ਪਾਕਿਸਤਾਨ ਨੇ ਆਪਣੀ ਫੌਜ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਫ਼ੌਜ ਦਾ ਸਭ ਤੋਂ ਉੱਚਾ
ਦਰਜਾ ਅਫ਼ਸਰ ਹੈ, ਯਾਨੀ ਲੈਫ਼ਟੀਨੈਂਟ ਜਨਰਲ ਅਤੇ ਬਾਕੀ ਦੋ ਮੇਜਰ ਜਨਰਲ ਰੈਂਕ ਦੇ ਅਫ਼ਸਰ ਹਨ। ਕਈ ਅਫਸਰਾਂ ਖਿਲਾਫ ਕਾਨੂੰਨੀ
ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਕੇਸ ਵੀ ਸ਼ੁਰੂ ਕੀਤੇ ਗਏ ਹਨ ਅਤੇ ਕਈਆਂ ਖਿਲਾਫ ਅਨੁਸ਼ਾਸਨੀ ਜਾਂ ਵਿਭਾਗੀ ਕਾਰਵਾਈ ਕੀਤੀ ਗਈ
ਹੈ। ਇਹ ਸਭ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ 9 ਮਈ ਨੂੰ ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲੀ
ਹਿੰਸਾ ਅਤੇ ਇਸ ਨੂੰ ਰੋਕਣ ਵਿੱਚ ਫੌਜ ਦੀ ਨਾਕਾਮੀ ਦੇ ਮੱਦੇਨਜ਼ਰ ਕੀਤੀ ਗਈ ਕਾਰਵਾਈ ਦਾ ਹਿੱਸਾ ਹੈ। ਇਹ ਸਾਰੀਆਂ ਗੜਬੜੀਆਂ ਇਮਰਾਨ ਖਾਨ ਦੇ ਸਮਰਥਕਾਂ ਨੇ ਕੀਤੀਆਂ ਸਨ। ਕੁੱਲ ਮਿਲਾ ਕੇ 102 ਨਾਗਰਿਕ ਇਸ ਸਬੰਧ ਵਿੱਚ ਫੌਜੀ ਅਦਾਲਤਾਂ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।
ਪਾਕਿਸਤਾਨੀ ਫ਼ੌਜ ਦੇ ਬੁਲਾਰੇ ਯਾਨੀ ਕਿ ਆਰਮੀ ਪਬਲਿਕ ਰਿਲੇਸ਼ਨਜ਼ ਸਰਵਿਸ (ਡੀਜੀ ਆਈਐੱਸਪੀਆਰ) ਦੇ ਡਾਇਰੈਕਟਰ ਜਨਰਲ
ਮੇਜਰ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਕੱਲ੍ਹ ਰਾਵਲਪਿੰਡੀ ਵਿੱਚ ਪ੍ਰੈੱਸ ਕਾਨਫ੍ਰੰਸ ਦੌਰਾਨ ਪੱਤਰਕਾਰਾਂ ਨੂੰ ਇਹ ਸਾਰੀ ਜਾਣਕਾਰੀ ਦਿੱਤੀ। 9 ਮਈ ਦੀ ਹਿੰਸਾ ਦਾ ਜ਼ਿਕਰ ਕਰਦਿਆਂ ਮੇਜਰ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਜੋ ਕੰਮ ਪਾਕਿਸਤਾਨ ਦੇ ਦੁਸ਼ਮਣ 76 ਸਾਲਾਂ ਦੇ ਇਤਿਹਾਸ ਵਿੱਚ ਨਹੀਂ ਕਰ ਸਕੇ, ਉਹ ਇਨ੍ਹਾਂ ਦੰਗਾਕਾਰੀਆਂ ਨੇ ਕਰ ਵਿਖਾਇਆ। ਉਨ੍ਹਾਂ ਕਿਹਾ, “9 ਮਈ ਦੀ ਹਿੰਸਾ ਨਿੰਦਣਯੋਗ ਹੈ ਅਤੇ ਪਾਕਿਸਤਾਨ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਏ ਹੈ। ਇਹ ਪਾਕਿਸਤਾਨ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਦਾ ਨਤੀਜਾ ਹੈ।”
ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਏ ਦੰਗੇ:
ਜ਼ਿਕਰਯੋਗ ਹੈ ਕਿ 9 ਮਈ ਨੂੰ ਜਦੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ “ਚ ਪੇਸ਼ੀ ਲਈ ਲਿਆਂਦਾ ਗਿਆ ਸੀ ਤਾਂ ਨੀਮ ਫੌਜੀ ਦਸਤਿਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੇ ਜਵਾਬ ਵਿਚ ਪਾਕਿਸਤਾਨ ਵਿੱਚ ਵੱਡੇ ਪੱਧਰ “ਤੇ ਹਿੰਸਾ ਭੜਕ ਗਈ। ਇਸ “ਚ 20 ਤੋਂ ਜ਼ਿਆਦਾ ਫੌਜੀ ਅਤੇ ਸਰਕਾਰੀ ਇਮਾਰਤਾਂ “ਤੇ ਹਮਲੇ ਹੋਏ। ਇਮਰਾਨ ਖ਼ਾਨ ਦੇ ਸਮਰਥਕਾਂ ਨੇ ਰਾਵਲਪਿੰਡੀ ਵਿੱਚ ਫ਼ੌਜ ਦੇ ਹੈੱਡਕੁਆਰਟਰ ਵਿੱਚ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਇਨ੍ਹਾਂ ਘਟਨਾਵਾਂ ਵਿਚ 10,000 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਮਰਾਨ ਖਾਨ ਇੱਕ ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ ਵੀ ਹਨ।
