ਫੌਜ ਦੀ ਅਗਨੀਪਥ ਯੋਜਨਾ ਦੇ ਵਿਰੋਧ ‘ਚ ਝੁਲਸਿਆ ਮੁਲਕ ਤਾਂ ਸਰਕਾਰ ਨੇ ਕੁਝ ਨਵੇਂ ਐਲਾਨ ਕੀਤੇ

65
ਅਗਨੀਪਥ ਸਕੀਮ
ਅਗਨੀਪਥ ਸਕੀਮ

ਭਾਰਤੀ ਹਥਿਆਰਬੰਦ ਬਲਾਂ ‘ਚ ਭਰਤੀ ਲਈ ਐਲਾਨੀ ਗਈ ‘ਅਗਨੀਪਥ’ ਯੋਜਨਾ ਦੇ ਵਿਰੋਧ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਲਗਾਤਾਰ ਚੌਥੇ ਦਿਨ ਵੀ ਪ੍ਰਦਰਸ਼ਨ, ਅੱਗ ਲਾਉਣ ਦੀਆਂ ਵਾਰਦਾਤਾਂ ਅਤੇ ਹਿੰਸਾ ਦੀਆਂ ਘਟਨਾਵਾਂ ਜਾਰੀ ਰਹੀਆਂ। ਤੇਲੰਗਾਨਾ ਦੇ ਵਾਰੰਗਲ ਵਿੱਚ ਪ੍ਰਦਰਸ਼ਨ ਕਰ ਰਹੇ ਇੱਕ ਨੌਜਵਾਨ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਰਾਜਨੀਤਿਕ ਅਤੇ ਵੱਖ-ਵੱਖ ਖੇਤਰਾਂ ਦੇ ਪਤਵੰਤਿਆਂ ਅਤੇ ਸਾਬਕਾ ਫੌਜੀ ਅਧਿਕਾਰੀਆਂ ਨੇ ਹਿੰਸਾ ਵਿੱਚ ਸ਼ਾਮਲ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕੀਤੀ ਹੈ। ਨੌਜਵਾਨਾਂ ਦੇ ਗੁੱਸੇ ਤੋਂ ਬਾਅਦ ਸਰਕਾਰ ਨੇ ਸਥਿਤੀ ‘ਤੇ ਕਾਬੂ ਪਾਉਣ ਅਤੇ ‘ਅਗਨੀਪਥ’ ਸਕੀਮ ਤਹਿਤ ਭਰਤੀ ਹੋਣ ਵਾਲੇ ‘ਅਗਨੀਵੀਰਾਂ’ ਨੂੰ ਕੁਝ ਹੋਰ ਲਾਭ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਸਰਕਾਰ ਨੇ ਕੁਝ ਅਦਾਰਿਆਂ ਵਿੱਚ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ‘ਅਗਨੀਵੀਰਾਂ’ ਲਈ 10 ਫੀਸਦੀ ਅਸਾਮੀਆਂ ਰਾਖਵੀਆਂ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਹਿੰਸਕ ਪ੍ਰਦਰਸ਼ਨਾਂ ਅਤੇ ਇਸ ਕਾਰਨ ਸੰਪਤੀ ਨੂੰ ਹੋਏ ਨੁਕਸਾਨ ਦੀ ਜਾਂਚ ਲਈ ਇੱਕ ਐੱਸਆਈਟੀ (ਸਪੈਸ਼ਲ ਜਾਂਚ ਟੀਮ) ਦਾ ਗਠਨ ਕੀਤਾ ਜਾਵੇ। ਪਟੀਸ਼ਨ ‘ਚ ਇਹ ਵੀ ਮੰਗ ਕੀਤੀ ਗਈ ਹੈ ਕਿ ਅਗਨੀਪਥ ਯੋਜਨਾ ਅਤੇ ਰਾਸ਼ਟਰੀ ਸੁਰੱਖਿਆ ਅਤੇ ਫੌਜ ‘ਤੇ ਇਸ ਦੇ ਪ੍ਰਭਾਵ ਦਾ ਪਤਾ ਲਾਉਣ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਪ੍ਰਧਾਨਗੀ ‘ਚ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਜਾਵੇ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤੀ ਕਿ ਸਿਵਲ ਸੇਵਾਵਾਂ, ਭਾਰਤੀ ਤੱਟ ਰੱਖਿਅਕ ਅਤੇ 16 ਰੱਖਿਆ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਅਸਾਮੀਆਂ ਦਾ 10 ਪ੍ਰਤੀਸ਼ਤ ਰਾਖਵਾਂਕਰਨ ਰੱਖਿਆ ਮੰਤਰਾਲੇ ਵਿੱਚ ‘ਅਗਨੀਵੀਰਾਂ’ ਲਈ ਲਾਗੂ ਕੀਤਾ ਜਾਵੇਗਾ ਜੋ ਅਹੁਦੇ ਲਈ ਯੋਗਤਾ ਪੂਰੀ ਕਰਦੇ ਹਨ। ਇਹ ਰਾਖਵਾਂਕਰਨ ਸਾਬਕਾ ਸੈਨਿਕਾਂ ਲਈ ਪਹਿਲਾਂ ਹੀ ਰਾਖਵੇਂ ਕੋਟੇ ਤੋਂ ਵੱਖਰਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਭਰਤੀ ਨਿਯਮਾਂ ਨੂੰ ਬਦਲਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਰਤੀ ਦੀ ਵੱਧ ਤੋਂ ਵੱਧ ਉਮਰ ਵਿੱਚ ਛੋਟ ਦੇਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਵਿੱਚ ਜ਼ਮੀਨੀ, ਸਮੁੰਦਰੀ ਅਤੇ ਹਵਾਈ ਫੌਜਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਕੱਲ੍ਹ ਹੀ, ਸਰਕਾਰ ਨੇ ‘ਅਗਨੀਪਥ’ ਯੋਜਨਾ ਦੇ ਤਹਿਤ ਇਸ ਸਾਲ ਲਈ ਭਰਤੀ ਵਿੱਚ ਉੱਚ ਉਮਰ ਸੀਮਾ ਵਿੱਚ ਛੋਟ ਦਾ ਐਲਾਨ ਕੀਤਾ ਸੀ। 2022 ਲਈ ਜਾਰੀ ਇਸ ਛੋਟ ਵਿੱਚ ਉਹ ਨੌਜਵਾਨ ਵੀ ‘ਅਗਨੀਵੀਰ’ ਬਣਨ ਦੇ ਯੋਗ ਹੋਣਗੇ, ਜਿਨ੍ਹਾਂ ਦੀ ਉਮਰ ਵੱਧ ਤੋਂ ਵੱਧ 23 ਸਾਲ ਹੋਵੇਗੀ। ਉਂਝ, ਅਗਨੀਵੀਰ ਦੀ ਭਰਤੀ ਦੀ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਦੇ ਵਿਚਾਲੇ ਰੱਖੀ ਗਈ ਹੈ।
ਦੂਜੇ ਪਾਸੇ, ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਐਲਾਨ ਕੀਤਾ ਹੈ ਕਿ ਕੇਂਦਰੀ ਪੁਲਿਸ ਬਲਾਂ ਅਤੇ ਅਸਾਮ ਰਾਈਫਲਜ਼ ਵਿੱਚ 10% ਸੀਟਾਂ ਰਾਖਵੀਆਂ ਹੋਣਗੀਆਂ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਬਲਾਂ ਵਿੱਚ ਭਰਤੀ ਲਈ ‘ਅਗਨੀਵੀਰਾਂ’ ਨੂੰ ਵੱਧ ਤੋਂ ਵੱਧ ਉਮਰ ਵਿੱਚ ਪੰਜ ਸਾਲ ਦੀ ਛੋਟ ਦੇਣ ਦਾ ਵੀ ਐਲਾਨ ਕੀਤਾ ਹੈ।

ਫੌਜ ਨੇ ਅਗਲੇ ਦੋ ਦਿਨਾਂ ‘ਚ ‘ਅਗਨੀਪਥ’ ਸਕੀਮ ਤਹਿਤ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਹਵਾਈ ਫੌਜ ਨੇ ਇਸ ਨੂੰ ਸ਼ੁਰੂ ਕਰਨ ਦੀ ਤਰੀਕ 24 ਜੂਨ ਤੈਅ ਕੀਤੀ ਹੈ। ਜਲ ਫੌਜ ਨੇ ਕਿਹਾ ਹੈ ਕਿ ਇਸ ਬਾਰੇ ਜਲਦੀ ਹੀ ਫੈਸਲਾ ਲਿਆ ਜਾਵੇਗਾ।

