ਭਾਰਤੀ ਫੌਜਾਂ, ਫੌਜੀਆਂ ਅਤੇ ਕੌਮੀ ਸੁੱਰਖਿਆ ਦੇ ਸਾਰੇ ਪਹਿਲੂਆਂ ਨੂੰ ਛੂਹਣ ਵਾਲਾ ਮਿਲਟਰੀ ਲਿਟਰੇਚਰ ਫੈਸਟੀਵਲ ਚੰਡੀਗੜ੍ਹ ਵਿੱਚ ਸੁਖਨਾ ਝੀਲ ਦੇ ਮੁਹਾਨੇ ‘ਤੇ ਮੁੜ ਤੋਂ ਲੋਕਾਂ ਲਈ ਸੁਗਾਤਾਂ ਲੈ ਕੇ ਆਇਆ ਹੈ। ਕੁਰਬਾਨੀ, ਦੇਸ਼ਭਗਤੀ ਅਤੇ ਜੋਸ਼ ਨਾਲ ਭਰਪੂਰ ਇਹ ਅਨੋਖਾ ਸੰਗਮ ਫੌਜ ਅਤੇ ਨਾਗਰਿਕ ਪ੍ਰਸ਼ਾਸਨ ਦੀ ਸ਼ਾਨਦਾਰ ਪਹਿਲ ਹੈ, ਜਿਸਦਾ ਆਗਾਜ਼ ਤਿੰਨ ਸਾਲ ਪਹਿਲਾਂ ਹੋਇਆ ਸੀ। ਅੱਜ ਸਰਦ ਰੁੱਤ ਦੀ ਸਵੇਰ ਵਿਚਾਲੇ ਇਸਦੇ ਤੀਜੇ ਐਡੀਸ਼ਨ ਦਾ ਉਦਘਾਟਨ ਵੀ ਪੰਜਾਬ ਦੇ ਰਾਜਪਾਲ ਵੀਪੀਐੱਸ ਬਦਨੌਰ ਨੇ ਕੀਤਾ।
ਹਾਲਾਂਕਿ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਮੁਤਾਬਿਕ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਦਘਾਟਨ ਕਰਨਾ ਸੀ, ਪਰ ਨਾ ਤਾਂ ਰਾਜਨਾਥ ਸਿੰਘ ਅਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਮੌਜੂਦ ਸਨ। ਜਦਕਿ ਇਸ ਫੌਜੀ ਉਤਸਵ ਦਾ ਤਿੰਨ ਸਾਲ ਪਹਿਲਾਂ ਰਾਜਪਾਲ ਬਦਨੌਰ ਦੇ ਸੁਪਨ-ਖਾਕੇ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਹੀ ਅਹਿਮ ਭੂਮਿਕਾ ਰਹੀ ਸੀ। ਫੌਜੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਅਮਰਿੰਦਰ ਸਿੰਘ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਖੁਦ ਭਾਰਤੀ ਫੌਜ ਵਿੱਚ ਸੇਵਾਵਾਂ ਦੇ ਚੁੱਕੇ ਹਨ।
ਮਿਲਟਰੀ ਲਿਟਰੇਚਰ ਫੈਸਟੀਵਲ ਦੇ ਉਦਘਾਟਨ ਦੇ ਮੌਕੇ ‘ਤੇ ਉਸ ਸਮੇਂ ਨੂੰ ਯਾਦ ਕੀਤਾ ਜਦ 2017 ਵਿੱਚ ਕੈਪਟਿਨ ਅਮਰਿੰਦਰ ਸਿੰਘ ਦੀ ਸਾਰਾਗੜ੍ਹੀ ਜੰਗ ‘ਤੇ ਲਿਖੀ ਹੋਈ ਕਿਤਾਬ ਦੀ ਘੁੰਡ ਚੁਕਾਈ ਦੇ ਮੌਕੇ ‘ਤੇ ਹੀ ਉਨ੍ਹਾਂ ਨੂੰ ਅਜਿਹੇ ਉਤਸਵ ਦਾ ਵਿਚਾਰ ਆਇਆ ਸੀ, ਜਿਸਦੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਚਰਚਾ ਕੀਤੀ। ਉਸੇ ਸਾਲ ਇਹ ਫੈਸਟੀਵਲ ਦੀ ਸ਼ੁਰੂਆਤ ਕੀਤਾ ਗਿਆ ਸੀ, ਜਿਸ ਵਿੱਚ ਫੌਜ ਸਮੇਤ ਸਾਰੇ ਹਿੱਤਧਾਰਕਾਂ ਨੇ ਪਹਿਲੇ ਦਿਨ ਤੋਂ ਸਹਿਯੋਗ ਕੀਤਾ। ਚੰਡੀਗੜ੍ਹ ਪ੍ਰਸ਼ਾਸਨ, ਫੌਜ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ ਇਸ ਉਤਸਵ ਵਿੱਚ ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲਾ ਨੋਡਲ ਏਜੰਸੀ ਦੀ ਭੂਮਿਕਾ ਨਿਭਾ ਰਿਹਾ ਹੈ। ਇਸ ਮੰਤਰਾਲੇ ਦੇ ਇਨਚਾਰਜ ਚਰਨਜੀਤ ਸਿੰਘ ਚੰਨੀ ਵੀ ਉਦਘਾਟਨ ਮੌਕੇ ਮੌਜੂਦ ਰਹੇ।
ਰਾਜਪਾਲ ਬਦਨੌਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਤਸਵ ਲਈ ਪੰਜਾਬ ਧਰਤੀ ਤੋਂ ਵੱਧ ਬਿਹਤਰ ਥਾਂ ਨਹੀਂ ਹੋ ਸਕਦੀ, ਕਿਉਂਕਿ ਇਹ ਉਹੀ ਥਾਂ ਹੈ, ਜਿਸਨੇ ਵਿਦੇਸ਼ੀ ਹਮਲਿਆਂ ਦਾ ਸਭਤੋਂ ਵੱਧ ਸੰਤਾਪ ਝੱਲਿਆ ਹੈ ਅਤੇ ਉਨ੍ਹਾਂ ਦਾ ਮੁਕਾਬਲਾ ਕੀਤਾ ਹੈ। ਉਸਨੇ ਹੋਰ ਪੁਰਾਤਨ ਇਤਿਹਾਸ ਜਿਕਰ ਕੀਤਾ ਅਤੇ ਕਿਹਾ ਕਿ ਦੁਨੀਆ ਦਾ ਸਭਤੋਂ ਵੱਡਾ ਕਾਵਿ ਅਤੇ ਗੀਤਾ ਦਾ ਉਪਦੇਸ਼ ਵੀ ਮਹਾਂਭਾਰਤ ਦੀ ਜੰਗ ਵਿੱਚੋਂ ਹੀ ਨਿਕਲਿਆ ਹੈ। ਹਾਲਾਂਕਿ ਉਨ੍ਹਾਂਇਸ ਗੱਲ ਦੀ ਵੀ ਜ਼ਿਕਰ ਕੀਤਾ ਕਿ ਕਿਸੇ ਵੀ ਸਮੱਸਿਆ ਦਾ ਹੱਲ ਜੰਗ ਨਹੀਂ ਹੈ। ਰਾਜਪਾਲ ਵੀਪੀਐੱਸ ਬਦਨੌਰ ਨੇ ਮਹਾਤਮਾ ਗਾਂਧੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਹਿੰਸਾ ਅਤੇ ਸ਼ਾਂਤੀ ਦੇ ਸੰਦੇਸ਼ ਦਾ ਵੀ ਇਸ ਸੰਦਰਭ ਵਿੱਚ ਜ਼ਿਕਰ ਕੀਤਾ। ਉਨ੍ਹਾਂ ਨੇ ਮਿਲਟਰੀ ਦਾ ਸਮਾਨ ਬਣਾਉਣਾ ਮੇਕ ਇਨ ਇੰਡੀਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੇਕ ਇਨ ਇੰਡੀਆ ਦੇ ਅਧੀਨ 3000 ਕਰੋੜ ਰੁਪਏ ਦੀ ਕੀਮਤ ਵਾਲਾ ਅਜਿਹਾ ਸਾਜੋ ਸਮਾਨ ਬਣਨਾ ਹੈ, ਜੋ ਫੌਜ ਦੇ ਲਈ ਹੋਵੇਗਾ।
