ਸੀ-295 ਜਹਾਜ਼ ਹੁਣ ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਲ ਹੋ ਗਿਆ ਹੈ। ਇਹ ਇੱਕ ਟ੍ਰਾਂਸਪੋਰਟ ਏਅਰਕ੍ਰਾਫਟ ਹੈ ਜੋ ਪੰਜ ਦਹਾਕਿਆਂ ਤੋਂ ਵੱਧ ਪੁਰਾਣੇ ਐਵਰੋ ਏਅਰਕ੍ਰਾਫਟ ਦੀ ਥਾਂ ਲਵੇਗਾ। ਸਪੇਨ ਤੋਂ ਭਾਰਤ ਲਿਆਉਣ ਤੋਂ ਬਾਅਦ ਸੀ-295 ਜਹਾਜ਼ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਸਮੀ ਪ੍ਰੋਗਰਾਮ ਦੌਰਾਨ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੂੰ ਸੌਂਪਿਆ। ਇਹ ਪ੍ਰੋਗਰਾਮ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ਆਯੋਜਿਤ ਕੀਤਾ ਗਿਆ ਸੀ। ਸੀ-295 ਨੂੰ ਭਾਰਤੀ ਹਵਾਈ ਸੈਨਾ ਦੇ ਸਕੁਐਡਰਨ 11 ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਕੁਐਡਰਨ ਨੂੰ ‘ਗੈਂਡਾ’ ਵੀ ਕਿਹਾ ਜਾਂਦਾ ਹੈ ਅਤੇ ਇਹ ਗੁਜਰਾਤ ਦੇ ਵਡੋਦਰਾ ਏਅਰ ਫੋਰਸ ਬੇਸ ‘ਤੇ ਤਾਇਨਾਤ ਹੈ।
ਹਿੰਡਨ ਹਵਾਈ ਅੱਡੇ ‘ਤੇ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਸੈਨਾ ਦੇ ਮੁਖੀ ਵੀਆਰ ਚੌਧਰੀ ਨੂੰ ਸੀ-295 ਦੀਆਂ ਚਾਬੀਆਂ ਸੌਂਪਣ ਦੀ ਰਸਮ ਤੋਂ ਪਹਿਲਾਂ ਸਰਬ-ਧਾਰਮਿਕ ਪੂਜਾ ‘ਚ ਹਿੱਸਾ ਲਿਆ।
ਸਤੰਬਰ 2021 ਵਿੱਚ, ਭਾਰਤ ਨੇ ਭਾਰਤੀ ਹਵਾਈ ਸੈਨਾ ਲਈ 56 ਸੀ-295 ਜਹਾਜ਼ ਖਰੀਦਣ ਲਈ ਸਪੇਨ ਨਾਲ 21,935 ਕਰੋੜ ਰੁਪਏ ਦੇ ਸੌਦੇ ‘ਤੇ ਹਸਤਾਖਰ ਕੀਤੇ ਸਨ। ਇਹ ਪ੍ਰਕਿਰਿਆ ਮਈ 2013 ਵਿੱਚ ਗਲੋਬਲ ਮਾਰਕੀਟ ਵਿੱਚ ਫਰਮਾਂ ਲਈ ਜਾਰੀ ਪ੍ਰਸਤਾਵ ਦੀ ਬੇਨਤੀ ਨਾਲ ਸ਼ੁਰੂ ਹੋਈ ਸੀ। ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ ਮਈ 2015 ਵਿੱਚ ਦੋ ਸਾਲਾਂ ਬਾਅਦ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਸੀ।
ਫਿਲਹਾਲ ਸਪੇਨ ਤੋਂ 2025 ਤੱਕ 16 ਸੀ-295 ਜਹਾਜ਼ ਆਉਣਗੇ। ਇਸ ਤੋਂ ਬਾਅਦ, ਬਾਕੀ 40 ਦਾ ਨਿਰਮਾਣ ਗੁਜਰਾਤ ਦੇ ਵਡੋਦਰਾ ਵਿੱਚ ਸਥਾਪਿਤ ਯੂਨਿਟ ਵਿੱਚ ਕੀਤਾ ਜਾਵੇਗਾ, ਜਿਸਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਅਕਤੂਬਰ 2022 ਨੂੰ ਰੱਖਿਆ ਸੀ। C 295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਸਮੂਹ ਦੀ ਕੰਪਨੀ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (TASL) ਨਾਲ ਸਮਝੌਤਾ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਕੋਈ ਨਿੱਜੀ ਖੇਤਰ ਦੀ ਕੰਪਨੀ ਇੱਥੇ ਇੱਕ ਸੰਪੂਰਨ ਹਵਾਈ ਜਹਾਜ਼ ਦਾ ਨਿਰਮਾਣ ਕਰ ਰਹੀ ਹੈ। ਭਾਰਤ ਦੇ ਇਸ ਕਦਮ ਨੂੰ ਏਅਰਕ੍ਰਾਫਟ ਮੈਨੂਫੈਕਚਰਿੰਗ ਦੇ ਗਲੋਬਲ ਬਾਜ਼ਾਰ ‘ਚ ਪ੍ਰਵੇਸ਼ ਕਰਨ ਦਾ ਵੱਡਾ ਮੌਕਾ ਕਿਹਾ ਜਾ ਸਕਦਾ ਹੈ।