ਵਿਸਤ੍ਰਿਤ ਜਾਣਕਾਰੀ:
ਡੀਜੀ ਆਈਐੱਸਪੀਆਰ (ਡੀਜੀਐੱਸਪੀਆਰ) ਨੇ ਐਲਾਨ ਕੀਤਾ ਸੀ ਕਿ 9 ਮਈ ਨੂੰ ਤੋੜ-ਫੋੜ, ਅੱਗਜ਼ਨੀ ਅਤੇ ਖੂਨ-ਖਰਾਬਾ ਦੀਆਂ ਸਾਰੀਆਂ ਘਟਨਾਵਾਂ ਦੇ ਸਬੰਧ ਵਿੱਚ ਫੌਜ ਦੀ ਜਾਂਚ ਪੂਰੀ ਹੋ ਗਈ ਹੈ। ਇਕ ਲੈਫਟੀਨੈਂਟ ਜਨਰਲ ਅਤੇ 2 ਮੇਜਰ ਜਨਰਲਾਂ ਨੂੰ ਬਰਖਾਸਤ ਕਰਨ ਤੋ ਇਲਾਵਾ 15 ਹੋਰ ਫੌਜੀ ਅਧਿਕਾਰੀਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿੱਚ 3 ਮੇਜਰ ਜਨਰਲ ਅਤੇ 7 ਬ੍ਰਿਗੇਡੀਅਰ ਹਨ। ਉਨ੍ਹਾਂ ਦੱਸਿਆ ਕਿ ਮੇਜਰ ਜਨਰਲ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਖ-ਵੱਖ ਫੌਜੀ ਠਿਕਾਣਿਆਂ “ਤੇ ਹੋਏ ਦੰਗਿਆਂ ਦੀ ਪੂਰੀ ਸੰਸਥਾਗਤ ਜਾਂਚ ਕੀਤੀ ਗਈ ਸੀ।
ਮੇਜਰ ਜਨਰਲ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਅਤੇ ਫੌਜੀ ਲੀਡਰਸ਼ਿਪ 9 ਮਈ ਨੂੰ ਹੋਣ ਵਾਲੀ ਘਟਨਾ ਤੋਂ ਚੰਗੀ ਤਰ੍ਹਾਂ ਜਾਣੂ ਸੀ। ਫੌਜ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਆਪਣੀ ਜ਼ਿੰਮੇਵਾਰੀ ਲੈਣ ਦੀ ਪ੍ਰਕਿਰਿਆ ਹੁੰਦੀ ਹੈ ਜਿਸ ਨੂੰ ਲਾਗੂ ਕੀਤਾ ਜਾਂਦਾ ਹੈ, ਜਿੰਨਾ ਵੱਡਾ ਅਹੁਦਾ, ਓਨੀ ਵੱਡੀ ਜ਼ਿੰਮੇਵਾਰੀ।
ਪਾਕਿਸਤਾਨ ਦੇ ਡੀਜੀ ਆਈਐੱਸਪੀਆਰ ਮੇਜਰ ਜਨਰਲ ਚੌਧਰੀ ਨੇ ਦੱਸਿਆ ਕਿ ਸਿਵਲ ਅਦਾਲਤਾਂ ਨੇ ਕਾਨੂੰਨ ਤਹਿਤ 102 ਬਦਮਾਸ਼ਾਂ ਦੇ
ਕੇਸ ਫੌਜੀ ਅਦਾਲਤਾਂ ਵਿੱਚ ਤਬਦੀਲ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਰਚਣ ਵਾਲਿਆਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਦੇ ਖਿਲਾਫ ਪਾਕਿਸਤਾਨ ਦੇ ਸੰਵਿਧਾਨ ਦੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕਿਸੇ ਵੀ ਸੰਗਠਨ, ਸਿਆਸੀ ਪਾਰਟੀ ਨਾਲ ਜੁੜੇ ਹੋਣ ਜਾਂ ਸਮਾਜ ਵਿੱਚ ਵੱਡਾ ਰੁਤਬਾ ਰੱਖਦੇ ਹੋਣ। ਪਹਿਲਾਂ ਤੋਂ ਸਥਾਪਿਤ 17 ਫੌਜੀ ਅਦਾਲਤਾਂ ਕੰਮ ਕਰ ਰਹੀਆਂ ਹਨ।
ਫੌਜ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਿੱਚ 9 ਮਈ ਨੂੰ ਹੋਈ ਹਿੰਸਾ ਦੀ ਯੋਜਨਾ ਕਈ ਮਹੀਨੇ ਪਹਿਲਾਂ ਤੋਂ ਬਣਾਈ ਜਾ ਰਹੀ
ਸੀ। ਉਨ੍ਹਾਂ ਕਿਹਾ ਕਿ ਸਬੂਤਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਸ ਪਿੱਛੇ 3-4 ਮਾਸਟਰਮਾਈਂਡ ਅਤੇ 10 ਤੋਂ 12 ਯੋਜਨਾਕਾਰ ਸਨ।
ਉਨ੍ਹਾਂ ਦੱਸਿਆ ਕਿ ਸੇਵਾਮੁਕਤ 4 ਸਟਾਰ ਜਨਰਲ ਦੀ ਪੋਤੀ, 3 ਸਟਾਰ ਜਨਰਲ ਦੀ ਪਤਨੀ ਅਤੇ 2 ਸਟਾਰ ਜਨਰਲ ਦੀ ਪਤਨੀ ਅਤੇ ਜਵਾਈ ਦੇ ਖਿਲਾਫ ਵੀ ਅਜਿਹੇ ਪੁਖ਼ਤਾ ਸਬੂਤ ਮਿਲੇ ਹਨ, ਜੋ ਇਹ ਦਰਸਾਉਂਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।