ਉਹ ਤਾਰੀਖ ਵੀ 12 ਸਤੰਬਰ ਸੀ… ਜਦੋਂ ਸਮਾਣਾ ਪਰਬਤੀ ਰੇਂਜ ਦੇ ਸਾਰਾਗੜ੍ਹੀ ਪਿੰਡ ਦੀ ਧਰਤੀ ਤੇ ਸਿੱਖ ਬਹਾਦਰਾਂ ਨੇ ਜੰਗ ਦੇ ਇਤਿਹਾਸ ‘ਚ ਇਕ ਅਜਿਹਾ ਪੰਨਾ ਜੋੜਿਆ ਜਿਸ ਦੀ ਮਿਸਾਲ ਨਾ ਕਦੇ ਇਸ ਤੋਂ ਪਹਿਲਾਂ ‘ਤੇ ਨਾ ਹੀ ਇਸ ਦੇ 121 ਸਾਲ ਪੂਰੇ ਹੋਣ ਤੋਂ ਬਾਅਦ ਮਤਲਬ ਹੁਣ ਤਕ ਦੁਨੀਆ ਦੇ ਨਾ ਕਿਸੇ ਕੋਨੇ ‘ਚ ਸੁਨਣ ਨੂੰ ‘ਤੇ ਨਾ ਹੀ ਦੇਖਣ ਨੂੰ ਮਿਲੀ ਹੈ। ਸਾਰਾਗੜ੍ਹੀ ਯੁੱਧ ਦੇ ਤੌਰ ਤੇ ਯਾਦ ਕੀਤੀ ਜਾਣ ਵਾਲੀ ਇਸ ਜੰਗ ਵਿਚ 21 ਸਿੱਖ ਫੌਜੀਆਂ ਨੇ ਹਜਾਰਾਂ ਦੀ ਗਿਣਤੀ ਵਿਚ ਆਏ ਹਮਲਾਵਰ ਦੁਸ਼ਮਣਾਂ ਦਾ ਦਲੇਰੀ ਨਾਲ ਮੁਕਾਬਲਾ ਕੀਤਾ ਅਤੇ ਸੈਨਿਕਾਂ ਨੇ ਆਪਣੇ ਆਖਰੀ ਸਾਹਾਂ ਤਕ ਦੁਸ਼ਮਣਾਂ ਵਿਰੁੱਧ ਮੋਰਚਾ ਸੰਭਾਲੀ ਰੱਖਿਆ ‘ਤੇ ਉਸ ਸੈਨਿਕ ਚੌਂਕੀ ਨੂੰ ਨਹੀਂ ਛੱਡਿਆ ਜਿੱਥੇ ਓਹਨਾਂ ਨੂੰ ਤੈਨਾਤ ਕੀਤਾ ਗਿਆ ਸੀ।
ਇਹ ਉਹ ਸਮਾਂ ਸੀ ਜਦੋਂ ਭਾਰਤ ਬ੍ਰਿਟਿਸ਼ ਸਾਸ਼ਨ ਦੇ ਕਬਜ਼ੇ ਹੇਠ ਸੀ ‘ਤੇ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਜ਼ਾਰੀ ਸੀ।ਅਫਗਾਨਿਸਤਾਨ ਉੱਤੇ ਬ੍ਰਿਤਿਸ਼ਾਂ ਦੇ ਨਾਲ ਨਾਲ ਰੂਸ ਦੀ ਵੀ ਨਿਗਾਹਾਂ ਟਿਕੀਆਂ ਹੋਈਆਂ ਸਨ। ਉਦੋਂ ਭਾਰਤੀ ਸੈਨਾ ਨੂੰ ਬ੍ਰਿਟਿਸ਼ ਇੰਡੀਅਨ ਆਰਮੀ ਕਿਹਾ ਜਾਂਦਾ ਸੀ ਅਤੇ ਸਾਰਾਗੜ੍ਹੀ ਦੇ ਪਹਾੜਾਂ ਤੇ ਇਸੇ ਦੇ ਸਿਗਨਲ ਚੌਂਕੀ (Hellographic communication