ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਕ ਸੁਤੰਤਰ ਇਕਾਈ ਦੇ ਤੌਰ ‘ਤੇ ਆਰਮੀ ਏਅਰ ਡਿਫੈਂਸ ਕੋਰ (Corps of Army Air Defence) ਦੇ 25 ਵਰ੍ਹੇ ਪੂਰੇ ਹੋਣ ‘ਤੇ ਇਸਦੇ ਜਵਾਨਾਂ ਨੂੰ ਪ੍ਰੈਜਿਡੈਂਟਸ ਕਲਰਸ ਨਾਲ ਸਨਮਾਨਿਤ ਕੀਤਾ। ਓਡੀਸ਼ਾ ਦੇ ਗੋਪਾਲਪੁਰ ਮਿਲਿਟਰੀ ਸਟੇਸ਼ਨ ਵਿੱਚ ਸ਼ੁੱਕਰਵਾਰ ਨੂੰ ਆਰਮੀ ਏਅਰ ਡਿਫੈਂਸ ਦੇ ਜਵਾਨਾਂ ਵੱਲੋਂ ਇਕ ਸਨਮਾਨ ਆਰਮੀ ਏਅਰ ਡਿਫੈਂਸ ਸੈਂਟਰ ਨੇ ਹਾਸਲ ਕੀਤਾ। ਭਾਰਤ ਵਿੱਚ ਰਾਸ਼ਟਰਪਤੀ ਦਾ ਅਹੁਦਾ ਤਿੰਨੇ ਫੌਜਾਂ ਦੇ ਸੁਪਰੀਮ ਕਮਾਂਡਰ ਦਾ ਵੀ ਹੁੰਦਾ ਹੈ ਅਤੇ ਉਨ੍ਹਾਂ ਵੱਲੋਂ ਦਿੱਤਾ ਜਾਣ ਵਾਲਾ ਪ੍ਰੈਜਿਡੈਂਟਸ ਕਲਰਸ ਅਮਨ ਅਤੇ ਜੰਗ ਦੇ ਹਲਾਤ ਦੌਰਾਨ ਕੌਮ ਦੀ ਰੱਖਿਆ ਵਿੱਚ ਹਥਿਆਰਬੰਦ ਦਸਤਿਆਂ ਦੀ ਰੈਜਿਮੈਂਟ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਵਾਲਾ ਸਰਬ-ਉੱਚ ਸਨਮਾਨ ਹੈ।
ਇਸ ਮੌਕੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਸੰਬੋਧਨ ਵਿੱਚ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ਵਿੱਚ ਭਾਰਤੀ ਹਥਿਆਰਬੰਦ ਫੋਰਸੇਸ ਅਤੇ ਉਚੇਚੇ ਤੌਰ ‘ਤੇ ਆਰਮੀ ਏਅਰ ਡਿਫੈਂਸ ਦੇ ਜਵਾਨਾਂ ਦੀ ਸ਼ਾਨਦਾਰ ਵਿਰਾਸਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਫੋਰਸ ਕਿਸੇ ਵੀ ਹਲਾਤ ਵਿੱਚ ਫੌਜ ਦੀ ਤਾਕਤ ਨੂੰ ਕਈ ਗੁਣਾ ਵੱਧਾ ਦਿੰਦੀ ਹੈ। ਇਸ ਟੁਕੜੀ ਦੀ ਅਗਵਾਈ ਵਿੱਚ ਸ਼ਾਨਦਾਰ ਪਰੇਡ ਦੇ ਆਗਾਜ਼ ਦੌਰਾਨ ਰਾਸ਼ਟਰਪਤੀ ਨੂੰ ਕੌਮੀ ਸਲਾਮੀ ਦਿੱਤੀ ਗਈ।
