ਪੋਨੰਗ ਡੋਮਿੰਗ ਅਰੁਣਾਚਲ ਪ੍ਰਦੇਸ਼ ਦੀ ਪਹਿਲੀ ਮਹਿਲਾ ਜੋ ਭਾਰਤੀ ਫੌਜ ਵਿੱਚ ਲੈਫਟੀਨੈਂਟ ਕਰਨਲ ਬਣੀ

123
ਪੋਨੰਗ ਡੋਮਿੰਗ

ਪੂਰਬ ਉੱਤਰ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੇ ਪਾਸੀਘਾਟ ਦੀ ਪੋਨੰਗ ਡੋਮਿੰਗ ਨੂੰ ਭਾਰਤੀ ਫੌਜ ਵਿੱਚ ਹੁਣ ਮੇਜਰ ਤੋਂ ਤਰੱਕੀ ਦੇ ਕੇ ਲੈਫਟੀਨੈਂਟ ਕਰਨਲ ਬਣਾ ਦਿੱਤਾ ਗਿਆ ਹੈ। 2008 ਭਾਰਤੀ ਫੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋਈ ਪੋਨੰਗ ਡੋਮਿੰਗ ਲੈਫਟੀਨੈਂਟ ਕਰਨਲ ਦੇ ਰੈਂਕ ਤੱਕ ਪਹੁੰਚਣ ਵਾਲੀ ਅਰੁਣਾਚਲ ਪ੍ਰਦੇਸ਼ ਦੀ ਹੁਣ ਤੱਕ ਦੀ ਪਹਿਲੀ ਮਹਿਲੀ ਫੌਜੀ ਅਧਿਕਾਰੀ ਨੇ। ਉਨ੍ਹਾਂ ਨੂੰ ਸੋਮਵਾਰ ਨੂੰ ਪੁਣੇ ਵਿੱਚ ਲੈਫਟੀਨੈਂਟ ਕਰਨਲ ਰੈਂਕ ਦੀ ਫੀਤੀ ਲਗਾਈ ਗਈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਉਨ੍ਹਾਂ ਨੂੰ ਟਵੀਟ ਕਰਕੇ ਮੁਬਾਰਕਬਾਦ ਦਿੱਤੀ ਹੈ।

ਅਰੁਣਾਚਲ ਪ੍ਰਦੇਸ਼ ਵਿੱਚ ਮਾਲੀ ਤੌਰ ‘ਤੇ ਬੇਹੱਦ ਤੰਗਹਾਲ ਹਾਲਤ ਵਿੱਚ ਸਕੂਲੀ ਸਿੱਖਿਆ ਪੂਰੀ ਕਰਨ ਉਪਰੰਤ ਪੋਨੰਗ ਡੋਮਿੰਗ ਨੇ ਮਹਾਰਾਸ਼ਟਰ ਤੋਂ ਇੰਜੀਨੀਅਰਿੰਗ ਕੀਤੀ। ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੋਨੰਗ ਡੋਮਿੰਗ ਨੇ 12ਵੀਂ ਵਿੱਚ ਕਬੀਲਾਈ ਵਿਦਿਆਰਥੀਆਂ ਵਿੱਚੋਂ ਅਵੱਲ ਸਥਾਨ ਹਾਸਲ ਕੀਤਾ ਸੀ। ਇਸਦੇ ਬਾਅਦ ਉਨ੍ਹਾਂ ਮਹਾਰਾਸ਼ਟਰ ਦਾ ਰੁਖ ਕੀਤਾ ਅਤੇ ਇੱਥੋਂ ਦੇ ਵਾਲਚੰਦ ਕਾਲਜ ਆਫ ਇੰਜੀਨੀਅਰਿੰਗ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨ ਉਪਰੰਤ ਉਨ੍ਹਾਂ ਸਰਵਿਸ ਸਲੈਕਸ਼ਨ ਬੋਰਡ ਦੀ ਪ੍ਰੀਖਿਆ ਪਾਸ ਕਰਕੇ ਫੌਜ ਵਿੱਚ ਬਤੌਰ ਲੈਫਟੀਨੈਂਟ ਕਮੀਸ਼ਨ ਹਾਸਲ ਕੀਤਾ। ਸਾਢੇ ਚਾਰ ਸਾਲ ਫੌਜ ਸੇਵਾ ਦੇ ਬਾਅਦ ਉਨ੍ਹਾਂ ਨੂੰ ਮੇਜਰ ਬਣਾ ਦਿੱਤਾ ਗਿਆ ਅਤੇ ਉਸ ਸਮੇਂ ਫੌਜ ਵਿੱਚ ਇਸ ਅਹੁਦੇ ‘ਤੇ ਪਹੁੰਚਣ ਵਾਲੀ ਅਰੁਣਾਚਲ ਦੀ ਪਹਿਲੀ ਮਹਿਲਾ ਫੌਜੀ ਅਧਿਕਾਰੀ ਬਣੀ ਸੀ।

ਫੌਜ ਵਿੱਚ ਵੱਖ-ਵੱਖ ਥਾਂ ਅਲਿਹਦਾ ਰੈਂਕ ‘ਤੇ ਕੰਮ ਕਰ ਚੁੱਕੀ ਪੋਨੰਗ ਡੋਮਿੰਗ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਫੌਜ ਦੇ ਮਿਸ਼ਨ ਤਹਿਤ ਕਾਂਗੋ ਵਿੱਚ ਵੀ ਤਾਇਨਾਤ ਰਹਿ ਚੁੱਕੀ ਹੈ।

