ਭਾਰਤ ਵਿੱਚ ਪੱਛਮੀ, ਉੱਤਰੀ ਅਤੇ ਉੱਤਰ-ਪੂਰਬੀ ਸਰਹੱਦਾਂ ਦੇ ਨਜ਼ਦੀਕ ਸੰਵੇਦਨਸ਼ੀਲ ਖੇਤਰਾਂ ਵਿੱਚ ਸੜਕਾਂ ਅਤੇ ਪੁਲਾਂ ਨਾਲ ਜੋੜਣ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਨੂੰ 44 ਵੱਡੇ ਸਥਾਈ ਬ੍ਰਿਜ ਸਮਰਪਿਤ ਕੀਤੇ। ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਨੇਚੀਪੂ ਸੁਰੰਗ ਦਾ ਨੀਂਹ ਪੱਥਰ ਵੀ ਰੱਖਿਆ। ਇਹ ਪੁਲ ਰਣਨੀਤਕ ਮਹੱਤਵ ਦੇ ਹਨ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਸੰਪਰਕ ਕਾਇਮ ਕਰਦੇ ਹਨ। ਇਹ 44 ਪੁੱਲ ਸੱਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲੇ ਹਨ।
ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ, ਭਾਰਤ ਦੇ ਚੀਫ ਆਫ਼ ਸਟਾਫ ਜਨਰਲ ਬਿਪਿਨ ਰਾਵਤ, ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਣੇ ਅਤੇ ਰੱਖਿਆ ਸਕੱਤਰ ਅਜੈ ਕੁਮਾਰ ਵੀ ਰਾਜਧਾਨੀ ਨਵੀਂ ਦਿੱਲੀ ਵਿੱਚ ਹੋਏ ਵੀਡੀਓ ਕਾਨਫਰੰਸ ਰਾਹੀਂ ਕੀਤੇ ਸਮਰਪਣ ਸਮਾਰੋਹ ਵਿੱਚ ਹਾਜਰ ਸਨ। ਕੇਂਦਰੀ ਮੰਤਰੀ ਕਿਰਨ ਰਿਜੀਜੂ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ, ਸਿੱਕਿਮ ਅਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ, ਸੰਸਦ ਮੈਂਬਰ, ਸਿਵਲ / ਸੈਨਿਕ ਪਤਵੰਤੇ ਸੱਜਣਾਂ ਅਤੇ ਵੱਖ-ਵੱਖ ਥਾਵਾਂ ‘ਤੇ ਸਬੰਧਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕ ਲਿੰਕ ਰਾਹੀਂ ਇਸ ਸਮਾਰੋਹ ਵਿੱਚ ਸ਼ਾਮਲ ਹੋਏ।
ਆਪਣੇ ਸੰਬੋਧਨ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡਾਇਰੈਕਟਰ ਜਨਰਲ ਅਤੇ ਸਰਹੱਦੀ ਸੜਕ ਸੰਗਠਨ (ਬੀਆਰਓ) ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇੱਕ ਹੀ ਸਮੇਂ ਵਿੱਚ 44 ਬ੍ਰਿਜਾਂ ਦਾ ਸਮਰਪਣ ਇੱਕ ਰਿਕਾਰਡ ਹੈ। ਸ੍ਰੀ ਸਿੰਘ ਨੇ ਕਿਹਾ ਕਿ ਕੋਵਿਡ-19 ਵਿਚਾਲੇ ਚੁਣੌਤੀ ਭਰਪੂਰ ਸਮੇਂ ਅਤੇ ਪਾਕਿਸਤਾਨ ਅਤੇ ਚੀਨ ਨਾਲ ਸਰਹੱਦੀ ਤਣਾਅ ਅਤੇ ਵਿਵਾਦਾਂ ਦੇ ਬਾਵਜੂਦ ਦੇਸ਼ ਨਾ ਸਿਰਫ਼ ਉਨ੍ਹਾਂ ਦਾ ਸਾਹਮਣਾ ਕਰ ਰਿਹਾ ਹੈ, ਬਲਕਿ ਵਿਕਾਸ ਦੇ ਸਾਰੇ ਖੇਤਰਾਂ ਵਿੱਚ ਇਤਿਹਾਸਕ ਤਬਦੀਲੀਆਂ ਲਿਆ ਰਿਹਾ ਹੈ।