post) ਸੀ। ਚੌਂਕੀ ਦਾ ਮਹਤੱਵ ਇਸ ਲਈ ਸੀ ਕਿਓਂਕਿ ਇਥੋਂ ਹੀ ਹੇਲੋਗ਼ਰਫੀ(ਸੂਰਜ ਦੀ ਰੌਸ਼ਨੀ ਦੀ ਵਰਤੋਂ ਕਰਕੇ ਸਿਸ਼ੇ ਦੇ ਪ੍ਰਕਾਸ਼ ਦੇ ਪਰਿਵਰਤਨ) ਰਾਹੀਂ ਹੀ ਵਖ- ਵਖ ਕਿਨਾਰਿਆਂ ਦੇ ਗੁਲਿਸਤਾਂ ਅਤੇ ਲੋਕਹਾਰਟ ਕਿਲ੍ਹਿਆਂ (ਮਹਾਰਾਜਾ ਰਣਜੀਤ ਸਿੰਘ ਦੇ ਬਣਵਾਏ) ਦੇ ਵਿਚ ਸੰਦੇਸ਼ਾਂ ਨੂੰ ਭੇਜਿਆ ਅਤੇ ਪ੍ਰਾਪਤ ਕੀਤਾ ਜਾਂਦਾ ਸੀ।
ਹਿੰਦੂਕੁਸ਼ ਪਰਬਤ ਲੜ੍ਹੀ ਦੀ ਸਮਾਣਾ ਰੇਂਜ ਦੇ ਲੋਕਹਾਰਟ ਕਿੱਲ੍ਹੇ ਅਤੇ ਸੁਲੇਮਾਨ ਰੇਂਜ ਦੇ ਗੁਲਿਸਤਾਂ ਕਿੱਲੇ ਦੇ ਵਿਚ ਕੁੱਝ ਮੀਲ ਦੀ ਦੂਰੀ ਸੀ ( ਹੁਣ ਇਹ ਇਲਾਕਾ ਪਾਕਿਸਤਾਨ ਦੇ ਖੈਬਰ ਪਖ਼ਤੂੰਖਵਾ ਪ੍ਰਾਂਤ ‘ਚ ਹੈ ਅਤੇ ਨੇੜਲੇ ਕੋਹਾਟ ਜ਼ਿਲ੍ਹੇ ਵਿੱਚ ਹੈ) ਅਤੇ ਖੇਤਰੀ ਕਬੀਲਿਆਂ ਦੀ ਕੋਸ਼ਿਸ਼ ਇਹਨਾਂ ਕਿਲ੍ਹਿਆਂ ਤੇ ਕਬਜ਼ਾ ਕਰਨ ਦੀ ਰਹਿੰਦੀ ਸੀ। ਸਰਕਾਰ ਨੂੰ ਤੰਗ ਕਰਨ ਲਈ ਉਹ ਅਕਸਰ ਅੰਗਰੇਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਸੀ। ਪ੍ਰਸ਼ਾਸ਼ਕੀ ਕਾਰਜਾਂ ਲਈ ਦੋਹਾਂ ਕਿਲ੍ਹਿਆਂ ਦੇ ਵਿਚਕਾਰ ਸੂਚਨਾਵਾਂ ਦਾ ਲੈਣਦੇਣ ਸਾਰਾਗੜ੍ਹੀ ਦੀ ਸੈਨਿਕ ਚੌਂਕੀ ਨੂੰ ਹੋਰ ਵੀ ਖਾਸ ਬਣਾਉਂਦੀ ਸੀ।
ਦੋਵਾਂ ਕਿਲ੍ਹਿਆਂ ਦੇ ਵਿਚ ਤਾਲਮੇਲ ਨੂੰ ਖਤਮ ਕਰਨ ਦੇ ਇਰਾਦੇ ਨਾਲ 12 ਸਤੰਬਰ 1897 ਦੀ ਸਵੇਰ, ਗੋਲੀਆਂ ਅਤੇ ਹਥਿਆਰਾਂ ਨਾਲ ਲੈਸ 10 ਹਜ਼ਾਰ ਅਫਰੀਦੀ ਅਤੇ ਆਰਕਜੀ ਕਬੀਲਿਆਂ ਨੇ ਚੌਂਕੀ ਤੇ ਕਬਜ਼ਾ ਕਰਨ ਲਈ ਧਾਵਾ ਬੋਲ ਦਿੱਤਾ। ਉਸ ਸਮੇਂ ਚੌਂਕੀ ਤੇ ਬੰਗਾਲ ਇਨਫੈਂਟਰੀ ਦੀ 36 ਰੈਜੀਮੈਂਟ ਦੇ 21 ਜਵਾਨ ਤੈਨਾਤ ਸੀ। ਵਰਤਮਾਨ ਸਮੇਂ ਸਿੱਖ ਰੈਜੀਮੈਂਟ ਦੀ 4 ਬਟਾਲੀਅਨ ਹਨ। ਪੱਥਰੀ ਇਲਾਕਿਆਂ ‘ਚ ਵੱਡੇ ਵੱਡੇ ਚੌਰਸ ਪੱਥਰਾਂ ਨਾਲ ਮਕਾਨ ਦੀ ਤਰ੍ਹਾਂ ਬਣਾਈ ਗਈ ਇਸ ਹੇਲੋਗਰਫੀ ਚੌਂਕੀ ਤੋਂ ਸਵੇਰ 9 ਵਜੇ ਪਹਿਲਾ ਸੰਦੇਸ਼ ਮਿਲਿਆ ਜੋ ਸਿਗਨਲਮੈਨ ਗੁਰਮੁਖ ਸਿੰਘ ਨੇ ਲੋਕਹਾਰਟ ਕਿਲ੍ਹੇ ਨੂੰ ਭੇਜਿਆ ਜਿਸ ਵਿਚ ਦਸਿਆ ਗਿਆ ਕਿ ਹਜਾਰਾਂ ਦੀ ਗਿਣਤੀ ਵਿਚ ਹਮਲਾਵਰ ਚੌਂਕੀ ਵੱਲ ਵਧ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਜਦੋਂ ਕਰਨਲ ਹੋਂਗਤਨ ਨੂੰ ਮਿਲੀ ਤਾਂ ਉਹਨਾਂ ਵੱਲੋਂ ਜਵਾਬ ਸੀ ਕਿ ਬਚਾਅ ਅਤੇ ਮੁਕਾਬਲੇ ਲਈ ਤੁਰੰਤ ਮਦਦ ਪਹੁੰਚਣਾ ਸੰਭਵ ਨਹੀਂ ਹੈ। ਉਸ ਸਮੇਂ ਸਿਗਨਲ ਚੌਂਕੀ ਦੇ ਇੰਚਾਰਜ ਹਵਾਲਦਾਰ ਈਸ਼ਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਖੁਦ ਹੀ ਮੋਰਚਾ ਸੰਭਾਲਣ ਦਾ ਫੈਸਲਾ ਲਿਆ ਜਦਕਿ ੳੁਹ ਜਾਣਦੇ ਸਨ ਕਿ ਤੋਪਖਾਨੇ ਨਾਲ ਲੈਸ ਦੁਸ਼ਮਣ ਨਾਲ ਮੁਕਾਬਲੇ ਵਿਚ ਉਹਨਾਂ ਦੀ ਮੌਤ ਨਿਸ਼ਚਿਤ ਹੈ। ਉਹ ਚਾਹੁੰਦੇ ਤਾਂ ਖੁਦ ਦੀ ਜਾਨ ਬਚਾਉਣ ਲਈ ਉਹ ਚੌਂਕੀ ਛਡ ਕ ਨਿੱਕਲ ਵੀ ਸਕਦੇ ਸਨ। ਹਮਲੇ ਦੇ ਦੌਰਾਨ ਵੀ ਦੁਸ਼ਮਣਾਂ ਨੇ ਉਹਨਾਂ ਨੂੰ ਬਚ ਨਿਕਲਣ ਦੇਣ ਦਾ ਵਾਅਦਾ ਵੀ ਕੀਤਾ ਪਰ ਇਹਨਾਂ ਸੈਨਿਕਾਂ ਨੇ ਵਰਦੀ ਅਤੇ ਕਰਮ ਨੂੰ ਹੀ ਧਰਮ ਮੰਨਿਆ ਅਤੇ ਇਸ ਨੂੰ ਨਿਭਾਉਣ ਦਾ ਪ੍ਰਣ ਲਿਆ ਸੀ।