ਅਗਨੀਪਥ ਯੋਜਨਾ ਦਾ ਐਲਾਨ ਮੰਗਲਵਾਰ ਯਾਨੀ 14 ਜੂਨ 2022 ਨੂੰ ਕੀਤਾ ਗਿਆ ਸੀ। ਅਗਨੀਪਥ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅਗਲੇ ਹੀ ਦਿਨ ਬਿਹਾਰ ‘ਚ ਪਹਿਲੀ ਵਾਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਅੱਜ ਬਿਹਾਰ ਦੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਹੇਠ 24 ਘੰਟੇ ਦੇ ਬੰਦ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਵਰਕਰਾਂ ਨੇ ਵੀ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਜਹਾਨਾਬਾਦ ‘ਚ ਪ੍ਰਦਰਸ਼ਨਕਾਰੀਆਂ ਨੇ ਥਾਣੇ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। ਬੰਦ ਦੌਰਾਨ ਗਯਾ ਅਤੇ ਬਕਸਰ ਜ਼ਿਲ੍ਹਿਆਂ ਵਿੱਚ ਵੀ ਜਨਜੀਵਨ ਵਿਅਸਤ ਰਿਹਾ। ਪਿਛਲੇ ਚਾਰ ਦਿਨਾਂ ਵਿੱਚ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹਿੰਸਕ ਹੋ ਗਏ ਨੌਜਵਾਨਾਂ ਨੇ ਰੇਲ ਗੱਡੀ ਨੂੰ ਵੀ ਅੱਗ ਲਾ ਦਿੱਤੀ। ਇਸ ਤੋਂ ਬਾਅਦ ਕਈ ਰੂਟਾਂ ‘ਤੇ ਰੇਲ ਆਵਾਜਾਈ ‘ਚ ਵਿਘਨ ਪਿਆ ਹੈ। ਅਗਨੀਪਥ ਯੋਜਨਾ ਦੇ ਵਿਰੋਧ ਦੀ ਅੱਗ ਉੱਤਰ ਪ੍ਰਦੇਸ਼, ਹਰਿਆਣਾ, ਤੇਲੰਗਾਨਾ ਵਿੱਚ ਫੈਲੀ, ਇਸ ਦਾ ਸੇਕ ਪੰਜਾਬ ਵਿੱਚ ਵੀ ਪਹੁੰਚ ਗਿਆ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕੁਝ ਨੌਜਵਾਨਾਂ ਨੇ ਭੰਨ੍ਹਤੋੜ ਕੀਤੀ। ਇਸ ਸਬੰਧ ਵਿੱਚ ਕਰੀਬ 10 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ ‘ਤੇ ਹਿੰਸਾ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਸ਼ੁੱਕਰਵਾਰ ਨੂੰ ਗੋਲੀਬਾਰੀ ਕੀਤੀ ਜਦੋਂ ਡੀ ਰਾਕੇਸ਼ ਨਾਂਅ ਦੇ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਡੀ ਰਾਕੇਸ਼ ਵਾਰੰਗਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਸ ਘਟਨਾ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਇਸ ਸਬੰਧ ‘ਚ ਕਰੀਬ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਟ੍ਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਹਾਲਾਂਕਿ ਸ਼ਨੀਵਾਰ ਨੂੰ ਇੱਥੇ ਸਥਿਤੀ ਕਾਬੂ ‘ਚ ਰਹੀ ਪਰ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਤਾਇਨਾਤ ਰੱਖਿਆ ਗਿਆ ਸੀ।