ਸਰਹੱਦੀ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਭੂਮਿਕਾ ਲਈ ਬੀ.ਆਰ.ਓ. ਦੀ ਸ਼ਲਾਘਾ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਨ੍ਹਾਂ ਪੁਲਾਂ ਨੇ ਪੱਛਮੀ, ਉੱਤਰੀ ਅਤੇ ਉੱਤਰ-ਪੂਰਬੀ ਖੇਤਰਾਂ ਦੇ ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਸਥਾਨਕ ਲੋਕਾਂ ਨਾਲ ਸੰਪਰਕ ਕਾਇਮ ਕਰਨ ਵਿੱਚ ਸੁਧਾਰ ਕੀਤਾ ਹੈ। ਇਹ ਸਾਲ ਭਰ ਹਥਿਆਰਬੰਦ ਫੌਜਾਂ ਦੀ ਆਵਾਜਾਈ ਅਤੇ ਰਸਦ ਸਬੰਧੀ ਜ਼ਰੂਰਤਾਂ ਨੂੰ ਵੀ ਪੂਰਾ ਕਰਨਗੇ।
ਉਨ੍ਹਾਂ ਕਿਹਾ ਕਿ ਬੀ.ਆਰ.ਓ. ਦੇ ਸਲਾਨਾ ਬਜਟ ਸਾਲ 2008-2016 ਵਿਚਾਲੇ 3,300 ਕਰੋੜ ਰੁਪਏ ਤੋਂ ਵੱਧ ਕੇ 4,600 ਕਰੋੜ ਰੁਪਏ ਹੋ ਗਿਆ। ਇੰਨਾ ਹੀ ਨਹੀਂ, 2020-21 ਵਿੱਚ ਇਹ ਰਕਮ 11,000 ਕਰੋੜ ਰੁਪਏ ਤੋਂ ਵੀ ਪਾਰ ਹੋ ਗਈ। ਕੋਵਿਡ-19 ਦੇ ਬਾਵਜੂਦ ਇਸ ਬਜਟ ਵਿੱਚ ਕੋਈ ਕਮੀ ਨਹੀਂ ਆਈ।
ਰੱਖਿਆ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਨੇ ਬੀ.ਆਰ.ਓ. ਇੰਜੀਨੀਅਰਾਂ ਅਤੇ ਵਰਕਰਾਂ ਨੂੰ ਉੱਚ ਉਚਾਈ ‘ਤੇ ਪਹਿਨੇ ਜਾਣ ਵਾਲੇ ਵਿਸ਼ੇਸ਼ ਕੱਪੜਿਆਂ ਦੀ ਤਜਵੀਜ਼ ਕੀਤੀ ਹੈ।
ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਦੀ ਸੜਕ ‘ਤੇ ਰਣਨੀਤਕ ਮਹੱਤਵਪੂਰਨ ਨੇਚਿਪੂ ਸੁਰੰਗ ਦਾ ਨੀਂਹ ਪੱਥਰ ਵੀ ਰੱਖਿਆ। ਇਹ 450 ਮੀਟਰ ਲੰਬੀ, ਦੋ-ਲੇਨ ਵਾਲੀ ਸੁਰੰਗ ਨੇਚਿਪੂ ਰਾਹ ਵਿੱਚ ਸਾਰੇ ਮੌਸਮ ਦੌਰਾਨ ਰਾਬਤੇ ਨੂੰ ਯਕੀਨੀ ਬਣਾਏਗੀ ਅਤੇ ਦੁਰਘਟਨਾ ਦੇ ਪ੍ਰਭਾਵਿਤ ਇਲਾਕਿਆਂ ਲਈ ਇੱਕ ਸੁਰੱਖਿਅਤ ਰਸਤਾ ਪ੍ਰਦਾਨ ਕਰੇਗੀ।
ਬੀਆਰਓ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 30 ਮੀਟਰ ਤੋਂ 484 ਮੀਟਰ ਦੇ ਵੱਖ ਵੱਖ ਅਕਾਰ ਦੇ 44 ਪੁਲਾਂ ਜੰਮੂ-ਕਸ਼ਮੀਰ (10), ਲੱਦਾਖ (08), ਹਿਮਾਚਲ ਪ੍ਰਦੇਸ਼ (02), ਪੰਜਾਬ (04), ਉੱਤਰਾਖੰਡ (08), ਅਰੁਣਾਚਲ ਪ੍ਰਦੇਸ਼ (08) ਅਤੇ ਸਿੱਕਿਮ ਵਿੱਚ (04) ਪੁਲ ਹਨ। ਇਹ ਰਣਨੀਤਕ ਮਹੱਤਤਾ ਦੇ ਹਨ ਅਤੇ ਸਰਹੱਦੀ ਖੇਤਰਾਂ ਵਿੱਚ ਨਾਗਰਿਕ ਅਤੇ ਸੈਨਿਕ ਟ੍ਰੈਫਿਕ ਦੀ ਭਾਰੀ ਆਵਾਜਾਈ ਦੀ ਸਹੂਲਤ ਲਈ ਤਿਆਰ ਕੀਤੇ ਗਏ ਹਨ। ਇਹ ਪੁਲ ਦੂਰ-ਦੁਰਾਡੇ ਦੇ ਇਲਾਕਿਆਂ ਦੇ ਸਰਵਪੱਖੀ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਗੇ ਅਤੇ ਰਣਨੀਤਕ ਮਹੱਤਵਪੂਰਨ ਖੇਤਰਾਂ ਵਿੱਚ ਹਥਿਆਰਬੰਦ ਫੌਜਾਂ ਦੀ ਤੇਜ਼ੀ ਨਾਲ ਤਾਇਨਾਤੀ ਵਿੱਚ ਵੀ ਸਹਾਇਤਾ ਕਰਨਗੇ।
ਉਨ੍ਹਾਂ ਕਿਹਾ ਕਿ ਸੜਕ ਉਸਾਰੀ ਵਿੱਚ ਤੇਜ਼ੀ ਲਿਆਉਣ ਤੋਂ ਇਲਾਵਾ ਬੀਆਰਓ ਨੇ ਪਿਛਲੇ ਸਾਲ 28 ਵੱਡੇ ਪੁਲਾਂ ਨੂੰ ਪੂਰਾ ਕਰਕੇ ਪੁਲਾਂ ਦੇ ਨਿਰਮਾਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ, ਜਦਕਿ ਇਸ ਸਾਲ 102 ਵੱਡੇ ਪੁਲਾਂ ਦੀ ਉਸਾਰੀ ਮੁਕੰਮਲ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 54 ਪੁਲ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ। ਹਥਿਆਰਬੰਦ ਬਲਾਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੀ ਫੌਰੀ ਲੋੜ ਨੂੰ ਪੂਰਾ ਕਰਨ ਲਈ ਬੀਆਰਓ ਵੱਲੋਂ 60 ਤੋਂ ਵੱਧ ਬੇਲੀ ਬ੍ਰਿਜ ਵੀ ਬਣਾਏ ਗਏ ਹਨ।
ਬੀ.ਆਰ.ਓ. ਨੇ ਕੋਵਿਡ -19 ਮਹਾਂਮਾਰੀ ਸਬੰਧੀ ਰੋਕਾਂ ਦੌਰਾਨ ਰਣਨੀਤਕ ਮਹੱਤਤਾ ਦੇ ਕੰਮਾਂ ਜਿਵੇਂ ਕਿ ਵੱਡੇ ਪੁਲਾਂ ਅਤੇ ਸੜਕਾਂ ਦੀ ਉਸਾਰੀ, ਅਟਲ ਟਨਲ ਰੋਹਤਾਂਗ, ਸੇਲਾ ਸੁਰੰਗ ਆਦਿ ਅਤੇ ਰਣਨੀਤਕ ਪਹਾੜੀ ਮਾਰਗ ਦੇ ਉਦਘਾਟਨ ਦੌਰਾਨ ਨਿਰੰਤਰ ਕੰਮ ਕੀਤਾ ਹੈ। ਬੇਮਿਸਾਲ ਬਰਫਬਾਰੀ ਦੇ ਬਾਵਜੂਦ ਸਾਰੇ 60 ਸਾਲਾਂ ਦੇ ਰਿਕਾਰਡ ਤੋੜਦਿਆਂ ਸਾਰੇ ਰਣਨੀਤਕ ਰਾਹ ਅਤੇ ਸੜਕਾਂ ਨੂੰ ਉਨ੍ਹਾਂ ਦੀ ਔਸਤਨ ਸਲਾਨਾ ਉਦਘਾਟਨ ਦੀਆਂ ਤਰੀਕਾਂ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਟ੍ਰੈਫਿਕ ਲਈ ਮਨਜੂਰੀ ਦੇ ਦਿੱਤੀ ਸੀ। ਇਸ ਨਾਲ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਮਿਲੀ ਅਤੇ ਫੌਜਾਂ ਅਤੇ ਰਸਦ ਦੀ ਤੇਜ਼ੀ ਨਾਲ ਆਵਾਜਾਈ ਯਕੀਨੀ ਬਣਾਈ ਗਈ।