ਦੂਜੀ ਵਿਸ਼ਵ ਜੰਗ ਦੌਰਾਨ ਏਅਰ ਡਿਫੈਂਸ ਦੀਆਂ ਟੁਕੜੀਆਂ ਨੇ ਕਈ ਮੁਹਿੰਮਾਂ ਜਿਵੇਂ ਬਰਮਾ ਮੁਹਿੰਮ, ਇੰਫਾਲ ਅਤੇ ਕੋਹਿਮਾ ਦੀ ਘੇਰਾਬੰਦੀ, ਰੰਗੂਨ ਨੂੰ ਮੁੜ ਹਾਸਲ ਕਰਨ ਦੀ ਮੁਹਿੰਮ, ਅਰਾਕਾਨ, ਮਾਇਤਕਾਇਨਾ, ਹਾਂਗਕਾਂਗ, ਸਿੰਗਾਪੁਰ, ਮਲਾਇਆ, ਬਹਿਰੀਨ, ਇਰਾਕ ਅਤੇ ਫਾਰਸ ਵਿੱਚ ਕਈ ਮੁਹਿੰਮਾਂ ਵਿੱਚ ਹਿੱਸਾ ਲਿਆ ਅਤੇ ਕਈ ਬਹਾਦੁਰੀ ਪੁਰਸਕਾਰ ਹਾਸਲ ਕੀਤੇ ਸਨ। ਇਨ੍ਹਾਂ ਬਹਾਦੁਰੀ ਪੁਰਸਕਾਰਾਂ ਵਿੱਚ ਚਾਰ ਮਿਲਿਟਰੀ ਕ੍ਰੌਸ, ਬ੍ਰਿਟਿਸ਼ ਸਮਾਰਾਜ ਦਾ ਇੱਕ ਮੈਡਲ, ਸੱਤ ਭਾਰਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ ਬਰਤਾਨਵੀ ਸਾਮਰਾਜ ਦੇ ਦੋ ਸਨਮਾਨ ਸ਼ਾਮਲ ਹਨ। ਏਅਰ ਡਿਫੈਂਸ 1940 ਤੋਂ ਆਰਟੀਲਰੀ ਦੇ ਇੱਕ ਹਿੱਸੇ ਦੇ ਤੌਰ ‘ਤੇ ਹੋਂਦ ਵਿੱਚ ਰਹੀ ਹੈ, ਪਰ ਇੱਕ ਸੁਤੰਤਰ ਇਕਾਈ ਦੇ ਤੌਰ ‘ਤੇ ਇਸਨੂੰ 1994 ਵਿੱਚ ਮਾਨਤਾ ਮਿਲ ਗਈ ਸੀ।
ਭਾਰਤ ਦੀ ਏਅਰ ਡਿਫੈਂਸ ਕੋਰ ਨੂੰ ਹੁਣ ਤੱਕ 2 ਅਸ਼ੋਕ ਚੱਕਰ, 2 ਕੀਰਤੀ ਚੱਕਰ, 20 ਵੀਰ ਚੱਕਰ, 9 ਸ਼ੌਰਯ ਚੱਕਰ ਅਤੇ 113 ਫੌਜ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸਦੇ ਇਲਾਵਾ ਇਸ ਕੋਰ ਨੂੰ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਚਾਰ ਜੰਗ ਸਨਮਾਨ ਅਤੇ 55 ਮੈਂਸ਼ਨ-ਇਨ-ਡਿਸਪੈਚ ਦਿੱਤੇ ਗਏ ਹਨ।
ਇਸ ਸਮਾਗਮ ਵਿੱਚ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਭਾਰਤੀ ਫੌਜ ਦੇ ਮੁੱਖੀ ਬਿਪਿਨ ਰਾਵਤ, ਓਡੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਅਤੇ ਕੇਂਦਰੀ ਪੈਟ੍ਰੋਲੀਅਮ ਅਤੇ ਸਟੀਲ ਮੰਤਰੀ ਧਮੇਂਦਰ ਪ੍ਰਧਾਨ, ਓਡੀਸ਼ਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।