ਦਿਲ ਦੀਆਂ ਗਹਿਰਾਈਆਂ ਤੋਂ ਲਿਖੀ ਚਿੱਠੀ ਦਾ ਫੌਜ ਨੇ ਦਿੱਤਾ ਸ਼ਾਨਦਾਰ ਜਵਾਬ

4
ਬਾਲਕ ਰਿਆਨ ਦੀ ਫੌਜ ਨੂੰ ਚਿੱਠੀ ਅਤੇ ਫੌਜ ਵੱਲੋਂ ਚਿੱਠੀ ਦਾ ਜਵਾਬ।

ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਵਾਇਨਾਡ, ਕੇਰਲ ਵਿੱਚ ਬਚਾਅ ਮਿਸ਼ਨ ਲਈ ਫੌਜੀਆਂ ਦੀ ਸ਼ਲਾਘਾ ਕਰਦੇ ਹੋਏ ਇੱਕ ਸਕੂਲੀ ਵਿਦਿਆਰਥੀ ਵੱਲੋਂ ਲਿਖੀ ਗਈ ਚਿੱਠੀ ਨੇ ਭਾਰਤੀ ਫੌਜ ਦੇ ਦਿਲਾਂ ਨੂੰ ਛੂਹ ਲਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਫੌਜ ਵੱਲੋਂ ਵੀ ਦਿਲ ਖੋਲ੍ਹ ਕੇ ਜਵਾਬ ਦਿੱਤਾ ਗਿਆ।

 

ਦਰਅਸਲ, ਹਾਲ ਹੀ ਵਿੱਚ ਭਾਰਤੀ ਫੌਜ ਦੀ ਦੱਖਣੀ ਕਮਾਨ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਬੱਚੇ ਦੀ ਚਿੱਠੀ ਅਤੇ ਉਸਦੇ ਜਵਾਬ ਨੂੰ ਸਾਂਝਾ ਕੀਤਾ ਹੈ। ਵਾਇਨਾਡ ਦੇ ਏਐੱਮਐੱਲਪੀ ਸਕੂਲ ਦੇ ਤੀਜੀ ਜਮਾਤ ਦੇ ਵਿਦਿਆਰਥੀ ਰਿਆਨ ਨੇ ਇਹ ਪੱਤਰ ਆਪਣੀ ਸਕੂਲ ਡਾਇਰੀ ਵਿੱਚ ਲਿਖਿਆ ਹੈ। ਉਸ ਨੇ ਕਿਹਾ ਕਿ ਮਲਬੇ ਹੇਠੋਂ ਲੋਕਾਂ ਨੂੰ ਬਚਾਉਂਦੇ ਹੋਏ ਫੌਜੀਆਂ ਨੂੰ ਦੇਖ ਕੇ ਉਸ ਨੂੰ “ਮਾਣ ਅਤੇ ਖੁਸ਼ੀ” ਮਹਿਸੂਸ ਹੋਈ।

 

ਮੈਂ ਰਿਆਨ ਹਾਂ। ਮੇਰੇ ਪਿਆਰੇ ਵਾਇਨਾਡ ਵਿੱਚ, ਵਾਇਨਾਡ ਵਿੱਚ ਇੱਕ ਵੱਡੇ ਜ਼ਮੀਨ ਖਿਸਕਣ ਨੇ ਤਬਾਹੀ ਮਚਾਈ ਅਤੇ ਬਹੁਤ ਤਬਾਹੀ ਮਚਾਈ। ਰਿਆਨ ਨੇ ਫੌਜ ਨੂੰ ਸੰਬੋਧਿਤ ਕੀਤੇ ਗਏ ਇੱਕ ਪੱਤਰ ਵਿੱਚ ਕਿਹਾ, “ਤੁਹਾਡੇ ਵੱਲੋਂ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਨੂੰ ਬਚਾਉਂਦੇ ਦੇਖ ਕੇ ਮੈਨੂੰ ਮਾਣ ਅਤੇ ਖੁਸ਼ੀ ਮਹਿਸੂਸ ਹੋਈ।” ਰਿਆਨ ਨੇ ਇੱਕ ਵੀਡੀਓ ਦਾ ਹਵਾਲਾ ਦਿੱਤਾ ਜਿਸ ਵਿੱਚ ਫੌਜੀ ਜਵਾਨਾਂ ਨੂੰ ਤਬਾਅ ਹੋਏ ਇਲਾਕੇ ਵਿੱਚ ਪੁੱਲ ਬਣਾਉਂਦੇ ਹੋਏ ਆਪਣੀ ਭੁੱਖ ਮਿਟਾਉਣ ਲਈ ਬਿਸਕੁਟ ਖਾਂਦੇ ਵਿਖਾਇਆ ਗਿਆ ਸੀ, ਜਿਸਨੂੰ ਦੇਖ ਰਿਆਨ ਨੇ ਕਿਹਾ ਕਿ ਇਹ ਦ੍ਰਿਸ਼ ਉਸ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।

 

ਚਿੱਠੀ ‘ਚ ਰਿਆਨ ਨੇ ਇੱਕ ਦਿਨ ਭਾਰਤੀ ਫੌਜ ‘ਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ। ਉਸ ਨੇ ਚਿੱਠੀ ਵਿੱਚ ਲਿਖਿਆ, “ਉਸ ਦ੍ਰਿਸ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਮੈਂ ਇੱਕ ਦਿਨ ਭਾਰਤੀ ਸੈਨਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਰੱਖਿਆ ਕਰਨਾ ਚਾਹੁੰਦਾ ਹਾਂ।” ਜਿਵੇਂ ਹੀ ਇਹ ਪੱਤਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋਇਆ, ਭਾਰਤੀ ਫੌਜ ਨੇ 3 ਅਗਸਤ ਨੂੰ ਆਪਣੇ ਐਕਸ ਹੈਂਡਲ ਰਾਹੀਂ ਵਿਦਿਆਰਥੀ ਨੂੰ ਜਵਾਬ ਪੋਸਟ ਕੀਤਾ। ਛੋਟੇ ਬੱਚੇ ਨੂੰ “ਯੋਧਾ” ਕਹਿੰਦੇ ਹੋਏ, ਫੌਜ ਨੇ ਕਿਹਾ ਕਿ ਉਸਦੇ “ਮਾਸੂਮ ਤੇ ਗਹਿਰੇ ਸ਼ਬਦਾਂ” ਨੇ ਉਹਨਾਂ ਨੂੰ ਡੂੰਘਾ ਛੂਹਿਆ ਹੈ। ਫੌਜ ਦੀ ਦੱਖਣੀ ਕਮਾਂਡ ਦੀ ਤਰਫੋਂ ਲਿਖਿਆ:

 

ਪਿਆਰੇ ਮਾਸਟਰ ਰਿਆਨ,

ਦਿਲ ਨੂੰ ਛੂਹਣ ਵਾਲੇ ਤੁਹਾਡੇ ਸ਼ਬਦਾਂ ਨੇ ਸਾਡੇ ਦਿੱਲ ਨੂੰ ਬਹੁਤ ਡੂੰਘਾ ਛੂਹਿਆ ਹੈ। ਮੁਸੀਬਤ ਦੇ ਸਮੇਂ, ਸਾਡਾ ਟੀਚਾ ਉਮੀਦ ਦੀ ਕਿਰਨ ਬਣਨਾ ਹੈ, ਅਤੇ ਤੁਹਾਡੀ ਚਿੱਠੀ ਇਸ ਮਿਸ਼ਨ ਦੀ ਤਸਦੀਕ ਕਰਦੀ ਹੈ। ਤੁਹਾਡੇ ਵਰਗੇ ਹੀਰੋ ਸਾਨੂੰ ਆਪਣਾ ਸਰਵੋਤਮ ਦੇਣ ਲਈ ਪ੍ਰੇਰਿਤ ਕਰਦੇ ਹਨ। ਅਸੀਂ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਦੋਂ ਤੁਸੀਂ ਵਰਦੀ ਪਾਓਗੇ ਅਤੇ ਸਾਡੇ ਨਾਲ ਖੜੇ ਹੋਵੋਗੇ। ਮਿਲ ਕੇ ਅਸੀਂ ਆਪਣੇ ਦੇਸ਼ ਦਾ ਮਾਣ ਵਧਾਵਾਂਗੇ।

 

ਨੌਜਵਾਨ ਵਾਰੀਅਰ, ਤੁਹਾਡੀ ਹਿੰਮਤ ਅਤੇ ਪ੍ਰੇਰਨਾ ਲਈ ਧੰਨਵਾਦ।