ਇਸ ਮੌਕੇ ‘ਤੇ ਭਾਰਤੀ ਜ਼ਮੀਨੀ ਫੌਜ ਦੀ ਪੱਛਮੀ ਕਮਾਨ ਦੇ ਜਨਰਲ ਆਫਿਸਰ ਕਮਾਂਡਿੰਗ ਦੀ ਚੀਫ (ਜੀਓਸੀ) ਲੈਫਟੀਨੈਂਟ ਜਰਨਲ ਸੁਰਿੰਦਰ ਪਾਲ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦਾ ਸਭ ਤੋਂ ਵਧੀਆ ਅਨੋਖਾ ਲਿਟਰੇਚਰ ਫੈਸਟੀਵਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਦੂਸਰੇ ਵਰਗਾਂ ਦੀ ਹਿੱਸੇਦਾਰੀ ਨਾਲ ਨਵੇਂ ਵਿਚਾਰ ਆਉਂਣਦੇ ਹਨ, ਜੋ ਫੌਜ ਦੇ ਕੰਮ ਵਿੱਚ ਵੀ ਮਦਦਗਾਰ ਹੁੰਦੇ ਹਨ, ਨਾਲ ਹੀ ਇਹ ਦੇਸ਼ ਅਤੇ ਖੇਤਰੀ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਵਧਾਉਣ ਦਾ ਵੀ ਇੱਕ ਮੌਕਾ ਹੁੰਦਾ ਹੈ।
ਇਸ ਮੌਕੇ ਭਾਰਤ ਦੇ ਸਾਬਕਾ ਫੌਜ ਮੁਖੀ ਵੀ ਪੀ ਮਲਿਕ, ਸਾਬਕਾ ਹਵਾਈ ਫੌਜ ਮੁਖੀ ਬੀਐੱਸ ਧਨੋਆ, ਸਾਬਕਾ ਸਮੁੰਦਰੀ ਫੌਜ ਮੁਖੀ ਐਡਮਿਰਲ ਸੁਨੀਲ ਲਾਂਬਾ ਵੀ ਮੌਜੂਦ ਰਹੇ। ਇਹ ਤਿੰਨੋ ਹੀ ਟ੍ਰਾਈਸਿਟੀ ਚੰਡੀਗੜ੍ਹ ਵਿੱਚ ਰਹਿੰਦੇ ਹਨ। ਉਂਝ ਇਸ ਖੇਤਰ ਵਿੱਚ ਮੇਜਰ ਜਨਰਲ ਅਤੇ ਲੈਫਟੀਨੈਂਟ ਜਨਰਲ ਰੈਂਕ 200 ਤੋਂ ਜ਼ਿਆਦਾ ਸੇਵਾਮੁਕਤ ਅਧਿਕਾਰੀ ਰਹਿ ਰਹੇ ਹਨ। ਮਿਲਟਰੀ ਲਿਟਰੇਚਰ ਫੈਸਟੀਵਲ ਦੀ ਪ੍ਰਾਪਤੀ ਹਰ ਵਾਰ ਕਿਸੇ ਸ਼ੂਰਵੀਰ ਨੂੰ ਸਨਮਾਨਿਤ ਕਰਨ ਦੀ ਰੀਤ ਬਣ ਗਈ ਹੈ, ਜਿਸਦੇ ਤਹਿਤ ਇਸ ਵਾਰ ਕਾਰਗਿਲ ਜੰਗ ਦੇ ਦੌਰਾਨ ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤੇ ਗਏ ਸੁਬੇਦਾਰ ਮੇਜਰ ਯੋਗੇਂਦਰ ਯਾਦਵ ਨੂੰ ਸਨਮਾਨਿਤ ਕੀਤਾ ਗਿਆ।
ਲਿਟਰੇਚਰ ਫੈਸਟੀਵਲ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਫੈਸਟੀਵਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਲੈਫਟੀਨੈਂਟ ਜਰਨਲ (ਰਿਟਾਇਅਰਡ) ਟੀ ਐੱਸ ਸ਼ੇਰਗਿਲ ਨੇ ਸਭ ਦਾ ਸਵਾਗਤ ਕੀਤਾ। ਜਰਨਲ ਸ਼ੇਰਗਿਲ ਪੰਜਾਬ ਦੀ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਵੀ ਹਨ।