ਬਚਪਨ ਜਾਂ ਸਕੂਲ ਦੀ ਪੜ੍ਹਾਈ ਦੌਰਾਨ ਕਦੇ ਵੀ ਫੌਜ ਵਿੱਚ ਜਾਣ ਲਈ ਨਾ ਸੋਚਣ ਵਾਲੀ ਹੁਣ ‘ਆਲਿਵ ਗ੍ਰੀਨ’ ਵਿੱਚ ਬੇਹੱਦ ਖੁਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੇਰੇ ਜੀਵਨ ਤੋਂ ਪ੍ਰੇਰਣਾ ਲੈ ਕੇ ਇੱਕ ਸ਼ਖ਼ਸ ਵੀ ਅਰੁਣਾਚਲ ਪ੍ਰਦੇਸ਼ ਲਈ ਥੋੜਾ ਬਹੁਤ ਵੀ ਕੁਝ ਕਰਦਾ ਹੈ ਤਾਂ ਮੈਂ ਖੁਦ ਨੂੰ ਸੁਭਾਗੀ ਸਮਝਾਂਗੀ। ਪੁਣੇ ਵਿੱਚ ਬੇਟੀ ਨੂੰ ਕਰਨਲ ਬਣਾਏ ਜਾਣ ਦੀ ਰਸਮ ਦੇਖਣ ਲਈ ਪਾਸੀਘਾਟ ਦੇ ਓਲੋਮ ਡੋਮਿੰਗ ਅਤੇ ਉਨ੍ਹਾਂ ਦੀ ਪਤਨੀ ਜਿੰਮੀ ਡੈ ਡੋਮਿੰਗ ਉਚੇਚੇ ਤੌਰ ‘ਤੇ ਪਹੁੰਚੇ ਸਨ। ਉਨ੍ਹਾਂ ਲਈ ਅਤੇ ਉਨ੍ਹਾਂ ਦੀ ਬੇਟੀ ਪੋਨੰਗ ਡੋਮਿੰਗ ਲਈ ਇਹ ਬਹੁਤ ਵੀ ਭਾਵਕ ਪਲ ਸੀ। ਇਹ ਮੌਕਾ ਅਰੁਣਾਚਲ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬੀ ਦੇ ਝੰਡੇ ਗੱਡਣ ਵਾਲੀਆਂ ਮਹਿਲਾਵਾਂ ਦੇ ਇਤਿਹਾਸ ਵਿੱਚ ਦਰਜ ਹੋਏਗਾ। ਉੱਥੇ ਹੀ ਮੌਕਾ ਉਦੋਂ ਵੀ ਯਾਦ ਕੀਤਾ ਜਾਏਗਾ, ਜਦੋਂ ਇਸ ਸੂਬੇ ਵਿੱਚ ਫੌਜ ਵਿੱਚ ਮਹਿਲਾਵਾਂ ਦਾ ਇਤਿਹਾਸ ਲਿੱਖਿਆ ਜਾਏਗਾ।

ਇਸ ਮੌਕੇ ਤੇ ਜੀਵਨ ਦੇ ਮੁਸ਼ਕਿਲ ਸਮੇਂ ਨੂੰ ਯਾਦ ਕਰਦਿਆਂ ਪੋਨੰਗ ਨੇ ਕਿਹਾ ਕਿ ਐਨੀ ਦੂਰ ਤੋਂ ਸਫ਼ਰ ਕਰਕੇ ਮੇਰੇ ਮਾਤਾ ਪਿਤਾ ਮੇਰੀ ਤਰੱਕੀ ਨੂੰ ਦੇਖਣ ਆਏ ਹਨ ਅਤੇ ਇਸਤੋਂ ਮੈਂ ਤਾਂ ਬਹੁਤ ਖੁਸ਼ ਤਾਂ ਹੀ ਹਾਂ, ਇਹ ਮੇਰੇ ਲਈ ਮਾਣ ਕਰਨ ਦਾ ਵੀ ਮੌਕਾ ਹੈ। ਉਨ੍ਹਾਂ ਮੁੱਖ ਮੰਤਰੀ ਪੇਮਾ ਖਾਂਡੂ ਦੇ ਵਧਾਈ ਵਾਲੇ ਟਵੀਟ ‘ਤੇ ਵੀ ਖੁਸ਼ੀ ਜਾਹਿਰ ਕੀਤੀ ਅਤੇ ਇਸਨੂੰ ਆਪਣੇ ਲਈ ਉਤਸਾਹ ਵਧਾਉਣ ਵਾਲਾ ਕਰਾਰ ਦਿੱਤਾ।

ਲੈਫਟੀਨੈਂਟ ਕਰਨਲ ਪੋਨੰਗ ਡੋਮਿੰਗ ਦੀ ਮਾਂ ਜਿੰਮੀ ਡੈ ਡੋਮਿੰਗ ਜੰਗਲਾਤ ਮਹਿਕਮੇ ਵਿੱਚ ਕੰਮ ਕਰਦੀ ਹੈ ਅਤੇ ਆਦਿ ਬਾਨੇ ਕੇਬਾਂਗ ਮਹਿਲਾ ਸੈੱਲ ਦੀ ਕਾਰਜਕਰਤਾ ਦੀ ਹੈਸੀਅਤ ਨਾਲ ਸਮਾਜ ਸੇਵਾ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਬੇਟੀ ਦੀ ਤਰੱਕੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।