ਹਮਲੇ ‘ਚ ਪਹਿਲਾਂ ਸਿਪਾਹੀ ਭਗਵਾਨ ਸਿੰਘ ਸ਼ਹੀਦ ਹੋਇਆ ਇਸ ਤਰ੍ਹਾਂ ਹਮਲਾਵਰਾਂ ਦੀ ਚੌਂਕੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਸਿੱਖ ਸੈਨਿਕਾਂ ਨੇ ਦੋ ਵਾਰ ਨਾਕਾਮ ਕੀਤੀ। ਆਖਰੀ ਸਿੱਖ ਜੋ ਇੱਥੇ ਸ਼ਹੀਦ ਹੋਇਆ ਉਹ ਸਿਪਾਹੀ ਗੁਰਮੁਖ ਸਿੰਘ ਜੀ ਸੀ ਜੋ ਸਿਗਨਲ ਰਾਹੀਂ ਸਾਰੇ ਹਾਲਾਤ ਕਿਲ੍ਹੇ ਤਕ ਪਹੁੰਚਾ ਰਿਹਾ ਸੀ, ਪਰ ਇਹ ਵੀ ਮੁਕਾਬਲਾ ਕਰਦੇ ਹੋਏ ਹੀ ਸ਼ਹੀਦ ਹੋਇਆ ਸੀ। ਉਸ ਨੇ ਆਖਰੀ ਸਾਹ ਲੈਂਦੇ ਇੱਕੋ ਹੀ ਵਾਕ ਕਿਹਾ ਸੀ ‘ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਆਕਾਲ’
ਇਹਨਾਂ 21 ਸੈਨਿਕਾਂ ਨੇ ਸਾਰਾਗੜ੍ਹੀ ‘ਚ ਹਮਲਾਵਰਾਂ ਨੂੰ ਇੰਨੀ ਦੇਰ ਤਕ ਮੁਕਾਬਲੇ ‘ਚ ਉਲਝਾਈ ਰਖਿਆ ਕਿ ਹਮਲਾਵਰਾਂ ਦੇ ਉੱਥੇ ਪੈਰ ਜਮਾਉਣ ਤੋਂ ਪਹਿਲਾਂ ਹੀ ਸੈਨਾ ਆ ਪਹੁੰਚੀ ਤੇ ਸੈਨਾ ਤੇ ਹਮਲਾਵਰਾਂ ਵਿਚਕਾਰ ਭਿਆਨਕ ਯੁੱਧ ਹੋਇਆ। ਕੁੱਝ ਇਤਹਾਸਿਕ ਰਿਕਾਰਡਾਂ ਅਨੁਸਾਰ ਇਸ ਯੁੱਧ ‘ਚ 600 ਕਬੀਲਾਈ ਹਮਲਾਵਰ ਮਾਰੇ ਗਏ ਸਨ ਅਤੇ ਉਹਨਾਂ ਵਿਚੋਂ 180 ਦਾ ਕੰਮ ਤਮਾਮ ਤਾਂ ਸਾਰਾਗੜ੍ਹੀ ਚੌਂਕੀ ਤੇ ਤੈਨਾਤ 21ਸਿੱਖ ਸੈਨਿਕਾਂ ਨੇ ਹੀ ਕੀਤਾ ਸੀ। ਇਹ ਸਿੱਖ ਭਾਰਤ ਦੇ ਪੰਜਾਬ ਦੇ ਮਾਝੇ ਖੇਤਰ ਦੇ ਸਨ।