ਪਿਛਲੇ ਵਰ੍ਹੇ ਤਿੰਨ ਰੋਜਾ ਇਸ ਸਮਾਗਮ ਵਿੱਚ ਤਕਰੀਬਨ 65 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ ਸੀ, ਹਾਲਾਂਕਿ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਇਸ ਵਾਰ ਵਿੱਚ ਉਸਤੋਂ ਵੀ ਵੱਧ ਦਰਸ਼ਕ ਹਨ, ਉਂਝ ਤਿੰਨ ਦਿਨਾਂ ਤੋਂ ਚੰਡੀਗੜ੍ਹ ਵਿੱਚ ਪੈ ਰਹੀ ਬਰਸਾਤ ਨੇ ਫੈਸਟੀਵਲ ਦਾ ਮਜ਼ਾ ਦੁਪਹਿਰ ਤੋਂ ਬਾਅਦ ਖਰਾਬ ਕਰ ਦਿੱਤਾ। ਇਨਡੋਰ ਪ੍ਰੋਗਰਾਮ ਤਾਂ ਹੋਏ ਪਰ ਖੁੱਲੇ ਵਿੱਚ ਹੋਣ ਵਾਲੇ ਸਮਾਗਮਾਂ ਦਾ ਆਨੰਦ ਲੈਣ ਤੋਂ ਦਰਸ਼ਕ ਮਹਿਰੂਮ ਰਹਿ ਗਏ। ਥਾਂ-ਥਾਂ ਲਾਏ ਗਏ ਸਟਾਲਾਂ ‘ਤੇ ਵੀ ਮੌਸਮ ਦੀ ਮਾਰ ਪਈ।
ਖਾਣਾ ਪੀਣ ਵਾਲੇ ਸਮਾਨ ਛੱਡ ਦਿਓ ਤਾਂ ਸਟਾਲਾਂ ‘ਤੇ ਰੌਣਕ ਨਜ਼ਰ ਨਹੀਂ ਆਈ। ਵੱਖ ਵੱਖ ਕਿਸਮਾਂ ਦੀਆਂ ਨੁਮਾਇਸ਼ਾਂ ਅਤੇ ਫੌਜ ਤੇ ਸੁੱਰਖਿਆ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਦੇ ਦਿਲਚਸਪ ਕਾਰਜਾਂ ਤੋਂ ਹੁੰਦੀਆਂ ਹਨ। ਐੱਮ ਟੀਵੀ ਦੇ ਸ਼ੋਅ ਸਟਾਰ ਰਣਵਿਜੇ ਸਿੰਘ ਵੀ ਅਜਿਹੀ ਹੀ ਇੱਕ ਚਰਚਾ ਵਿੱਚ ਸ਼ਾਮਿਲ ਹੋਏ। ਫੌਜੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਫੌਜੀ ਪਰਿਵਾਰ ਵਿੱਚ ਪਾਲਣ ਅਤੇ ਸਿੱਖਿਆ ਦੌਰਾਨ ਮਿਲਣ ਵਾਲੇ ਸੰਸਕਾਰਾਂ ਦਾ ਖੂਬਸੂਰਤੀ ਨਾਲ ਜਿਕਰ ਕੀਤਾ, ਜੋ ਇੱਥੇ ਆਏ ਸਕੂਲੀ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਸੀ। ਉਨ੍ਹਾਂ ਨੇ ਕਈ ਦਿਲਚਸਪ ਯਾਦਾਂ ਦਕਸ਼ਕਾਂ ਨਾਲ ਸਾਂਝੀਆਂ ਕੀਤੀਆਂ ਅਤੇ ਇਸ ਦੌਰਾਨ ਉਨ੍ਹਾਂ ਦੇ ਸੇਵਾਮੁਕਤ ਫੌਜੀ ਪਿਤਾ ਦੇ ਨਾਲ ਚਾਚੇ ਅਤੇ ਮਾਤਾ ਜੀ ਵੀ ਮੌਜੂਦ ਸਨ।