ਭਾਰਤੀ ਸੈਨਾ ਵਿੱਚ ਬ੍ਰਿਗੇਡੀਅਰ ਦੇ ਰੈਂਕ ਤੋਂ ਉੱਪਰ ਦੇ ਅਧਿਕਾਰੀ ਯਾਨੀ ਮੇਜਰ ਜਨਰਲ ਅਤੇ ਲੈਫਟੀਨੈਂਟ ਜਨਰਲ ਤੋਂ ਲੈ ਕੇ ਆਰਮੀ ਸਟਾਫ਼ ਦੇ ਮੁਖੀ ਤੱਕ ਦੇ ਅਧਿਕਾਰੀ ਹੁਣ ਇੱਕੋ ਜਿਹੀ ਵਰਦੀ ਪਹਿਨਣਗੇ। ਉਨ੍ਹਾਂ ਦੇ ਬੈਚ ਅਤੇ ਰੈਂਕ ਦੀ ਪਛਾਣ ਕਰਨ ਲਈ ਚਿੰਨ੍ਹ ਰੈਂਕ ਦੇ ਅਨੁਸਾਰ ਹੋਣਗੇ ਪਰ ਉਨ੍ਹਾਂ ਦੇ ਰੰਗ ਅਤੇ ਸਜਾਵਟ ਵਿੱਚ ਇਕਸਾਰਤਾ ਹੋਵੇਗੀ। ਉਹ ਆਪਣੀ ਵਰਦੀ ‘ਤੇ ਰੈਜੀਮੈਂਟ ਜਾਂ ਕੋਰ ਦੀ ਪਛਾਣ ਦਰਸਾਉਣ ਵਾਲਾ ਕੋਈ ਚਿੰਨ੍ਹ ਨਹੀਂ ਪਹਿਨਣਗੇ, ਜਿਸ ਵਿੱਚ ਉਨ੍ਹਾਂ ਦੀ ਟੋਪੀ ਵੀ ਸ਼ਾਮਲ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਫੌਜ ਵਿੱਚ ਅਧਿਕਾਰੀ ਬ੍ਰਿਗੇਡੀਅਰ ਜਾਂ ਇਸ ਤੋਂ ਉੱਚੇ ਅਹੁਦੇ ‘ਤੇ ਪਹੁੰਚਣ ਤੋਂ ਬਾਅਦ ਪ੍ਰਸ਼ਾਸਨਿਕ ਜਾਂ ਸੰਚਾਲਨ ਪੱਧਰ ‘ਤੇ ਵੱਖ-ਵੱਖ ਰੈਜੀਮੈਂਟਾਂ ਅਤੇ ਕੋਰ ਦੇ ਸੈਨਿਕਾਂ ਦੇ ਮਿਸ਼ਰਣ ਨੂੰ ਕੰਟ੍ਰੋਲ ਕਰਦੇ ਹਨ। ਉਹ ਫੌਜ ਦੇ ਕਿਸੇ ਇੱਕ ਹਿੱਸੇ ਦੀ ਪ੍ਰਤੀਨਿਧਤਾ ਨਹੀਂ ਕਰਦੇ।
ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਵਰਦੀ ਨਾਲ ਸਬੰਧਿਤ ਇਹ ਫੈਸਲਾ ਹਾਲ ਹੀ ਵਿੱਚ ਕਮਾਂਡਰ ਪੱਧਰ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਹੁਣ 1 ਅਗਸਤ ਤੋਂ ਵਰਦੀ ਦੇ ਨਵੇਂ ਨਿਯਮ ਲਾਗੂ ਹੋਣਗੇ। ਹਾਲਾਂਕਿ, ਕੁਝ ਦਹਾਕੇ ਪਹਿਲਾਂ ਤੱਕ, ਅਜਿਹਾ ਹੀ ਅਭਿਆਸ ਫੌਜ ਵਿੱਚ ਹੁੰਦਾ ਸੀ। ਜਦੋਂ ਪਹਿਲੀ ਰੈਜੀਮੈਂਟਲ ਸਰਵਿਸ ਵਿੱਚ ਲੈਫਟੀਨੈਂਟ ਕਰਨਲ ਦੇ ਰੈਂਕ ਤੱਕ ਦੇ ਅਧਿਕਾਰੀ ਹੁੰਦੇ ਸਨ ਤਾਂ ਲੈਫਟੀਨੈਂਟ ਕਰਨਲ ਦੇ ਰੈਂਕ ਤੱਕ ਟੋਪੀ ਜਾਂ ਹੋਰ ਕੋਰ ਨਾਲ ਸਬੰਧਿਤ ਚਿੰਨ੍ਹ ਪਹਿਨੇ ਜਾਂਦੇ ਸਨ, ਪਰ ਫਿਰ ਰੈਜੀਮੈਂਟਲ ਸਰਵਿਸ ਵਿੱਚ ਕਰਨਲ ਰੈਂਕ ਦੇ ਅਧਿਕਾਰੀ ਹੀ ਰਹਿਣ ਲੱਗ ਪਏ। ਫਿਰ ਵਰਦੀ ਦਾ ਇਹ ਨਿਯਮ ਕਰਨਲ ਦੇ ਰੈਂਕ ਤੱਕ ਲਾਗੂ ਸੀ।
ਹੁਣ ਬ੍ਰਿਗੇਡੀਅਰ ਰੈਂਕ ਤੋਂ ਉਪਰਲੇ ਅਧਿਕਾਰੀ ਇੱਕੋ ਰੰਗ ਦੇ ਬੈਰੇ ਕੈਪ (berets caps) ਪਹਿਨਣਗੇ, ਉਨ੍ਹਾਂ ਦੀ ਕਮਰ ‘ਤੇ ਬੰਨ੍ਹੀ ਬੈਲਟ ਬਕਲ ਵੀ ਉਹੀ ਹੋਵੇਗੀ ਅਤੇ ਜੁੱਤੀਆਂ ਵਿੱਚ ਵੀ ਇਕਸਾਰਤਾ ਹੋਵੇਗੀ।
ਇਸ ਸਮੇਂ ਭਾਰਤੀ ਫੌਜ ਦੇ ਅਫਸਰਾਂ ਦੀ ਵਰਦੀ ‘ਤੇ ਕਈ ਅਜਿਹੇ ਚਿੰਨ੍ਹ ਹਨ, ਜੋ ਇਹ ਦਰਸਾਉਂਦੇ ਹਨ ਕਿ ਉਹ ਕਿਸ ਰੈਜੀਮੈਂਟ ਜਾਂ ਕੋਰ ਦੇ ਹਨ। ਉਦਾਹਰਣ ਵਜੋਂ, ਗੋਰਖਾ ਰੈਜੀਮੈਂਟ ਨਾਲ ਸਬੰਧਿਤ ਅਧਿਕਾਰੀ ਕਈ ਵਾਰ ਟੋਪੀਆਂ ਪਹਿਨਦੇ ਹਨ। ਫੌਜ ਮੁਖੀ ਅਤੇ ਫਿਰ ਭਾਰਤ ਦੇ ਪਹਿਲੇ ਸੀਡੀਐੱਸ ਬਣੇ ਜਨਰਲ ਬਿਪਿਨ ਰਾਵਤ ਦੀਆਂ ਕਈ ਤਸਵੀਰਾਂ ਹਨ, ਜਿਨ੍ਹਾਂ ਵਿੱਚ ਉਹ ਟੋਪੀ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਤੋਂ ਪਹਿਲਾਂ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਵੀ ਇਸੇ ਰੈਜੀਮੈਂਟ ਦੇ ਸਨ। ਉਹ ਕਈ ਰਵਾਇਤੀ ਮੌਕਿਆਂ ‘ਤੇ ਟੋਪੀਆਂ ਵੀ ਪਹਿਨਦੇ ਸਨ। ਇਸ ਨੂੰ ਤਰਾਈ ਟੋਪੀ ਵੀ ਕਿਹਾ ਜਾਂਦਾ ਹੈ। ਆਮ ਗਰਦਨ ਦਾ ਸਕਾਰਫ਼ ਵੀ ਇਸੇ ਤਰ੍ਹਾਂ ਦਾ ਹੋਵੇਗਾ।
ਕੁਝ ਹੋਰ ਉਦਾਹਰਣਾਂ ਵੀ ਹਨ, ਜਿਵੇਂ ਕਿ ਮੌਜੂਦਾ ਸਮੇਂ ਦਰਮਿਆਨ ਪੈਦਲ ਸੈਨਾ ਦੇ ਅਧਿਕਾਰੀ ਜਾਂ ਮਿਲਟਰੀ ਇੰਟੈਲੀਜੈਂਸ ਦੇ ਅਧਿਕਾਰੀ ਗੂੜ੍ਹੇ ਹਰੇ ਰੰਗ ਦੇ ਬੈਰੇ ਪਹਿਨਦੇ ਹਨ ਜਦੋਂ ਕਿ ਆਰਮਡ ਕੋਰ ਦੇ ਅਧਿਕਾਰੀ ਕਾਲੇ ਰੰਗ ਦੇ ਬੈਰੇ ਪਹਿਨਦੇ ਹਨ। ਇਸੇ ਤਰ੍ਹਾਂ ਪੈਰਾਸ਼ੂਟ ਰੈਜੀਮੈਂਟ ਦੇ ਅਧਿਕਾਰੀ ਮੈਰੂਨ ਬੈਰੇ ਪਹਿਨਦੇ ਹਨ ਜਦੋਂ ਕਿ ਆਰਮੀ ਏਵੀਏਸ਼ਨ ਕੋਰ ਦੇ ਅਧਿਕਾਰੀ ਸਲੇਟੀ ਰੰਗ ਦੀ ਬੇਰੇ ਪਹਿਨਦੇ ਹਨ। ਉਨ੍ਹਾਂ ਦੀ ਬੈਲਟ ‘ਤੇ ਉਨ੍ਹਾਂ ਦੀ ਰੈਜੀਮੈਂਟ ਦਾ ਨਿਸ਼ਾਨ ਵੀ ਹੈ। ਮੋਢੇ ਤੋਂ ਲੈ ਕੇ ਕਮੀਜ਼ ਦੀ ਜੇਬ੍ਹ ਤੱਕ ਲਟਕਣ ਵਾਲੀ ਡੋਰੀ ਦਾ ਰੰਗ ਅਤੇ ਇਸ ਨੂੰ ਲਟਕਾਉਣ ਦਾ ਅੰਦਾਜ਼ ਵੀ ਵੱਖਰਾ ਹੈ। ਕਿਸੇ ਦੀ ਡੋਰੀ ਸੱਜੇ ਮੋਢੇ ਤੋਂ ਲੈ ਕੇ ਖੱਬੀ ਜੇਬ੍ਹ ਤੱਕ ਕ੍ਰਾਸ ਵਾਈਜ਼ ਪਹਿਨੀ ਜਾਂਦੀ ਹੈ। ਮੋਢੇ ‘ਤੇ ਬੈਜ ਵੀ ਵੱਖ-ਵੱਖ ਰੰਗਾਂ ਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਨਵੀਂ ਵਰਦੀ ਹੇਠਲੇ ਰੈਂਕ ਦੇ ਮੁਲਾਜ਼ਮਾਂ ਵਿੱਚ ਸੀਨੀਅਰ ਅਧਿਕਾਰੀ ਦੀ ਨਿਰਪੱਖਤਾ ਅਤੇ ਗੈਰ-ਭੇਦਭਾਵ ਦੀ ਤਸਵੀਰ ਬਣਾਉਣ ਵਿੱਚ ਪ੍ਰਭਾਵਸ਼ਾਲੀ ਹੋਵੇਗੀ।