦੇ ਹਿਮਾਚਲ ਪ੍ਰਦੇਸ਼ ਅਤੇ ਲੇਹ ਨੂੰ ਜੋੜਨ ਵਾਲੇ ਰੋਹਤਾਂਗ ਪਾਸ ਦੇ ਹੇਠਾਂ ਬਣੀ ਰਣਨੀਤਕ ਅਹਿਮੀਅਤ ਵਾਲੀ ਸੁਰੰਗ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂਅ ‘ਤੇ ਰੱਖਿਆ ਗਿਆ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ ਵੱਲੋਂ ਬਣਾਈ ਗਈ ਇਸ ਸੁਰੰਗ ਦੀ ਉਸਾਰੀ ਵਿੱਚ ਸ੍ਰੀ ਵਾਜਪਾਈ ਦੇ ਯੋਗਦਾਨ ਦੇ ਮੱਦੇਨਜ਼ਰ ਇਹ 25 ਦਸੰਬਰ ਨੂੰ ਉਨ੍ਹਾਂ ਦੇ ਜਨਮਦਿਨ ਦੇ ਸਨਮਾਨ ਵਿੱਚ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਸੁਰੰਗ ਦੇ ਨਾਂਅ ਨੂੰ ਲੈ ਕੇ ਭਾਰਤ ਸਰਕਾਰ ਦੇ ਮੰਤਰੀ ਮੰਡਲ ਨੇ ਪ੍ਰਵਾਨਗੀ ਦਿੱਤੀ ਸੀ। ਐਨੀ ਉਚਾਈ ‘ਤੇ ਬਣੀ ਇਹ ਦੁਨੀਆ ਦੀ ਪਹਿਲੀ ਅਤੇ ਇਕਲੌਤੀ ਸੁਰੰਗ ਹੈ।

ਰੋਹਤਾਂਗ ਪਾਸ ਦੇ ਹੇਠਾਂ ਰਣਨੀਤਕ ਅਹਿਮੀਅਤ ਵਾਲੀ ਸੁਰੰਗ ਦੀ ਉਸਾਰੀ ਦਾ ਇਤਿਹਾਸਿਕ ਫੈਸਲਾ 3 ਜੂਨ 2000 ਨੂੰ ਲਿਆ ਗਿਆ ਸੀ, ਜਦੋਂ ਸ੍ਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਸੁਰੰਗ ਦੇ ਦੱਖਣੀ ਹਿੱਸੇ ਨੂੰ ਜੋੜਨ ਵਾਲੀ ਸੜਕ ਦਾ ਨੀਂਹ ਪੱਥਰ 26 ਮਈ 2002 ਨੂੰ ਰੱਖਿਆ ਗਿਆ ਸੀ।

ਅਟਲ ਸੁਰੰਗ

ਇਹ 8.8 ਕਿਲੋਮੀਟਰ ਲੰਬੀ ਸੁਰੰਗ 3000 ਮੀਟਰ ਦੀ ਉਚਾਈ ‘ਤੇ ਬਣਾਈ ਗਈ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। ਇਸ ਸੁਰੰਗ ਦੇ ਬਣਨ ਨਾਲ ਮਨਾਲੀ ਤੋਂ ਲੇਹ ਤੱਕ ਸੜਕੀ ਦੂਰੀ 46 ਕਿੱਲੋਮੀਟਰ ਘੱਟ ਜਾਏਗੀ। ਨਾਲ ਹੀ, ਟ੍ਰਾਂਸਪੋਰਟ ਦਾ ਖਰਚਾ ਵੀ ਕਈ ਕਰੋੜਾਂ ਰੁਪਏ ਘੱਟ ਹੋ ਜਾਏਗਾ। ਇਹ ਇੱਕ 10.5 ਮੀਟਰ ਚੌੜੀ ਦੋ-ਲੇਨ ਵਾਲੀ ਸੁਰੰਗ ਹੈ ਜਿਸ ਵਿੱਚ ਅੱਗ ਦੇ ਸਾਰੇ ਸੁਰੱਖਿਆ ਉਪਾਅ ਹੋਣ ਦੇ ਨਾਲ ਨਾਲ ਐਮਰਜੈਂਸੀ ਨਿਕਾਸੀ ਲਈ ਸੁਰੰਗ ਦੇ ਨਾਲ ਇਕ ਹੋਰ ਸੁਰੰਗ ਵੀ ਬਣਾਈ ਗਈ ਹੈ।

ਇਸ ਦੇ ਨਿਰਮਾਣ ਦੌਰਾਨ, ਬਾਰਡਰ ਰੋਡ ਆਰਗੇਨਾਈਜ਼ੇਸ਼ਨ ਨੇ ਭੂਗੋਲਿਕ ਅਤੇ ਮੌਸਮ ਸਬੰਧੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ। ਖ਼ਾਸਕਰਕੇ ਸੇਰੀ ਨਾਲਾ ਫਾਲਟ ਜ਼ੋਨ ਦੇ 587 ਮੀਟਰ ਦੇ ਖੇਤਰ ਵਿੱਚ ਨਿਰਮਾਣ ਕਾਰਜ ਕਾਫ਼ੀ ਗੁੰਝਲਦਾਰ ਅਤੇ ਮੁਸ਼ਕਿਲ ਸੀ। ਅੰਤ ਵਿੱਚ, 15 ਅਕਤੂਬਰ 2017 ਨੂੰ, ਸੁਰੰਗ ਦੇ ਦੋਵੇਂ ਸਿਰੇ ‘ਤੇ ਸੜਕ ਨਿਰਮਾਣ ਮੁਕੰਮਲ ਹੋ ਗਿਆ ਸੀ।

ਇੱਕ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸੁਰੰਗ ਦਾ ਨਿਰਮਾਣ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਸਰਹੱਦੀ ਖੇਤਰਾਂ ਅਤੇ ਲੱਦਾਖ ਵਿਚਾਲੇ ਹਰ ਤਰ੍ਹਾਂ ਦੇ ਮੌਸਮ ਵਿੱਚ ਸੜਕ ਆਵਾਜਾਈ ਦੀ ਸਹੂਲਤ ਦੇਵੇਗਾ। ਇਸ ਤੋਂ ਪਹਿਲਾਂ, ਠੰਢੇ ਮੌਸਮ ਵਿੱਚ, ਭਾਰਤ ਦੇ ਹੋਰ ਹਿੱਸਿਆਂ ਨਾਲ ਇਨ੍ਹਾਂ ਇਲਾਕਿਆਂ ਦਾ ਰਾਬਤਾ ਛੇ ਮਹੀਨਿਆਂ ਲਈ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਂਦਾ ਸੀ।