ਇਸ ਦੌਰਾਨ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅਗਨੀਪਥ ਯੋਜਨਾ ਦਾ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਸੋਨੀਆ ਗਾਂਧੀ ਵੱਲੋਂ ਜਾਰੀ ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਰੱਖਣ ਅਤੇ ਉਨ੍ਹਾਂ ਦੀ ਪੂਰਤੀ ਲਈ ਅੰਦੋਲਨ ਦਾ ਅਹਿੰਸਕ ਰਸਤਾ ਅਪਣਾਉਣ। ਸ਼੍ਰੀਮਤੀ ਗਾਂਧੀ ਨੇ ਉਨ੍ਹਾਂ ਨੌਜਵਾਨਾਂ ਪ੍ਰਤੀ ਹਮਦਰਦੀ ਜਾਰੀ ਕੀਤੀ ਹੈ, ਜਿਨ੍ਹਾਂ ਨੇ ਭਾਰਤੀ ਹਵਾਈ ਫੌਜ ਦੀ ਪ੍ਰੀਖਿਆ ਦਿੱਤੀ ਸੀ ਅਤੇ ਹੁਣ ਨਤੀਜਿਆਂ ਅਤੇ ਨਿਯੁਕਤੀਆਂ ਦੀ ਉਡੀਕ ਕਰ ਰਹੇ ਹਨ। ਸ਼੍ਰੀਮਤੀ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਅਗਨੀਪਥ ਯੋਜਨਾ ਦਾ ਵਿਰੋਧ ਕਰ ਰਹੇ ਨੌਜਵਾਨਾਂ ਦਾ ਸਮਰਥਨ ਕਰੇਗੀ। ਕਾਂਗਰਸ ਨੇ ਇਸ ਮੁੱਦੇ ‘ਤੇ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਸੱਤਿਆਗ੍ਰਹਿ ਦਾ ਐਲਾਨ ਕੀਤਾ ਹੈ।

ਕੇਰਲ ਵਿੱਚ ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਹੇ ਸੈਂਕੜੇ ਨੌਜਵਾਨਾਂ ਨੇ ਅਗਨੀਪਥ ਸਕੀਮ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਥੰਪਾਨੂਰ ਦੇ ਰਾਜ ਭਵਨ ਵਿੱਚ ਪ੍ਰਦਰਸ਼ਨ ਕੀਤਾ। ਇਹ ਗਵਰਨਰ ਮੁਹੰਮਦ ਆਰਿਫ ਖਾਨ ਦੀ ਸਰਕਾਰੀ ਰਿਹਾਇਸ਼ ਹੈ। ਪੱਛਮੀ ਬੰਗਾਲ ਦੇ 24 ਪਰਗਨਾ ‘ਚ ਵੀ ਅਗਨੀਪਥ ਯੋਜਨਾ ਦੇ ਵਿਰੋਧ ਕਾਰਨ ਮੁੱਖ ਰੇਲਵੇ ਰੂਟ ‘ਤੇ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ। ਇੱਥੇ ਨੌਜਵਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਦਿੱਲੀ ਅਤੇ ਪੰਜਾਬ ਦੀਆਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੀਆਂ ਸਰਕਾਰਾਂ ਨੇ ਵੀ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਹੈ। ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਇਸ ਫੈਸਲੇ ਨੂੰ ਫੌਜ ਦਾ ਅਪਮਾਨ ਅਤੇ ਪੰਜਾਬ ਸੂਬੇ ਦੇ ਨੌਜਵਾਨਾਂ ਲਈ ਨੁਕਸਾਨਦੇਹ ਕਰਾਰ ਦਿੱਤਾ ਹੈ।